ਬੇਮਿਸਾਲ ਬਹਾਦਰੀ ਦੀ ਕਹਾਣੀ ਹੈ ਅਕਸ਼ੈ ਕੁਮਾਰ ਦੀ 'ਕੇਸਰੀ'

3/19/2019 10:29:28 AM

ਬੈਟਲ ਆਫ ਸਾਰਾਗੜ੍ਹੀ, ਮਤਲਬ ਸਾਰਾਗੜ੍ਹੀ ਦੀ ਜੰਗ ’ਤੇ ਆਧਾਰਿਤ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਕੇਸਰੀ’ ਇਨ੍ਹੀਂ ਦਿਨੀਂ ਜ਼ਬਰਦਸਤ ਸੁਰਖੀਆਂ ਵਿਚ ਹੈ। ਇਹ ਇਕ ਅਜਿਹੀ ਕਹਾਣੀ ਹੈ, ਜਿਸ ਨੂੰ ਦੁਨੀਆ ਦੀਆਂ ਇਤਿਹਾਸਕ 5 ਸਭ ਤੋਂ ਵੱਡੀਆਂ ਜੰਗਾਂ ਦੀਆਂ ਘਟਨਾਵਾਂ ਵਿਚੋਂ ਦੂਸਰਾ ਸਥਾਨ ਮਿਲਿਆ ਹੈ। ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਅਤੇ ਅਫਗਾਨੀਆਂ ਵਿਚਾਲੇ ਲੜੀ ਗਈ ਸੀ, ਜਿਸ ਵਿਚ ਬ੍ਰਿਟਿਸ਼ ਭਾਰਤੀ ਫੌਜ ਦੇ 21 ਸਿੱਖ ਜਵਾਨਾਂ ਨੇ 10 ਹਜ਼ਾਰ ਅਫਗਾਨੀ ਸੈਨਿਕਾਂ ਨਾਲ ਲੋਹਾ ਲਿਆ ਸੀ। ਸਾਰਾਗੜ੍ਹੀ ਤੱਤਕਾਲੀਨ ਉਤਰ-ਪੱਛਮੀ ਸਰਹੱਦੀ ਸੂਬੇ (ਹੁਣ ਪਾਕਿਸਤਾਨ ਦੇ ਖੈਬਰ ਪਖਤੂਨਵਾ ’ਚ ਹੈ) ਵਿਚ ਇਕ ਛੋਟਾ ਜਿਹਾ ਪਿੰਡ ਸੀ। 21 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿਚ ਅਕਸ਼ੈ ਕੁਮਾਰ ਦੇ ਅਪੋਜ਼ਿਟ ਪਰਿਣੀਤੀ ਚੋਪੜਾ ਹੈ, ਜੋ ਅਕਸ਼ੈ ਦੀ ਪਤਨੀ ਦਾ ਰੋਲ ਨਿਭਾ ਰਹੀ ਹੈ। ਫਿਲਮ ਵਿਚ ਕਾਫੀ ਐਕਸ਼ਨ ਦੇਖਣ ਨੂੰ ਮਿਲੇਗਾ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪੁੱਜੇ ਅਕਸ਼ੈ, ਪਰਿਣੀਤੀ ਅਤੇ ਡਾਇਰੈਕਟਰ ਅਨੁਰਾਗ ਸਿੰਘ ਨੇ ਪੰਜਾਬ ਕੇਸਰੀ/ ਨਵੋਦਯਾ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :

