IFFI 2019 : ਫਿਲਮੀ ਮੇਲੇ ''ਚ ਹਿੰਦੀ ਦੇ ਨਾਲ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਵੀ ਸ਼ਾਮਲ

11/25/2019 8:51:42 AM

ਗੋਆ (ਕੁਲਦੀਪ ਸਿੰਘ ਬੇਦੀ) — ਇੱਥੇ ਪਾਨਾ ਜੀ ਵਿਖੇ ਚੱਲ ਰਹੇ 50ਵੇਂ ਕੌਮਾਂਤਰੀ ਫਿਲਮ ਮੇਲੇ ਦਾ ਅੱਜ ਪੰਜਵਾਂ ਦਿਨ ਵੀ ਖੂਬ ਹੰਗਾਮੇ ਭਰਪੂਰ ਰਿਹਾ। ਹਿੰਦੀ ਫਿਲਮਾਂ ਦੀ ਬਹੁਤ ਥੋੜ੍ਹੇ ਸਮੇਂ ਅੰਦਰ ਸਥਾਪਤ ਹੋ ਗਈ ਅਭਿਨੇਤਰੀ ਤਾਪਸੀ ਪਨੂੰ ਅੱਜ ਡੈਲੀਗੇਟਾਂ ਦੇ ਰੂ-ਬਰੂ ਹੋਈ ਅਤੇ ਉਸ ਨੇ ਆਪਣੇ ਫਿਲਮੀ ਸਫਰ ਦੇ ਆਗਾਜ਼ ਬਾਰੇ ਦੱਸਿਆ। ਪ੍ਰਸ਼ਨ-ਉੱਤਰ ਕਾਲ 'ਚ ਬਹੁਤ ਸਾਰੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਉਸ ਨੇ ਆਖਿਆ ਕਿ ਹੁਣ ਸ਼ਕਤੀਸ਼ਾਲੀ ਵਿਸ਼ਿਆਂ 'ਤੇ ਫਿਲਮਾਂ ਬਣਨ ਲੱਗੀਆਂ ਹਨ। ਹਾਸ਼ੀਏ 'ਤੇ ਚਲੀ ਗਈ ਔਰਤ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਵਾਲੀਆਂ ਫਿਲਮਾਂ ਬਣ ਰਹੀਆਂ ਹਨ। ਤਾਪਸੀ ਨੇ ਇਹ ਵੀ ਕਿਹਾ ਕਿ ਹੁਣ ਨਾਇਕ ਦੀ ਬਹਾਦਰੀ ਦੇ ਕਿੱਸੇ ਨਹੀਂ ਦਿਖਾਏ ਜਾਂਦੇ ਸਗੋਂ ਸਮਾਜ 'ਚ ਵਿਚਰ ਰਹੇ ਆਮ ਇਨਸਾਮ ਵਾਂਗ ਉਸ ਨੂੰ ਦਿਖਾਇਆ ਜਾਂਦਾ ਹੈ।

ਫਿਲਮੀ ਮੇਲੇ 'ਚ ਵਿਖਾਇਆਂ ਜਾ ਰਹੀਆਂ 200 ਤੋਂ ਵੱਧ ਫਿਲਮਾਂ 'ਚ ਬੇਸ਼ੱਕ ਵੱਡੀ ਖਿੱਚ ਵਿਦੇਸ਼ੀ ਫਿਲਮਾਂ ਪ੍ਰਤੀ ਹੈ, ਫਿਰ ਵੀ ਭਾਰਤੀ ਫਿਲਮਾਂ ਦੇਖਣ ਕਈ ਦਰਸ਼ਕ ਬੜੇ ਉਤਸੁਕ ਦਿਖਾਈ ਦਿੱਤੇ। ਹਿੰਦੀ 'ਚ ਵੀ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਬਣਦੀਆਂ ਹਨ, ਜੋ ਸਕਰੀਨਾਂ 'ਤੇ ਨਹੀਂ ਦਿਖਾਈਆਂ ਜਾਂਦੀਆਂ ਜਾਂ ਇਨ੍ਹਾਂ ਨੂੰ ਰਿਲੀਜ਼ ਕਰਨ ਦਾ ਕੋਈ ਵੀ ਰਿਸਕ ਨਹੀਂ ਲੈਂਦਾ। ਫਿਰ ਇਨ੍ਹਾਂ ਫਿਲਮਾਂ ਨੂੰ ਫਿਲਮੀ ਮੇਲਿਆਂ 'ਚ ਦਿਖਾਇਆ ਜਾਂਦਾ ਹੈ ਅਤੇ ਇਹ ਫਿਲਮਾਂ ਭਰਪੂਰ ਪ੍ਰਸ਼ੰਸਾ ਖੱਟਦੀਆਂ ਹਨ। ਹਿੰਦੀ ਦੀ 80 ਮਿੰਟ ਦੀ ਇਕ ਫਿਲਮ 'ਬਹੱਤਰ ਹੂਰੇਂ' ਇਸ ਫਿਲਮੀ ਮੇਲੇ 'ਚ ਦੇਖਣ ਨੂੰ ਮਿਲੀ, ਜੋ ਇਨਸਾਨ ਨੂੰ ਭਰਮ-ਭੁਲੇਖਿਆਂ 'ਚੋਂ ਕੱਢ ਕੇ ਅਸਲੀਅਤ ਨਾਲ ਜੋੜਦੀ ਹੈ।

