923,957,154 ਲੌਂਗ ਲਾਚੀ

9/5/2019 9:37:58 PM

ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ)— ਫਿਲਮੀ ਕਹਾਣੀਆਂ ਸੱਚੀਆਂ ਨਹੀਂ ਹੁੰਦੀਆਂ ਪਰ ਇਹ ਕਹਾਣੀ ਹਕੀਕਤ 'ਚ ਵਾਪਰੀ। ਫਿਲਮ ਦੀ ਅਦਾਕਾਰਾ ਕਹਾਣੀ 'ਚ ਨਿੱਕੇ ਜਿਹੇ ਪਿੰਡ ਦੀ ਉਹ ਕੁੜੀ ਹੈ, ਜੋ ਸੁਰੀਲਾ ਗਾਉਂਦੀ ਹੈ। ਉਹ ਆਪਣੇ ਵਿਹੜੇ 'ਚੋਂ ਗਾਉਂਦੀ ਇਕ ਦਿਨ ਸਟੂਡੀਓ ਅਤੇ ਫਿਰ ਵਿਦੇਸ਼ੀ ਟੂਰਾਂ ਤੱਕ ਪਹੁੰਚਦੀ ਹੈ ਅਤੇ ਹਰ ਪਾਸੇ ਮਸ਼ਹੂਰ ਹੋ ਜਾਂਦੀ ਹੈ। 'ਲੌਂਗ ਲਾਚੀ' ਗੀਤ ਨੂੰ ਗਾਉਣ ਵਾਲੀ ਮੰਨਤ ਨੂਰ ਦੀ ਕਹਾਣੀ ਵੀ ਇਕ ਇਸ ਤਰ੍ਹਾਂ ਦੀ ਹੀ ਹੈ। ਆਖਿਰ ਇਸ ਗੀਤ 'ਚ ਅਜਿਹਾ ਕੀ ਹੈ ਕਿ ਪੰਜਾਬੀਆਂ ਦੇ ਨਾਲ-ਨਾਲ ਇਹ ਗੀਤ ਗੈਰ-ਪੰਜਾਬੀਆਂ ਦਾ ਵੀ ਮਨ ਭਾਉਂਦਾ ਗੀਤ ਬਣ ਗਿਆ ਹੈ। 'ਲੌਂਗ ਲਾਚੀ' ਗੀਤ ਨੂੰ ਨਿੱਕੇ ਬੱਚੇ ਵੀ ਗਾ ਰਹੇ ਹਨ ਅਤੇ ਉਥੇ ਹੀ ਵੱਡੇ ਵੀ ਇਸ ਗੀਤ ਨੂੰ ਕਾਫੀ ਪਸੰਦ ਕਰਦੇ ਹਨ। ਪਾਕਿਸਤਾਨ ਚੌਣ ਰੈਲੀਆਂ 'ਚ ਵੀ ਇਹ ਗੀਤ ਖੂਬ ਵਜਾਇਆ ਗਿਆ ਹੈ। ਇਹ ਖੁਸ਼ੀ ਮਨਾਉਣ ਦਾ ਗੀਤ ਹੈ, ਜੋ ਸਕੂਲਾਂ 'ਚ ਨਾਚ ਮੁਕਾਬਿਆਂ ਵਾਲਾ ਵੀ ਗੀਤ ਚੁੱਕਾ ਹੈ।

ਗੀਤ : ਲੌਂਗ ਲਾਚੀ
ਗਾਇਕ : ਮੰਨਤ ਨੂਰ ਅਤੇ ਗੁਰਸ਼ਬਦ
ਗੀਤਕਾਰ : ਹਰਮਨਜੀਤ
ਸੰਗੀਤ : ਗੁਰਮੀਤ ਸਿੰਘ
ਧੁਨ ਬਣਾਈ : ਅਮਨ ਜੇ.
ਅਦਾਕਾਰਾ : ਨੀਰੂ ਬਾਜਵਾ ਅਤੇ ਅੰਬਰਦੀਪ

