‘ਜੋਰਾ : ਦਿ ਸੈਕਿੰਡ ਚੈਪਟਰ’ ਲੈ ਕੇ ਆ ਰਿਹੈ ਦੀਪ ਸਿੱਧੂ

3/4/2020 9:04:05 AM

ਇਹ ਗੱਲ ਸੁਮੱਚੇ ਪਾਠਕ ਜਾਣਦੇ ਹਨ ਕਿ ਇਸ ਸ਼ੁੱਕਰਵਾਰ ਯਾਨੀ 6 ਮਾਰਚ ਨੂੰ ਪੰਜਾਬੀ ਫ਼ਿਲਮ ‘ਜੋਰਾ : ਦਿ ਸੈਕਿੰਡ ਚੈਪਟਰ’ ਰਿਲੀਜ਼ ਹੋਣ ਜਾ ਰਹੀ ਹੈ। ‘ਬਠਿੰਡੇ ਵਾਲੀ ਬਾਈ ਫ਼ਿਲਮਜ਼’ ਅਤੇ ‘ਲਾਊਡ ਰੌਰ ਫਿਲਮਜ਼’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਅਮਰਦੀਪ ਸਿੰਘ ਗਿੱਲ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ‘ਜੋਰਾ 10 ਨੰਬਰੀਆ’ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਸੀ। ਇਸ ਫ਼ਿਲਮ ਦਾ ਹੀਰੋ ਦੀਪ ਸਿੱਧੂ ਹੀ ਹੈ ਪਰ ਇਸ ਵਾਰ ਉਸ ਨਾਲ ਪੰਜਾਬੀ ਗਾਇਕ ਤੇ ਗੀਤਕਾਰ ਸਿੰਘਾ ਵੀ ਆਪਣੇ ਅਦਾਕਾਰੀ ਸਫਰ ਦੀ ਸ਼ੁਰੂਆਤ ਕਰ ਰਿਹਾ ਹੈ। ਦਰਸ਼ਕ ਫ਼ਿਲਮ ’ਚ ਦੋਵਾਂ ਨੂੰ ਇਕ-ਦੂਜੇ ਦੇ ਵਿਰੁੱਧ ਖੜ੍ਹੇ ਦੇਖਣਗੇ। ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਵਿਮਲ ਚੋਪੜਾ ਤੇ ਅਮਰਿੰਦਰ ਸਿੰਘ ਰਾਜੂ ਦੀ ਇਸ ਫ਼ਿਲਮ ’ਚ ਇਸ ਵਾਰ ਦੀਪ ਸਿੱਧੂ ਤੇ ਸਿੰਘੇ ਤੋਂ ਇਲਾਵਾ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਵਿਸ਼ੇਸ਼ ਭੂਮਿਕਾ 'ਚ ਨਜ਼ਰ ਆਉਣਗੇ। ਫ਼ਿਲਮ ਦੇ ਬਾਕੀ ਕਲਾਕਾਰਾਂ ’ਚ ਮਾਹੀ ਗਿੱਲ, ਜਪਜੀ ਖਹਿਰਾ, ਗੁੱਗੂ ਗਿੱਲ, ਯਾਦ ਗਰੇਵਾਲ, ਸੋਨਪ੍ਰੀਤ ਜਵੰਦਾ ਤੇ ਕੁੱਲ ਸਿੱਧੂ ਦਾ ਨਾਂ ਅਹਿਮ ਹੈ। ਇਸ ਫ਼ਿਲਮ ਸਬੰਧੀ ਅਸੀਂ ਫ਼ਿਲਮ ਦੇ ਨਾਇਕ ਦੀਪ ਸਿੱਧੂ ਤੇ ਸਿੰਘੇ ਨਾਲ ਖਾਸ ਗੱਲਬਾਤ ਕੀਤੀ :
ਸਵਾਲ : ਤੁਸੀਂ ਮੁੰਬਈ ’ਚ ਸਥਾਪਿਤ ਹੋ, ਤੁਹਾਡੇ ਉਥੇ ਨਾਮੀ ਫ਼ਿਲਮੀ ਘਰਾਣਿਆਂ ਨਾਲ ਬਹੁਤ ਨੇੜਲੇ ਸਬੰਧ ਹਨ। ਤੁਸੀਂ ਆਸਾਨੀ ਨਾਲ ਹਿੰਦੀ ਫ਼ਿਲਮਾਂ ਦਾ ਚਿਹਰਾ ਬਣ ਸਕਦੇ ਸੀ, ਫਿਰ ਪੰਜਾਬੀ ਇੰਡਸਟਰੀ ਨੂੰ ਹੀ ਕਿਉਂ ਚੁਣਿਆ?