ਹਰ ਨੌਜਵਾਨ ਨੂੰ ਜਾਣਨੀ ਚਾਹੀਦੀ ਹੈ ਇਹ ਕਹਾਣੀ

ਅਕਸ਼ੈ ਕਹਿੰਦੇ ਹਨ ਕਿਉਂਕਿ ਇਹ ਬਹਾਦੁਰੀ ਦੀ ਕਹਾਣੀ ਹੈ ਅਤੇ ਬਹੁਤੇ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ, ਇਸ ਲਈ ਇਸ ਨੂੰ ਸਕੂਲਾਂ ਵਿਚ ਵੀ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਾਡੇ ਨੌਜਵਾਨ ਇਸ ਨੂੰ ਜਾਣ ਸਕਣ। ਉਹ ਕਹਿੰਦੇ ਹਨ ਜੇਕਰ ਅਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੁੱਛੀਏ ਕਿ ਤੁਹਾਨੂੰ ਫਿਲਮ ‘300’ ਬਾਰੇ ਪਤਾ ਹੈ ਤਾਂ ਉਹ ਕਹਿਣਗੇ ਹਾਂ... ਕਿਉਂਕਿ ਸਾਰਿਆਂ ਨੇ ਹਾਲੀਵੁੱਡ ਫਿਲਮ ਦੇਖੀ ਹੈ ਪਰ ਆਪਣੀ ਕਹਾਣੀ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਹੈ। ਉਨ੍ਹਾਂ ਨੂੰ ਸਾਰਾਗੜ੍ਹੀ ਬਾਰੇ ਪਤਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੀ ਕਹਾਣੀ ਬਾਰੇ ਪਤਾ ਹੋਣਾ ਚਾਹੀਦਾ ਹੈ। ਉਥੇ ਤਾਂ 300 ਸਨ ਪਰ ਇਥੇ ਤਾਂ ਸਿਰਫ 21 ਹੀ ਸਨ, ਜੋ 10 ਹਜ਼ਾਰ ਅਫਗਾਨੀ ਲੜਾਕਿਆਂ ਨਾਲ   ਲੜੇ ਸਨ। ਜਦੋਂ 10 ਹਜ਼ਾਰ ਅਫਗਾਨੀ ਲੜਾਕੇ ਆਏ ਸਨ ਤਾਂ ਉਨ੍ਹਾਂ ਨੂੰ ਲੱਗਾ ਸੀ ਕਿ ਉਹ ਅੱਧੇ ਘੰਟੇ ’ਚ 21 ਸਿੱਖਾਂ ਨੂੰ ਆਰਾਮ ਨਾਲ ਖਤਮ ਕਰ ਦੇਣਗੇ ਪਰ ਉਨ੍ਹਾਂ ਦਾ ਇਹ ਅੰਦਾਜ਼ਾ ਗਲਤ ਸਾਬਤ ਹੋ ਗਿਆ ਸੀ। ਇਹ ਲੜਾਈ ਸਵੇਰੇ 9 ਵਜੇ ਸ਼ੁਰੂ ਹੋਈ ਸੀ, 12 ਸਤੰਬਰ ਤਰੀਕ ਸੀ, ਜਿਸ ਜੰਗ ਬਾਰੇ ਉਨ੍ਹਾਂ ਨੇ ਅੱਧੇ ਘੰਟੇ ਵਿਚ ਖਤਮ ਹੋਣ ਬਾਰੇ ਸੋਚਿਆ ਸੀ, ਉਸ ਨੂੰ ਖਤਮ ਹੋਣ ਵਿਚ ਸ਼ਾਮ ਦੇ ਸਾਢੇ 6 ਵੱਜ ਗਏ ਸਨ।

ਇਕ ਇਮੇਜ ’ਤੇ ਬੱਝਿਆ ਨਹੀਂ ਰਹਿਣਾ ਚਾਹੁੰਦਾ

ਦੇਖੋ ਮੈਂ ਇਕ ਤਰ੍ਹਾਂ ਦੀ ਇਮੇਜ ਨਹੀਂ ਰੱਖਣਾ ਚਾਹੁੰਦਾ। ਸ਼ੁਰੂਆਤ ਵਿਚ ਮੈਂ ਬਹੁਤ ਸਾਰੀਆਂ ਐਕਸ਼ਨ ਫਿਲਮਾਂ ਕੀਤੀਆਂ ਅਤੇ ਮੇਰੀ ਪਛਾਣ ਐਕਸ਼ਨ ਹੀਰੋ ਦੀ ਬਣ ਗਈ। ਉਦੋਂ ਸਭ ਨੂੰ ਲੱਗਣ ਲੱਗਾ ਸੀ ਕਿ ਮੈਂ ਸਿਰਫ ਐਕਸ਼ਨ ਫਿਲਮਾਂ ਹੀ ਕਰ ਸਕਦਾ ਹਾਂ। ਮੈਂ ਉਸ ਸਮੇਂ ਸੋਚ ਲਿਆ ਸੀ ਕਿ ਜੇਕਰ ਭਗਵਾਨ ਨੇ ਮੈਨੂੰ ਮੌਕਾ ਦਿੱਤਾ ਤਾਂ ਮੈਂ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਵਾਂਗਾ ਅਤੇ ਕਦੇ ਇਕ ਇਮੇਜ ’ਤੇ ਬੱਝਿਆ ਨਹੀਂ ਰਹਾਂਗਾ।

