ਹੰਸ ਰਾਜ ਹੰਸ ਨੇ ਸ਼ਾਇਰਾਨਾ ਅੰਦਾਜ਼ ’ਚ ਨਸ਼ੇ ਤੇ ਸਫਾਈ ਮੁਲਾਜ਼ਮਾਂ ਬਾਰੇ ਲੋਕ ਸਭਾ ’ਚ ਉਠਾਏ ਮੁੱਦੇ

7/4/2019 9:28:57 AM

ਨਵੀਂ ਦਿੱਲੀ(ਭਾਸ਼ਾ)- ਭਾਰਤੀ ਜਨਤਾ ਪਾਰਟੀ ਦੇ ਐੱਮ.ਪੀ. ਹੰਸ ਰਾਜ ਹੰਸ ਨੇ ਬੁੱਧਵਾਰ ਲੋਕ ਸਭਾ ’ਚ ਸ਼ਾਇਰਾਨਾ ਅੰਦਾਜ਼ ’ਚ ਆਪਣੀ ਗੱਲ ਰੱਖਦੇ ਹੋਏ ਨੌਜਵਾਨਾਂ ਦੇ ਨਸ਼ੇ ਦੀ ਲਪੇਟ ’ਚ ਆਉਣ ਅਤੇ ਸੀਵਰ ’ਚ ਕੰਮ ਕਰਦੇ ਸਮੇਂ ਸਫਾਈ ਮੁਲਾਜ਼ਮਾਂ ਦੀ ਮੌਤ ਦੇ ਮੁੱਦੇ ਉਠਾਏ। ਕਾਂਗਰਸ ਦੇ ਚੋਟੀ ਦੇ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਨੇ ਵੀ ਮੇਜ਼ ਥਪਥਪਾਏ। ਲੋਕ ਸਭਾ ’ਚ ਸਿਫਰ ਕਾਲ ਦੌਰਾਨ ਹੰਸ ਰਾਜ ਹੰਸ ਨੇ ਪਹਿਲੀ ਵਾਰ ਹਾਊਸ ’ਚ ਆਪਣੀ ਗੱਲ ਰੱਖੀ। ਉਨ੍ਹਾਂ ਸੂਫੀਵਾਦ, ਪੰਜਾਬ ਅਤੇ ਦਿੱਲੀ ’ਚ ਨੌਜਵਾਨਾਂ ਦੇ ਨਸ਼ਿਆਂ ਦੀ ਲਪੇਟ ’ਚ ਆਉਣ ਅਤੇ ਸਫਾਈ ਮੁਲਾਜ਼ਮਾਂ ਦੀ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੂਰੇ ਹਾਊਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਵੱਡੇ ਸੂਫੀ ਸੰਤਾਂ ਦੀ ਧਰਤੀ ਹੈ। ਪਹਿਲਾਂ ਅੱਤਵਾਦ ਨੇ ਇਸ ਨੂੰ ਨੁਕਸਾਨ ਪਹੁੰਚਾਇਆ ਅਤੇ ਹੁਣ ਨਸ਼ਾ ਇਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਹੰਸ ਨੇ ਕਿਹਾ ਕਿ ਦਿੱਲੀ ’ਚ ਨੌਜਵਾਨ ਨਸ਼ਿਆਂ ਦੀ ਲਪੇਟ ’ਚ ਆ ਰਹੇ ਹਨ। ਸਾਡੇ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਚਾਇਆ ਜਾਏ। ਸੀਵਰ ਦੀ ਸਫਾਈ ਦੌਰਾਨ ਸਫਾਈ ਮੁਲਾਜ਼ਮਾਂ ਦੀ ਮੌਤ ਹੋ ਜਾਂਦੀ ਹੈ। ਕੋਈ ਇਸ ਵੱਲ ਧਿਆਨ ਨਹੀਂ ਦਿੰਦਾ। ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦਾ ਫਿਕਰ ਕੀਤਾ ਹੈ। ਉਨ੍ਹਾਂ ਆਪਣੇ ਸ਼ਾਇਰਾਨਾ ਅੰਦਾਜ਼ ’ਚ ਕਿਹਾ, ‘ਜ਼ਿੰਦਗੀ ਦੀ ਹੈ ਤੋ ਜੀਨੇ ਕਾ ਹੁਨਰ ਭੀ ਦੇਨਾ, ਪਾਂਵ ਬਖਸ਼ੇ ਹੈ ਤੌਫੀਕੇ ਸਫਰ ਭੀ ਦੇਨਾ। ਗੁਫਤਗੂ ਤੂਨੇ ਸਿਖਾਈ ਹੈ ਕਿ ਮੈਂ ਗੂੰਗਾ ਥਾ, ਆਜ ਮੈਂ ਬੋਲੂੰਗਾ ਤੋ ਬਾਤੋਂ ਮੇ ਅਸਰ ਭੀ ਦੇਨਾ’।


