ਸਪੀਡ ਰਿਕਾਰਡਸ ਦੇ ਐੱਮ. ਡੀ. ਦੇ ਨਾਂ ''ਤੇ ਹੋ ਰਹੀ ਹੈ ਠੱਗੀ, ਜਾਣੋ ਪੂਰਾ ਮਾਮਲਾ

11/20/2019 4:22:08 PM

ਮੁੰਬਈ(ਬਿਊਰੋ)- ਸਪੀਡ ਰਿਕਾ‌ਰਡਸ ਦੇ ਐੱਮ. ਡੀ. ਦਿਨੇਸ਼ ਔਲਖ ਦੇ ਨਾਂ ਦਾ ਇਸਤੇਮਾਲ ਕਰਕੇ ਠੱਗ ਮਹਿਲਾਵਾਂ ਨਾਲ ਧੋਖਾਧੜੀ ਕਰ ਰਹੇ ਹਨ। ਇਹ ਧੋਖਾ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ, ਜਿਸ ਵਿਚ ਕਦੇ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਗੁਰੁ ਰੰਧਾਵਾ ਦਾ ਮੇਕਅਪ ਕਰਨ ਦਾ ਝਾਂਸਾ ਦਿੱਤਾ ਜਾਂਦਾ ਹੈ ਤਾਂ ਕਦੇ ਮਹਿਲਾਵਾਂ ਨੂੰ ਪੰਜਾਬੀ ਗੀਤਾਂ ਵਿਚ ਮਾਡਲ ਦੇ ਰੂਪ ਵਿਚ ਲਾਂਚ ਕਰਨ ਦੀ ਗੱਲ ਕਹਿ ਕੇ ਪੈਸੇ ਵਸੂਲੇ ਜਾਂਦੇ ਹਨ। ਠੱਗੀ ਕਰਨ ਵਾਲੇ ਫੇਸਬੁੱਕ ਰਾਹੀਂ ਮੇਕਅਪ ਆਰਟਿਸਟ ਅਤੇ ਮਹਿਲਾਵਾਂ ਨੂੰ ਲੱਭ ਕੇ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ । ਹਾਲ ਹੀ ਵਿਚ ਇਕ ਮੇਕਅਪ ਆਰਟਿਸਟ ਨੇ ਫੇਸਬੁੱਕ ’ਤੇ ਬਣੇ ‘ਨੋਟਿਸ ਬੋਰਡ ਜਲੰਧਰ’ ਪੇਜ ’ਤੇ ਖੁਦ ਨੂੰ ਦਿਨੇਸ਼ ਔਲਖ ਦੱਸਣ ਵਾਲੇ ਨਾਲ ਵਟਸਐੱਪ ’ਤੇ ਹੋਈ ਚੈਟ ਨੂੰ ਸਾਰਵਜਨਿਕ ਕੀਤਾ ਤਾਂ ਪੂਰੇ ਮਾਮਲੇ ਦਾ ਪਰਦਾਫਾਸ਼ ਹੋਇਆ।

ਇੰਝ ਕਰਦਾ ਹੈ ਠੱਗੀ

ਸਪੀਡ ਰਿਕਾ‌ਰਡਸ ਦੇ ਐੱਮ. ਡੀ. ਦਿਨੇਸ਼ ਔਲਖ ਨੇ ਦੱਸਿਆ ਕਿ ਠੱਗ ਮੇਕਅਪ ਆਰਟਿਸਟ ਨੂੰ ਫੋਨ ਕਰਕੇ ਖੁਦ ਨੂੰ ਦਿਨੇਸ਼ ਔਲਖ ਦੱਸਦਾ ਹੈ ਅਤੇ ਉਨ੍ਹਾਂ ਨੂੰ ਨੇਹਾ ਕੱਕੜ ਅਤੇ ਗੁਰੁ ਰੰਧਾਵਾ ਦੇ ਮੇਕਅਪ ਦਾ ਕੰਮ ਦੇਣ ਦੀ ਗੱਲ ਕਹਿੰਦਾ ਹੈ। ਇਸ ਦੇ ਬਦਲੇ ਵਿਚ ਉਨ੍ਹਾਂ ਨੂੰ ਰੋਜ਼ਾਨਾਂ 50 ਹਜ਼ਾਰ ਤੋਂ ਦੋ ਲੱਖ ਰੁਪਏ ਤੱਕ ਪੈਸੇ ਦੇਣ ਦਾ ਭਰੋਸਾ ਵੀ ਦਿੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਗੋਆ ਆਉਣ ਲਈ ਉਨ੍ਹਾਂ ਦੀ ਟਿਕਟ ਬੁਕਿੰਗ ਕਰਵਾ ਦਿੱਤੀ ਹੈ, ਜਿਸ ਦੇ ਪੈਸੇ ਪੇ.ਟੀ. ਐੱਮ. ਤੋਂ ਭੇਜਣ ਨੂੰ ਕਿਹਾ ਜਾਂਦਾ ਹੈ। ਠੱਗ ਨੇਹਾ ਕੱਕੜ ਅਤੇ ਗੁਰੁ ਰੰਧਾਵਾ ਦੀ ਤਸਵੀਰ ਲੱਗੀ ਨਕਲੀ ਟਿਕਟ ਵੀ ਉਨ੍ਹਾਂ ਨੂੰ ਭੇਜ ਦਿੰਦਾ ਹੈ। ਇਸ ਤੋਂ ਬਾਅਦ ਉਹ 16 ਤੋਂ 50 ਹਜ਼ਾਰ ਰੁਪਏ ਤੱਕ ਦੀ ਮੰਗ ਕਰਦਾ ਹੈ। ਪੈਸੇ ਮਿਲਦੇ ਹੀ ਮੇਕਅਪ ਆਰਟਿਸਟ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਮਹਿਲਾਵਾਂ ਨੂੰ ਗੀਤ ਵਿਚ ਮਾਡਲ ਦੇ ਰੂਪ ਵਿਚ ਲਾਂਚ ਕਰਨ ਦੇ ਨਾਮ ’ਤੇ ਗੋਆ ਬੁਲਾਇਆ ਜਾਂਦਾ ਹੈ। ਫਿਰ ਉਹੀ ਖੇਡ ਖੇਡਿਆ ਜਾਂਦਾ ਹੈ। ਦੋਵਾਂ ਹੀ ਮਾਮਲਿਆਂ ਵਿਚ ਉਨ੍ਹਾਂ ਨੂੰ ਤੈਅ ਜਗ੍ਹਾ ’ਤੇ ਪੁੱਜਣ ਤੋਂ ਬਾਅਦ ਪੈਸੇ ਵਾਪਸ ਦੇਣ ਦੀ ਗੱਲ ਕਹਿ ਕੇ ਧੋਖਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਦੋ ਹਫਤਿਆਂ ਦੇ ਅੰਦਰ ਹੀ ਉਹ ਆਪਣਾ ਨੰਬਰ ਬਦਲ ਦਿੰਦੇ ਹਨ।

