ਹੰਸ ਰਾਜ ਹੰਸ ਦੇ ਮਾਤਾ ਜੀ ਨੂੰ ਨਾਮੀਂ ਸਖਸ਼ੀਅਤਾਂ ਵੱਲੋਂ ਦਿੱਤੀ ਗਈ ਸ਼ਰਧਾਂਜਲੀ

12/16/2019 10:55:34 AM

ਜਲੰਧਰ (ਮਹੇਸ਼)— ਨਵੀਂ ਦਿੱਲੀ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਅਤੇ ਰਾਜ ਗਾਇਕ ਹੰਸ ਰਾਜ ਹੰਸ ਦੇ ਸਤਿਕਾਰਯੋਗ ਮਾਤਾ ਅਜੀਤ ਕੌਰ (ਬੀਬੀ ਜੀ) ਧਰਮ ਪਤਨੀ ਸਵ. ਸ. ਅਰਜੁਨ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਸੰਪੰਨ ਹੋਇਆ। ਇਸ ਮੌਕੇ ਹਿੰਦੋਸਤਾਨ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸਰਦਾਰਨੀ ਅਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਉਨ੍ਹਾਂ ਦੇ ਸਪੁੱਤਰ ਹੰਸ ਰਾਜ ਹੰਸ ਨਾਲ ਦੁੱਖ ਪ੍ਰਗਟ ਕੀਤਾ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ, ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਸਮੇਤ ਕੇਂਦਰ ਤੋਂ ਭਾਜਪਾ ਦੀ ਹੋਰ ਸੀਨੀਅਰ ਲੀਡਰਸ਼ਿਪ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਵੀ ਪੜ੍ਹ ਕੇ ਸੁਣਾਏ ਗਏ।
ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਸੰਤ ਨਿਰਮਲ ਦਾਸ ਡੇਰਾ ਬਾਬਾ ਜੋੜੇ ਰਾਏਪੁਰ ਰਸੂਲਪੁਰ ਸਮੇਤ ਅਨੇਕਾਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਹੰਸ ਰਾਜ ਹੰਸ ਨੇ ਮਾਂ-ਬਾਪ ਵਲੋਂ ਕੀਤੇ ਗਏ ਸੰਘਰਸ਼ ਅਤੇ ਉਨ੍ਹਾਂ ਦੀਆਂ ਅਸੀਸਾਂ ਨਾਲ ਹੀ ਉੱਚ ਮੁਕਾਮ ਹਾਸਿਲ ਕੀਤਾ। ਉਨ੍ਹਾਂ ਨੇ ਮਾਂ-ਬਾਪ ਦੀ ਮਹੱਤਤਾ ਅਤੇ ਉਨ੍ਹਾਂ ਦੀਆਂ ਅਸੀਸਾਂ ਦੀਆਂ ਬਰਕਤਾਂ ਬਾਰੇ ਵੀ ਵਿਚਾਰ ਪ੍ਰਗਟ ਕੀਤੇ। ਹੰਸ ਦੇ ਨਜ਼ਦੀਕੀ ਰਿਸ਼ਤੇਦਾਰ ਮਸ਼ਹੂਰ ਗਾਇਕ ਦਲੇਰ ਮਹਿੰਦੀ ਵਲੋਂ ਉਨ੍ਹਾਂ ਦੇ ਛੋਟੇ ਭਰਾ ਮੀਕਾ ਸਿੰਘ ਨੇ ਵੀ ਮਾਂ ਦੀ ਮਹਤੱਤਾ ਦਾ ਜ਼ਿਕਰ ਕਰਦਿਆਂ ਹੰਸ ਰਾਜ ਹੰਸ ਦੇ ਪਰਿਵਾਰ ਲਈ ਮਾਤਾ ਅਜੀਤ ਕੌਰ ਦੇ ਵਿਛੋੜੇ ਨੂੰ ਵੱਡਾ ਘਾਟਾ ਦੱਸਿਆ।

ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਹੰਸ ਰਾਜ ਹੰਸ ਵਲੋਂ ਗਾਇਕੀ ਰਾਹੀਂ ਸਿੱਖ ਸੰਘਰਸ਼ ਵਿਚ ਪਾਏ ਗਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਗਾਏ ਗੀਤ ਪੱਤਾ-ਪੱਤਾ ਸਿੰਘਾਂ ਦਾ ਵੈਰੀ ਦੌਰਾਨ ਪੁਲਸ ਦੇ ਤਸ਼ੱਦਦ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਹ ਉਸ ਵੇਲੇ ਵੀ ਸੱਚਾਈ ਦੇ ਰਸਤਿਆਂ 'ਤੇ ਚੱਲਦਿਆਂ ਅਡੋਲ ਰਹੇ। ਜ਼ਿਲਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਵਿਧਾਇਕ ਰਜਿੰਦਰ ਬੇਰੀ, ਰਿਟਾ. ਡੀ. ਜੀ. ਪੀ. ਡੀ. ਆਰ. ਭੱਟੀ, ਵਿਧਾਇਕ ਅਸ਼ਵਨੀ ਕੁਮਾਰ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਭਾਈ ਮੋਹਕਮ ਸਿੰਘ, ਭਾਈ ਮਨਜੀਤ ਸਿੰਘ, ਕੇ. ਡੀ. ਭੰਡਾਰੀ, ਸੰਨੀ ਸ਼ਰਮਾ, ਰਮਨ ਪੱਬੀ, ਅਮਰਜੀਤ ਸਿੰਘ ਅਮਰੀ ਆਦਿ ਤੋਂ ਇਲਾਵਾ ਗਾਇਕਾਂ ਵਿਚ ਗੋਲਡਨ ਸਟਾਰ ਮਲਕੀਤ ਸਿੰਘ, ਕਾਮੇਡੀ ਕਿੰਗ ਗੁਰਪ੍ਰੀਤ ਸਿੰਘ ਘੁੱਗੀ, ਕਮਲ ਹੀਰ, ਪੰਮੀ ਬਾਈ, ਫਿਰੋਜ਼ ਖਾਨ, ਪੂਰਨ ਸ਼ਾਹ ਕੋਟੀ ਮੁੱਖ ਤੌਰ 'ਤੇ ਪੁੱਜੇ ਹੋਏ ਸਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News