'ਬਹੱਤਰ ਹੂਰੇਂ' ਫਿਲਮ 'ਚ ਦਰਸਾਇਆ ਗਿਆ ਹੈ ਕਿ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪ 'ਚ ਟ੍ਰੇਨਿੰਗ ਦੌਰਾਨ ਇਹ ਲਾਲਚ ਦਿੱਤਾ ਜਾਂਦਾ ਹੈ ਕਿ ਜੇ ਉਹ ਆਪਣੀ ਜ਼ਿੰਦਗੀ ਅੱਲ੍ਹਾ ਦੇ ਨਾਂ 'ਤੇ ਕੁਰਬਾਨ ਕਰ ਦੇਣਗੇ ਤਾਂ ਉਨ੍ਹਾਂ ਨੂੰ ਜੰਨਤ 'ਚ 72 ਹੂਰਾਂ ਮਿਲਣਗੀਆਂ। ਮੁੰਬਈ 'ਚ ਇਕ ਅੱਤਵਾਦੀ ਹਮਲਾ ਕਰਨ ਪਿੱਛੋਂ ਹਾਕਿਮ ਅਤੇ ਬਿਲਾਲ ਹੈਰਾਨ ਰਹਿ ਜਾਂਦੇ ਹਨ, ਜਦੋਂ ਉਹ ਖੂਬਸੂਰਤ ਹੂਰਾਂ ਦੀਆਂ ਬਾਂਹਾਂ 'ਚ ਜਾਣ ਦੀ ਬਜਾਏ ਹਸਪਤਾਲ 'ਚ ਪਏ ਹੁੰਦੇ ਹਨ, ਜਿਥੇ ਉਨ੍ਹਾਂ ਦਾ ਭੂਤ ਉਨ੍ਹਾਂ ਦੇ ਸਰੀਰ ਦੀ ਚੀਰ-ਫਾੜ ਹੁੰਦੇ ਦੇਖ ਰਿਹਾ ਹੁੰਦਾ ਹੈ। 'ਬਹੱਤਰ ਹੂਰੇਂ' ਇਕ ਡਾਕਟਰ ਕਾਮੇਡੀ ਫਿਲਮ ਹੈ, ਜੋ ਹਿੰਸਕ ਚਰਮਪੰਥ ਦੀ ਹਕੀਕਤ ਦੀ ਸ਼ਨਾਖਤ ਕਰਦੀ ਹੈ ਅਤੇ ਉਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਹਰ ਇਨਸਾਨੀ ਜ਼ਿੰਦਗੀ ਨੂੰ ਆਦਰ ਅਤੇ ਸਤਿਕਾਰ ਮਿਲਣਾ ਚਾਹੀਦਾ ਹੈ।