ਉਨ੍ਹਾਂ ਕਿਹਾ ਕਿ ਇਕ ਦਿਨ ਸਭ ਨੇ ਇਸ ਦੁਨੀਆ ਤੋਂ ਚਲੇ ਜਾਣਾ ਹੈ। ਜਾਤੀ, ਧਰਮ ਅਤੇ ਪੈਸਾ ਸਭ ਕੁਝ ਇਥੇ ਹੀ ਰਹਿ ਜਾਏਗਾ। ਹੰੰਸ ਨੇ ਕਿਹਾ ਕਿ ਪੰਜਾਬ ’ਚ ਮੇਰਾ ਜਨਮ ਹੋਇਆ ਹੈ। ਪੰਜਾਬ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਥੇ ਕਿਸੇ ਨੂੰ ਮਾਰ ਕੇ ਦਬਾ ਦਿਓ ਤਾਂ ਵੀ ਉਹ ਜ਼ਿੰਦਾ ਹੋ ਜਾਂਦਾ ਸੀ ਪਰ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ। ਉਨ੍ਹਾਂ ਗਰੀਬਾਂ ਦੀ ਸਮੱਸਿਆ ਨੂੰ ਇਕ ਕਵਿਤਾ ਰਾਹੀਂ ਪੇਸ਼ ਕੀਤਾ ਅਤੇ ਕਿਹਾ, ‘ਚਿਹਰਾ ਬਤਾ ਰਹਾ ਥਾ ਕਿ ਮਰਾ ਹੈ ਭੂਖ ਸੇ, ਸਭ ਲੋਗ ਕਹਿ ਰਹੇ ਥੇ ਕਿ ਕੁਛ ਖਾ ਕੇ ਮਰ ਗਯਾ’

ਆਪਣਾ ਭਾਸ਼ਣ ਖਤਮ ਕਰਨ ਪਿੱਛੋਂ ਹੰਸ ਰਾਜ ਹੰਸ ਨੇ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਲਾਇਆ, ਜਿਸ ’ਤੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਤੁਸੀਂ ਨਵੇਂ ਮੈਂਬਰ ਹੋ, ਹਾਊਸ ’ਚ ਇਸ ਤਰ੍ਹਾਂ ਦੇ ਨਾਅਰੇ ਨਹੀਂ ਲਾ ਸਕਦੇ। ਹੰਸ ਦੇ ਭਾਸ਼ਣ ਦੇ ਖਤਮ ਹੋਣ ਪਿੱਛੋਂ ਸੱਤਾ ਧਿਰ ਦੇ ਮੈਂਬਰਾਂ ਦੇ ਨਾਲ ਹੀ ਸੋਨੀਆ ਤੇ ਰਾਹੁਲ ਸਮੇਤ ਵਿਰੋਧੀ ਧਿਰ ਦੇ ਮੈਂਬਰਾਂ ਨੇ ਵੀ ਮੇਜ਼ ਥਪਥਪਾਏ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News