ਦੀਪ ਸਿੱਧੂ : ਦਰਅਸਲ ਮੈਂ ਇਸ ਖੇਤਰ 'ਚ ਜੋ ਵੀ ਕੁਝ ਕਰਨਾ ਚਾਹੁੰਦਾ ਹਾਂ, ਆਪਣੇ ਦਮ ’ਤੇ ਕਰਨਾ ਚਾਹੁੰਦਾ ਹਾਂ। ਮੈਂ ਕਿਸੇ ਦੀ ਸਿਫਾਰਿਸ਼ ਜਾਂ ਕਿਸੇ ਨਾਲ ਨੇੜਤਾ ਦਾ ਫ਼ਾਇਦਾ ਨਹੀਂ ਚੁੱਕਣਾ ਚਾਹੁੰਦਾ। ਦੂਜੀ ਗੱਲ ਮੈਂ ਪੰਜਾਬ ਦਾ ਜੰਮਪਲ ਹਾਂ, ਪੰਜਾਬ ਮੇਰੇ ਖੂਨ 'ਚ ਹੈ। ਇਸ ਲਈ ਮੈਂ ਆਪਣੀ ਸ਼ੁਰੂਆਤ ਪੰਜਾਬੀ ਸਿਨੇਮੇ ਤੋਂ ਹੀ ਕਰਨਾ ਚਾਹੁੰਦਾ ਸੀ, ਜੋ ਸਭ ਦੀ ਕਿਰਪਾ ਨਾਲ ਵਧੀਆ ਹੋਈ ਹੈ। ਦਰਸ਼ਕਾਂ ਦਾ ਪਿਆਰ ਤੇ ਹੁੰਗਾਰਾ ਮੈਨੂੰ ਅੱਗੇ ਲੈ ਕੇ ਜਾ ਰਿਹਾ ਹੈ। ਇਸ ਦੇ ਨਾਲ ਹੀ ਜ਼ਿੰਮੇਵਾਰੀਆਂ ਵੀ ਵੱਧ ਰਹੀਆਂ ਹਨ।

ਸਵਾਲ : ਤੁਹਾਡੀ ਇਹ ਪਹਿਲੀ ਫ਼ਿਲਮ ਹੈ। ਤੁਸੀਂ ਇਸ ਫ਼ਿਲਮ ਨਾਲ ਕਿਵੇਂ ਜੁੜੇ?

ਸਿੰਘਾ : ਮੈਨੂੰ ਪਿਛਲੇ ਦੋ ਸਾਲਾਂ ਤੋਂ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆ ਰਹੀਆਂ ਹਨ। ਇਸ ਦੌਰਾਨ ਬਹੁਤ ਸਾਰੀਆਂ ਫ਼ਿਲਮਾਂ ਦੀਆਂ ਕਹਾਣੀਆਂ ਸੁਣੀਆਂ ਪਰ ਕਿਸੇ ਫ਼ਿਲਮ ਲਈ ਹਾਮੀ ਭਰਨ ਨੂੰ ਦਿਲ ਨਹੀਂ ਕੀਤਾ। 'ਜੋਰਾ' ਬਾਰੇ ਮੈਨੂੰ ਪਹਿਲਾਂ ਤੋਂ ਹੀ ਪਤਾ ਸੀ। ਜਦੋਂ ‘ਜੋਰਾ 2’ ਲਈ ਪੇਸ਼ਕਸ਼ ਆਈ, ਮੈਂ ਆਪਣਾ ਕਿਰਦਾਰ ਸੁਣਿਆ ਤਾਂ ਮੇਰੇ ਕੋਲ ਇਸ ਫ਼ਿਲਮ ਨੂੰ ਨਾਂਹ ਕਹਿਣ ਦਾ ਕੋਈ ਕਾਰਣ ਨਹੀਂ ਸੀ। ਮੈਨੂੰ ਖੁਸ਼ੀ ਹੈ ਕਿ ਮੇਰੀ ਸ਼ੁਰੂਆਤ ਇਕ ਸ਼ਾਨਦਾਰ ਟੀਮ ਨਾਲ ਇਕ ਸ਼ਾਨਦਾਰ ਕਿਰਦਾਰ ਰਾਹੀਂ ਹੋ ਰਹੀ ਹੈ।

ਸਵਾਲ : ‘ਜੋਰਾ : ਦਿ ਸੈਕਿੰਡ ਚੈਪਟਰ’ ਵਿਚ ਕੀ ਖਾਸ ਹੋਵੇਗਾ?

ਦੀਪ ਸਿੱਧੂ : ਪਹਿਲੀ ਗੱਲ ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਵਰਗੀ ਨਹੀਂ ਹੈ। ਦੂਜੀ ਗੱਲ ਇਹ ਫ਼ਿਲਮ ਆਮ ਜ਼ਿੰਦਗੀ ਨਾਲ ਜੁੜੀ ਹੋਈ ਸਿਆਣੇ ਸਿਨੇਮੇ ਦੀ ਫ਼ਿਲਮ ਹੈ। ਇਹ ਫ਼ਿਲਮ ਪੰਜਾਬ ਦੀ, ਪੰਜਾਬੀ ਦਰਸ਼ਕਾਂ ਦੀ ਫ਼ਿਲਮ ਹੈ, ਜਿਸ ’ਚ ਜ਼ਿੰਦਗੀ ਨਾਲ ਜੁੜੇ ਮੁੱਦਿਆਂ ਨੂੰ ਹੀ ਉਭਾਰਿਆ ਗਿਆ ਹੈ। ਤੁਸੀਂ ਇਸ ਦਾ ਟ੍ਰੇਲਰ ਦੇਖਿਆ ਹੈ, ਇਸ ਗੱਲ ਦਾ ਅੰਦਾਜ਼ਾ ਤੁਸੀਂ ਟ੍ਰੇਲਰ ਤੋਂ ਵੀ ਲਾ ਸਕਦੇ ਹੋ।

ਸਵਾਲ : ਪਹਿਲੀ ‘ਜੋਰੇ’ ਦਾ ਇਸ ਫ਼ਿਲਮ ਨੂੰ ਕਿੰਨਾ ਫਾਇਦਾ ਮਿਲੇਗਾ?