ਸਾਡੇ ਨਾਲੋਂ ਜ਼ਿਆਦਾ ਮਿਹਨਤ ਕਰਦੇ ਹਨ ਲੋਕ

ਅਸੀਂ ਅਜਿਹਾ ਕੋਈ ਮਿਹਨਤ ਵਾਲਾ ਕੰਮ ਨਹੀਂ ਕਰ ਰਹੇ, ਜਿਸ ਵਿਚ ਬਹੁਤ ਮਹਾਨਤਾ ਹੋਵੇ। ਮੈਨੂੰ ਸ਼ਰਮ ਆਉਂਦੀ ਹੈ ਇਹ ਕਹਿਣ ਵਿਚ ਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ। ਦਰਅਸਲ ਸਾਡੇ ਕੋਲ ਲਗਜ਼ਰੀ ਵੈਨਿਟੀ ਵੈਨ ਹੁੰਦੀ ਹੈ ਜਿਸ ਵਿਚ ਅਸੀਂ ਆਰਾਮ ਕਰਦੇ ਹਾਂ। ਜਦੋਂ ਸਾਡਾ ਸ਼ਾਟ ਹੁੰਦਾ ਹੈ ਤਾਂ ਅਸੀਂ ਜਾਂਦੇ ਹਾਂ ਅਤੇ 10 ਮਿੰਟ ਵਿਚ ਉਹ ਸ਼ਾਟ ਦੇ ਕੇ ਵਾਪਸ ਆ ਜਾਂਦੇ ਹਾਂ। ਇਸ ਦੇ ਲਈ ਸਾਨੂੰ ਇੰਨਾ ਪੈਸਾ ਮਿਲਦਾ ਹੈ ਕਿ ਸਭ ਭੁੱਲ ਜਾਂਦੇ ਹਾਂ। ਉਥੇ ਹੀ ਇਸ ਦੇਸ਼ ਵਿਚ ਬਹੁਤ ਸਾਰੇ ਅਜਿਹੇ ਲੋਕ ਹਨ, ਜੋ 2 ਵਕਤ ਦੀ ਰੋਟੀ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਮੈਂ ਖੁਦ ਨੂੰ ਬਹੁਤ ਖੁਸ਼ਕਿਸਮਤ ਮੰਨਦਾ ਹਾਂ ਕਿ ਮੈਂ ਇਸ ਲਾਈਨ ਵਿਚ ਆਇਆ ਅਤੇ ਐਕਟਰ ਬਣਿਆ ਅਤੇ ਹੁਣ ਤਕ 135 ਫਿਲਮਾਂ ਕਰ ਲਈਆਂ।

ਸਾਡੇ ਇਤਿਹਾਸ ਦਾ ਮਾਣ ਕਰਨ ਵਾਲਾ ਅਧਿਆਏ

ਇਹ ਬਹੁਤ ਪ੍ਰੇਰਣਾਦਾਇਕ ਕਹਾਣੀ ਹੈ। ਅਜਿਹੀਆਂ ਬਹੁਤ ਹੀ ਘੱਟ ਫਿਲਮਾਂ ਦੇਖਣ ਨੂੰ ਮਿਲਦੀਆਂ ਹਨ। ਮੈਂ ਖੁਸ਼ ਕਿਸਮਤ ਹਾਂ ਕਿ ਇਸ ਤਰ੍ਹਾਂ ਦਾ ਸਬਜੈਕਟ ਮੇਰੇ ਕੋਲ ਖੁਦ ਚੱਲ ਕੇ ਆਇਆ। ਜਦੋਂ ਇਸ ਪ੍ਰਾਜੈਕਟ ਦੀ ਗੱਲ ਚੱਲੀ ਤਾਂ ਅਕਸ਼ੈ ਸਰ ਤੇ ਕਰਨ ਜੌਹਰ ਸਰ ਵੀ ਉਥੇ ਮੌਜੂਦ ਸਨ। ਹੁਣ ਤੁਸੀਂ ਖੁਦ ਹੀ ਸੋਚੋ ਕਿ ਫਿਲਮ ਬਣਾਉਣ ਲਈ ਇਸ ਨਾਲੋਂ ਬਿਹਤਰ ਕਾਂਬੀਨੇਸ਼ਨ ਮੈਨੂੰ ਕੀ ਮਿਲਦਾ।