ਦੱਸ ਦਈਏ ਕਿ ਇਸ ਗੀਤ ਨੂੰ ਲਿਖਣ ਵਾਲੇ ਹਰਮਨਜੀਤ ਆਖਦੇ ਹਨ ਕਿ ਇਹ ਕਮਾਲ ਇਸ ਗੀਤ ਦੀ ਧੁਨ ਦੀ ਸਾਦਗੀ ਹੈ, ਜਿਸ ਨੂੰ ਹਰ ਕੋਈ ਗਾਉਂਦਾ ਹੈ। 'ਲੌਂਗ ਲਾਚੀ' ਆਮ ਬੰਦੇ ਦੀ ਮੁਹੱਬਤ ਦਾ ਗੀਤ ਹੈ। ਇਸ ਗੀਤ 'ਚ ਕੁੜੀ ਲਈ ਉਸ ਦਾ ਮਹਿਬੂਬ ਕੋਈ ਰਾਜਕੁਮਾਰ ਨਹੀਂ ਹੈ। ਉਸ ਕੁੜੀ ਦੀਆਂ ਮੰਗਾਂ ਵੀ ਆਪਣੇ ਮਹਿਬੂਬ ਵਾਂਗ ਸਾਦੀਆਂ ਹਨ। ਆਖ ਸਕਦੇ ਹੋ ਕਿ ਇਹ ਆਮ ਬੰਦਿਆਂ ਦੀ ਮੁਹੱਬਤ ਦਾ ਗੀਤ ਹੈ। ਇਸ ਤਰਕ ਨਾਲ ਹਸਦੇ ਹੋਏ ਹਰਮਨਜੀਤ ਵੀ ਇਤਫਾਕ ਰੱਖਦਾ ਹੈ। ਮੇਰੇ ਸੁੰਨੇ ਸੁੰਨੇ ਪੈਰ ਤੂੰ ਤਾਂ ਜਾਨਾ ਰਹਿਨਾ ਸ਼ਹਿਰ, ਬਹੁਤਾ ਮੰਗਦੀ ਨਾ ਥੋੜ੍ਹਾ ਲੈਦੇ ਝਾਂਜਰਾ ਦਾ ਜੋੜਾ।

ਯੂਟਿਊਬ 'ਤੇ 'ਲੌਂਗ ਲਾਚੀ'
ਲੌਂਗ ਲਾਚੀ' ਗੀਤ ਯੂਟਿਊਬ 'ਤੇ 923,957,154 ਵਾਰ ਦੇਖਿਆ-ਸੁਣਿਆ ਜਾ ਚੁੱਕਾ ਹੈ। 2.6 ਮਿਲੀਅਨ ਸਰੋਤੇ ਉਹ ਹਨ, ਜਿਨ੍ਹਾਂ ਨੇ ਇਸ ਗੀਤ ਨੂੰ ਯੂਟਿਊਬ 'ਤੇ ਪਸੰਦ ਕੀਤਾ ਹੈ ਅਤੇ 464000 ਇਸ ਗੀਤ ਨੂੰ ਨਾ ਪਸੰਦ ਕਰਨ ਵਾਲੇ ਹਨ। 'ਲੌਂਗ ਲਾਚੀ' ਗੀਤ ਬਾਰੇ ਗੁਰਸ਼ਬਦ ਕਹਿੰਦੇ ਹਨ ਕਿ ਅਜਿਹਾ ਗੀਤ ਕੋਈ ਇਕ ਬਣ ਜਾਂਦਾ ਹੈ ਅਤੇ ਇੰਝ ਜਾਪਦਾ ਹੈ ਕਿ ਅਜਿਹਾ ਗੀਤ ਬਣਨ ਨੂੰ ਹਾਲੇ ਸਮਾਂ ਲੱਗੇਗਾ।