ਦਿੱਲੀ ਵਿਚ ਹੈ ਠੱਗ, ਹੁਣ ਤੱਕ 40 ਮਾਮਲੇ

ਇਹ ਠੱਗ ਦਿੱਲੀ ਵਿਚ ਬੈਠਿਆ ਹੈ। ਦਿਨੇਸ਼ ਔਲਖ ਨੇ ਕਿਹਾ ਕਿ ਹੁਣ ਤੱਕ ਉਹ ਲੱਗਭੱਗ 40 ਲੋਕਾਂ ਨੂੰ ਠੱਗ ਚੁੱਕਿਆ ਹੈ ।  ਇਨ੍ਹਾਂ ਵਿਚ ਪੰਜਾਬ ਤੋਂ ਇਲਾਵਾ ਦਿੱਲੀ ਤੋਂ ਵੀ ਮੇਕਅਪ ਆਰਟਿਸਟ ਅਤੇ ਮਹਿਲਾਵਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਉਨ੍ਹਾਂ  ਕੋਲ ਲਖਨਊ ਤੋਂ ਵੀ ਇਕ ਮਹਿਲਾ ਦਾ ਫੋਨ ਆਇਆ, ਜਿਸ ਨੂੰ ਉਨ੍ਹਾਂ ਨੇ ਦੱਸਿਆ ਕਿ ਸਪੀਡ ਰਿਕਾਰਡ ਅਜਿਹਾ ਕੋਈ ਮੌਕਾ ਨਹੀਂ ਦੇ ਰਹੀ। ਬੀਤੀ ਦੀਵਾਲੀ ’ਤੇ ਵੀ ਜਲੰਧਰ ਦੀ ਇਕ ਮਹਿਲਾ ਠੱਗੀ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦਿਨੇਸ਼ ਔਲਖ ਨੇ ਕਿਹਾ ਕਿ ਉਨ੍ਹਾਂ ਦੇ ਨੰਬਰ ’ਤੇ ਕਈ ਮਹਿਲਾਵਾਂ ਦੇ ਫੋਨ ਆਏ ਤਾਂ ਉਨ੍ਹਾਂ ਨੇ ਸਮਝਾਇਆ ਕਿ ਅਜਿਹਾ ਕੁਝ ਨਹੀਂ ਹੈ ।  ਫਿਰ ਵੀ ਮਹਿਲਾਵਾਂ ਮੰਨਣ ਨੂੰ ਤਿਆਰ ਨਹੀਂ ਹੁੰਦੀਆਂ।

ਵੈਰੀਫਾਈ ਕਰ ਰਹੇ ਹਨ ਨੰਬਰ: ਏ.ਡੀ.ਸੀ.ਪੀ.

ਇਸ ਬਾਰੇ ਵਿਚ ਏ.ਡੀ.ਸੀ.ਪੀ. ਕਰਾਇਮ ਗੁਰਮੀਤ ਕਿੰਗਰਾ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਕਿ ਕੋਈ ਸਪੀਡ ਰਿਕਾਰਡ ਦੇ ਦਿਨੇਸ਼ ਔਲਖ ਦੇ ਨਾਮ ’ਤੇ ਠੱਗੀ ਕਰ ਰਿਹਾ ਹੈ। ਸ਼ਿਕਾਇਤ ਮਿਲਦੇ ਹੀ ਉਨ੍ਹਾਂ ਨੰਬਰਾਂ ਨੂੰ ਵੈਰੀਫਾਈ ਕਰਾਇਆ ਜਾ ਰਿਹਾ ਹੈ, ਜਿਨ੍ਹਾਂ ਰਾਹੀਂ ਮਹਿਲਾਵਾਂ ਨੂੰ ਫੋਨ ਅਤੇ ਮੈਸੇਜ ਆ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News