‘ਕੇਸਰੀ’ ਵਿਚ ਵਧੀ ਜ਼ਿੰਮੇਵਾਰੀ

ਜਦੋਂ ਅਸੀਂ ਹਲਕੇ-ਫੁਲਕੇ ਹਾਸੇ-ਮਜ਼ਾਕ ਵਾਲੀਆਂ ਫਿਲਮਾਂ ਬਣਾਉਂਦੇ ਹਾਂ ਤਾਂ ਉਨ੍ਹਾਂ ਨੂੰ ਬਣਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ ਪਰ ‘ਕੇਸਰੀ’ ਵਰਗੀ ਫਿਲਮ ਬਣਾਉਣ ਵਿਚ ਜ਼ਿੰਮੇਵਾਰੀ ਥੋੜ੍ਹੀ ਵੱਧ ਜਾਂਦੀ ਹੈ ਕਿਉਂਕਿ ਇਤਿਹਾਸ ਦੀ ਅਸਲ ਘਟਨਾ ਵਿਚ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਜੋੜ ਸਕਦੇ, ਜੋ ਹੋਇਆ ਹੈ, ਉਹੀ ਦਿਖਾ ਸਕਦੇ ਹੋ। ਤੁਸੀਂ ਸੋਚ ਨਹੀਂ ਸਕਦੇ ਮੈਂ ਇਸ ਫਿਲਮ ਨੂੰ ਬਣਾ ਕੇ ਕਿੰਨਾ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਬਚਪਨ ਵਿਚ ਵੀ ਇਸ ਜੰਗ ਬਾਰੇ ਸੁਣਿਆ ਸੀ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਸ ’ਤੇ ਫਿਲਮ ਬਣਾਉਣ ਦਾ ਮੌਕਾ ਮਿਲੇਗਾ।

‘ਕੇਸਰੀ’ ਦਾ ਹਿੱਸਾ ਬਣਨ ’ਤੇ ਮਾਣ

ਜਦੋਂ ਕਰਨ ਜੌਹਰ ਨੇ ਮੈਨੂੰ ਇਸ ਫਿਲਮ ਲਈ ਕਾਲ ਕੀਤੀ ਤਾਂ ਮੈਂ ਇਹ ਨਹੀਂ ਪੁੱਛਿਆ ਕਿ ਮੈਨੂੰ ਕਿੰਨੇ ਸੀਨ ਮਿਲਣਗੇ। ਸਕ੍ਰੀਨ ’ਤੇ ਸੀਮਤ ਸਮਾਂ ਮਿਲਣ ਦੇ ਬਾਵਜੂਦ ਵੀ ਮੈਂ ਇਹ ਫਿਲਮ ਕੀਤੀ ਕਿਉਂਕਿ ਮੈਂ ‘ਕੇਸਰੀ’ ਦਾ ਹਿੱਸਾ ਬਣਨਾ ਚਾਹੁੰਦੀ ਸੀ। ਅੱਜ ਤੋਂ 50 ਸਾਲ  ਬਾਅਦ ਮੈਂ ਮਾਣ ਨਾਲ ਕਹਿ ਸਕਦੀ ਹਾਂ ਕਿ ‘ਕੇਸਰੀ’ ਮੇਰੀ ਫਿਲਮੋਗ੍ਰਾਫੀ ਦਾ ਹਿੱਸਾ ਹੈ।

ਅਕਸ਼ੈ ਕੋਲੋਂ ਬਹੁਤ ਕੁਝ ਸਿੱਖਿਆ

ਮੈਂ ਇਕ ਗੱਲ ਕਹਿਣਾ ਚਾਹਾਂਗੀ ਜੋ ਮੈਂ ਅਕਸ਼ੈ ਸਰ ਨੂੰ ਅਜੇ ਤਕ ਨਹੀਂ ਕਹੀ। ‘ਕੇਸਰੀ’ ਦੇ ਸੈੱਟ ’ਤੇ ਮੈਂ ਅਕਸ਼ੈ ਸਰ ਤੋਂ ਬਹੁਤ ਪ੍ਰਭਾਵਿਤ ਹੋਈ। ਮੈਂ ਸੈੱਟ ’ਤੇ ਕਿਵੇਂ ਰਹਿਣਾ ਚਾਹੁੰਦੀ ਹਾਂ, ਕਿਸ ਤਰ੍ਹਾਂ ਦੀ ਅਦਾਕਾਰਾ ਬਣਨਾ ਚਾਹੁੰਦੀ ਹਾਂ ਜਾਂ ਮੈਂ ਕਿਵੇਂ ਆਪਣੇ ਕਰੀਅਰ ਨੂੰ ਦੇਖਦੀ ਹਾਂ ਇਹ ਸਭ ਕੁਝ ਮੈਂ ਅਕਸ਼ੈ ਸਰ ਕੋਲੋਂ ਸਿੱਖਿਆ। ਮੈਂ ਕੋਸ਼ਿਸ਼ ਕਰਾਂਗੀ ਕਿ ਅੱਗੇ ਚੱਲ ਕੇ ਮੈਂ ਆਪਣੇ ਫੈਨਜ਼ ਨੂੰ ਨਿਰਾਸ਼ ਨਾ ਕਰਾਂ ਅਤੇ ਅਜਿਹੀਆਂ ਹੀ ਚੰਗੀਆਂ ਫਿਲਮਾਂ ਵਿਚ ਕੰਮ ਕਰਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News