ਗੀਤ ਦੀ ਕਹਾਣੀ
ਜਾਣਕਾਰੀ ਮੁਤਾਬਕ 'ਲੌਂਗ ਲਾਚੀ' ਨੂੰ ਲੈ ਕੇ ਇਹ ਚਰਚਾ ਸੀ ਕਿ ਇਸ ਗੀਤ ਦੀ ਮੰਗ ਬਾਲੀਵੁੱਡ ਦੀ ਵੱਡੀ ਪ੍ਰੋਡਕਸ਼ਨ ਤੋਂ ਆਈ ਸੀ। ਹਿੰਦੀ ਫਿਲਮ ਨੂੰ ਉਨ੍ਹਾਂ ਦਿਨਾਂ 'ਚ ਪੰਜਾਬੀ ਜ਼ਾਇਕੇ ਦਾ ਡਾਂਸਿੰਗ ਨੰਬਰ ਚਾਹੀਦਾ ਸੀ। ਖਬਰ ਇਹ ਵੀ ਹੈ ਕਿ ਉਹ ਫਿਲਮ ਕਰਨ ਜੌਹਰ ਦੀ ਪ੍ਰੋਡਕਸ਼ਨ ਤੋਂ ਸੀ ਪਰ ਇਹ ਗੀਤ ਫਿਲਮ ਲਈ ਪੱਕਾ ਨਾ ਹੋ ਸਕਿਆ। ਇਸ ਗੀਤ ਨੂੰ ਲੈ ਕੇ ਦੂਜੀ ਖਬਰ ਇਹ ਹੈ ਇਸ ਗੀਤ ਨੂੰ ਗੁਰਸ਼ਬਦ ਨੇ ਹਰਮਨ ਤੋਂ ਲਿਖਵਾਇਆ ਅਤੇ ਪਟਿਆਲਾ ਤੋਂ ਅਮਨ ਜੇ ਨੇ ਧੁਨ ਤਿਆਰ ਕੀਤੀ। ਗੁਰਸ਼ਬਦ ਮੁਤਾਬਕ ਉਹ ਇਸ ਗੀਤ ਦਾ ਸਿੰਗਲ ਟਰੈਕ ਕਰਨਾ ਚਾਹੁੰਦਾ ਸੀ ਅਤੇ ਇਸ ਨੂੰ ਉਹ ਆਪਣੇ ਸਟੇਜ ਸ਼ੋਅਜ਼ 'ਚ ਵਾਰ-ਵਾਰ ਗਾਉਂਦਾ ਰਿਹਾ ਹੈ। ਇੰਝ ਇਹ ਗੀਤ ਅਮਰਿੰਦਰ ਗਿੱਲ, ਕਾਰਜ ਗਿੱਲ ਤੋਂ ਲੈ ਕੇ ਅੰਬਰਦੀਪ ਤੱਕ ਸਭ ਦਾ ਮਨਭਾਉਂਦਾ ਗੀਤ ਸੀ।
ਇਸ ਗੀਤ ਬਾਰੇ ਗੱਲ ਕਰਦੇ 'ਲੌਂਗ ਲਾਚੀ' ਦੇ ਹਦਾਇਤਕਾਰ ਅੰਬਰਦੀਪ ਦੱਸਦੇ ਹਨ ਕਿ ਇਹ ਕਹਾਣੀ ਉਨ੍ਹਾਂ ਦੇ ਮਨ 'ਚ ਫਿਲਮ 'ਗੋਰਿਆਂ ਨੂੰ ਦਫਾ ਕਰੋ' ਦੇ ਸਮੇਂ ਤੋਂ ਸੀ। ਫਿਲਮ 'ਸਰਵਣ' ਦੀ ਸ਼ੂਟਿੰਗ ਸਮੇਂ ਇਹ ਗੀਤ ਮੇਰੇ ਤੱਕ ਗੁਰਸ਼ਬਦ ਦੇ ਜ਼ਰੀਏ ਆਇਆ। ਫਿਲਮ ਦੀ ਕਹਾਣੀ ਮੈਂ ਲਿਖ ਲਈ ਸੀ। ਫਿਰ ਇਹ ਗੀਤ ਆਇਆ। ਇੰਝ ਮੇਰੀ ਕਹਾਣੀ ਦੇ ਕਿਰਦਾਰਾਂ ਦੇ ਸੰਵਾਦ ਗੀਤ ਮਾਰਫਤ ਹੋਰ ਨਿਖਰਕੇ ਆਏ। ਫਿਲਮ ਦੀ ਕਹਾਣੀ ਦੇ ਕਿਰਦਾਰ ਨਿਰੇ ਇਸ ਗੀਤ ਵਰਗੇ ਸਨ, ਸੋ ਇੰਝ ਗੀਤ 'ਤੇ ਅਧਾਰਿਤ ਹੀ ਫਿਲਮ ਦਾ ਨਾਂ ਰੱਖਿਆ ਗਿਆ। ਇਸ ਗੀਤ ਨੂੰ ਦੋ ਵੱਖਰੇ ਟਰੈਕਾਂ 'ਤੇ ਗਾਇਆ ਹੈ। ਇੱਕ ਗੀਤ ਮੰਨਤ ਨੂਰ ਦੀ ਆਵਾਜ਼ 'ਚ ਹੈ ਅਤੇ ਦੂਜਾ ਗੀਤ ਗੁਰਸ਼ਬਦ ਨੇ ਗਾਇਆ ਹੈ।