ਦੀਪ ਸਿੱਧੂ : ਮੇਰੀ ਪਛਾਣ ‘ਜੋਰਾ’ ਫ਼ਿਲਮ ਨਾਲ ਹੋਈ ਹੈ। ਪਹਿਲੀ ਫ਼ਿਲਮ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਸੀ। ਸੋਸ਼ਲ ਪਲੇਟਫ਼ਾਰਮ ’ਤੇ ਇਹ ਫ਼ਿਲਮ ਕਰੋੜਾਂ ਦਰਸ਼ਕਾਂ ਨੇ ਦੇਖੀ ਹੈ। ਪਹਿਲੀ ਫ਼ਿਲਮ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਹੀ ਦੂਜੀ ਫ਼ਿਲਮ ਬਣਾਉਣ ਦਾ ਫ਼ੈਸਲਾ ਲਿਆ ਸੀ। ਬਿਨਾਂ ਸ਼ੱਕ ਉਸ ਫ਼ਿਲਮ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਹੀ ਦਰਸ਼ਕਾਂ ’ਚ ਇਸ ਦਾ ਸੀਕੁਅਲ ਦੇਖਣ ਦਾ ਉਤਸ਼ਾਹ ਪੈਦਾ ਹੋਇਆ ਸੀ। ਹੁਣ ਜਦੋਂ ਟ੍ਰੇਲਰ ਤੇ ਗੀਤ ਆ ਚੁੱਕੇ ਹਨ ਤਾਂ ਸਭ ਨੂੰ ਲੱਗ ਰਿਹਾ ਹੈ ਕਿ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਕੁਝ ਵੱਡਾ ਆ ਰਿਹਾ ਹੈ ਤਾਂ ਇਸ ਗੱਲ ’ਤੇ ਵੀ ਅਸੀਂ ਖ਼ਰੇ ਉਤਰਾਂਗੇ।

ਸਵਾਲ : ਇਸ ਫ਼ਿਲਮ ’ਚ ਤੁਹਾਡਾ ਕਿਰਦਾਰ ਕੀ ਹੈ, ਦਰਸ਼ਕ ਤੁਹਾਡੇ ਤੋਂ ਕੀ ਉਮੀਦ ਰੱਖਣ?

ਸਿੰਘਾ : ਇਸ ਫ਼ਿਲਮ ’ਚ ਵੀ ਮੈਂ ਆਪਣੇ ਅਸਲ ਨਾਂ ਸਿੰਘਾ ਵਜੋਂ ਹੀ ਨਜ਼ਰ ਆਵਾਂਗਾ। ਸਿੰਘਾ ਇਕ ਨੌਜਵਾਨ ਹੈ, ਜਿਸ ਦੀ ਹਮੇਸ਼ਾ ਚਰਚਾ ਰਹਿੰਦੀ ਹੈ। ਫ਼ਿਲਮ ਦੇ ਨਾਇਕ ਜੋਰੇ ਨਾਲ ਉਸ ਦੀ ਪੁਰਾਣੀ ਟਸਲ ਚੱਲ ਰਹੀ ਹੈ। ਇਹ ਟਸਲ ਉਦੋਂ ਉਭਰ ਕੇ ਸਾਹਮਣੇ ਆਉਂਦੀ ਹੈ, ਜਦੋਂ ਦੋਵੇਂ ਇਕ-ਦੂਜੇ ਦੇ ਖਿਲਾਫ਼ ਆ ਖੜ੍ਹਦੇ ਹਨ। ਵੋਟਾਂ ਦੌਰਾਨ ਉਹ ਜੋਰੇ ਦੀ ਵਿਰੋਧੀ ਧਿਰ ਦੀ ਹਮਾਇਤ ਕਰਦਾ ਹੈ। ਇਸ ਦੌਰਾਨ ਦੋਵਾਂ ’ਚ ਟਕਰਾਅ ਹੁੰਦਾ ਹੈ। ਇਹ ਟਕਰਾਅ ਹੀ ਫ਼ਿਲਮ ਨੂੰ ਹੋਰ ਦਿਲਚਸਪ ਬਣਾਉਂਦਾ ਹੈ। ਇਹ ਫ਼ਿਲਮ ਮੇਰੇ ਚਾਹੁਣ ਵਾਲਿਆਂ ਨੂੰ ਬੇਹੱਦ ਪਸੰਦ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News