ਇਸ ਫਿਲਮੀ ਮੇਲੇ 'ਚ ਖੇਤਰੀ ਫਿਲਮਾਂ (ਭਾਰਤੀ ਪੈਨੋਰਮਾ) ਜੋ ਦਿਖਾਈਆਂ ਜਾ ਰਹੀਆਂ ਹਨ ਉਨ੍ਹਾਂ 'ਚ ਸਭ ਤੋਂ ਵਧੇਰੇ ਫਿਲਮਾਂ ਸਾਊਥ ਦੀਆਂ ਹਨ। ਇਨ੍ਹਾਂ 'ਚ 'ਆਨੰਦ ਗੋਪਾਲ' ਅਤੇ 'ਭੋਗਾਂ' (ਲਾਊਡ ਸਪੀਕਰ) (ਮਰਾਠੀ) 62- ਫਨ ਐਂਡ ਫਰਸਟ੍ਰੇਸ਼ਨ (ਤੇਲਗੂ), ਹੈਲਾਰੇ (ਗੁਜਰਾਤੀ), ਹਾਊਸ ਆਨਰ (ਤਾਮਿਲ), ਜੱਲੀ ਕੱਟੂ (ਮਲਿਆਲਮ), ਰੰਗ ਨਾਇਕੀ (ਕੰਨੜ) ਆਦਿ ਫਿਲਮਾਂ ਸ਼ਾਮਲ ਹਨ ਪਰ ਅਫਸੋਸ ਦੀ ਗੱਲ ਹੈ ਕਿ ਭਰਪੂਰ ਗਿਣਤੀ 'ਚ ਬਣਦੀਆਂ ਪੰਜਾਬੀ ਫਿਲਮਾਂ 'ਚ ਇਕ ਵੀ ਫਿਲਮ ਇਸ ਫਿਲਮੀ ਮੇਲੇ 'ਚ ਦਿਖਾਈ ਨਹੀਂ ਜਾ ਰਹੀ। ਹਾਂ, 'ਨਾਨਕ ਨਾਮ ਜਹਾਜ਼' ਵੀ ਸਿਰਫ ਇਸ ਕਰਕੇ ਦਿਖਾਈ ਜਾ ਰਹੀ ਹੈ ਕਿਉਂਕਿ ਉਹ 50 ਸਾਲ ਪੂਰੇ ਕਰਨ ਵਾਲੀਆਂ ਐਵਾਰਡ ਜੇਤੂ ਫਿਲਮਾਂ ਦੀ ਸੂਚੀ 'ਚ ਸ਼ਾਮਲ ਹੈ। ਕੰਨੜ ਭਾਸ਼ਾ 'ਚ ਬਣੀ ਫਿਰ ਫਿਲਮ 'ਰੰਗਨਾਇਕੀ' ਦਾ ਜ਼ਿਕਰ ਕਰਨਾ ਬਣਦਾ ਹੈ। ਰੰਗ ਨਾਇਕੀ ਨਾਂ ਦੀ ਇਕ ਮੁਟਿਆਰ ਬੈਂਗਲੁਰੂ ਦੇ ਇਕ ਸਕੂਲ 'ਚ ਸੰਗੀਤ ਦੀ ਅਧਿਆਪਕਾ ਹੈ। ਉਸ ਦਾ ਸਹਿ-ਕਰਮਚਾਰੀ ਮਾਧਵ ਨਾਲ ਪਿਆਰ ਹੋ ਜਾਂਦਾ ਹੈ। ਰੰਗਨਾਇਕੀ ਦੇ ਮਾਪੇ ਦਕੀਆ ਨੂਸੀ ਵਿਚਾਰਾਂ ਵਾਲੇ ਹੋਣ ਦੇ ਬਾਵਜੂਦ ਦੋਵਾਂ ਦੇ ਵਿਆਹ ਲਈ ਰਾਜ਼ੀ ਹੋ ਜਾਂਦੇ ਹਨ ਪਰ ਉਨ੍ਹਾਂ ਦਾ ਇਕ ਹੋਰ ਸਹਿ-ਕਰਮੀ ਕ੍ਰਿਸ਼ਨਾਮੂਰਤੀ ਹੈ ਜੋ ਚੁੱਪ-ਚੁਪੀਤਾ ਰੰਗ ਨਾਇਕੀ ਨਾਲ ਪਿਆਰ ਕਰਦਾ ਰਹਿੰਦਾ ਹੈ। ਇਸੇ ਦੌਰਾਨ ਸਕੂਲ ਦੇ ਕੁਝ ਨੌਜਵਾਨ ਇਕ ਲੜਕੇ ਦੇ ਜਨਮ ਦਿਨ ਦੀ ਪਾਰਟੀ 'ਚ ਇਕੱਠੇ ਹੋ ਜਾਂਦੇ ਹਨ। ਜਿਥੇ ਰੰਗਨਾਇਕੀ ਗੈਂਗਰੇਪ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਘਟਨਾ ਪਿਛੋਂ ਰੰਗਨਾਇਕੀ ਦਾ ਹੋਣ ਵਾਲਾ ਮਾਧਵ ਸੁੰਨ ਹੋ ਜਾਂਦਾ ਹੈ। ਦੂਜੇ ਪਾਸੇ ਰੰਗਨਾਇਕੀ ਨੂੰ ਅੰਦਰੋਂ-ਅੰਦਰੀ ਚਾਹੁਣ ਵਾਲੇ ਕ੍ਰਿਸ਼ਨਾਮੂਰਤੀ ਦਾ ਪਿਆਰ ਪਹਿਲਾਂ ਵਾਂਗ ਕਾਇਮ ਰਹਿੰਦਾ ਹੈ। ਫਿਲਮ ਦੇ ਨਿਰਦੇਸ਼ਕ ਨਿਰਮਲ ਪਦਮਨਾਗੁਨ ਹਨ ਅਤੇ ਫਿਲਮ ਦੀ ਫੋਟੋਗ੍ਰਾਫੀ ਕਮਾਲ ਦੀ ਹੈ, ਜੋ ਰਾਕੇਸ਼ ਬੀ. ਨੇ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News