ਰਿਕਾਰਡ ਬੋਲਦੇ ਹਨ
21 ਫਰਵਰੀ 2018 ਨੂੰ ਇਹ ਗੀਤ ਟੀ-ਸੀਰੀਜ਼ ਨੇ ਆਪਣੇ ਖੇਤਰੀ ਪੰਜਾਬੀ ਪਲੇਟਫਾਰਮ 'ਟੀ ਸੀਰੀਜ਼ ਆਪਣਾ ਪੰਜਾਬ' ਤੋਂ ਅਪਲੋਡ ਕੀਤਾ ਸੀ। ਟੀਸੀਰੀਜ਼ ਸੰਸਾਰ ਦਾ ਸਭ ਤੋਂ ਵੱਧ ਸਬਸਕ੍ਰਾਈਬਰ ਕੀਤਾ ਗਿਆ ਚੈਨਲ ਹੈ। ਫੋਰਬਸ ਨੇ ਇਸ ਨੂੰ ਲੈ ਕੇ 30 ਮਈ 2019 ਨੂੰ ਸਟੋਰੀ ਕੀਤੀ ਸੀ। ਟੀ-ਸੀਰਜ਼ ਅਤੇ ਯੂ-ਟਿਊਬਰ 'ਪਿਊ ਡੀ ਪਾਈ' 'ਚ ਮੁਕਾਬਲਾ ਵੀ ਇਸੇ ਦੌੜ ਨੂੰ ਲੈ ਕੇ ਹੈ। ਇਸ ਗੀਤ ਦੀ ਧੁਨ ਬਣਾਉਣ ਵਾਲੇ ਅਮਨ. ਜੇ ਦੱਸਦੇ ਹਨ ਕਿ 'ਲੌਂਗ ਲਾਚੀ' ਬੀ. ਬੀ. ਸੀ. ਏਸ਼ੀਆ 'ਤੇ ਚਾਰ ਹਫਤੇ ਤੱਕ ਸਰਵੋਤਮ ਪੱਧਰ 'ਤੇ ਰਿਹਾ ਹੈ। ਇਹ ਸੰਗੀਤ ਦੀ ਬਹੁਤਾਤ 'ਚ ਇਹ ਵੱਡੀ ਗੱਲ ਹੈ। ਇਸ ਤੋਂ ਇਲਾਵਾ ਰੇਡੀਓ ਮਿਰਚੀ ਨੇ ਫਿਲਮੀ ਸ਼੍ਰੇਣੀ 'ਚ 'ਬੈਸਟ ਮਿਊਜ਼ਿਕ ਕੰਪੋਜ਼ਰ ਆਫ ਦੀ ਈਅਰ' ਦਾ ਸਨਮਾਨ ਅਮਨ. ਜੇ ਹੁਣਾਂ ਨੂੰ ਦਿੱਤਾ। ਇਸੇ ਗੀਤ ਲਈ ਮੰਨਤ ਨੂਰ ਅਤੇ ਗੁਰਮੀਤ ਸਿੰਘ ਨੂੰ ਇਸ ਗੀਤ ਲਈ ਇਨਾਮ ਮਿਲੇ ਹਨ। ਅਮਨ ਜੇ ਕਹਿੰਦੇ ਹਨ ਕਿ ਇਹ ਕਮਾਲ ਹੀ ਹੈ ਕਿ ਇਕ ਖਿੱਤੇ ਦਾ ਪੰਜਾਬੀ ਜ਼ੁਬਾਨ ਦਾ ਗੀਤ ਸੰਸਾਰ 'ਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਪਹਿਲਾ ਭਾਰਤੀ ਸੰਗੀਤ ਇੰਡਸਟਰੀ ਦਾ ਗੀਤ ਹੈ।

“ਮੈਨੂੰ ਇੱਕ ਸ਼ਬਦ ਨੇ ਬਹੁਤ ਛੂਹਿਆ ਹੈ।ਇਹ ਹੈ – ਸੰਦਲੀ! ਕਈ ਵਾਰ ਜਾਪਦਾ ਹੈ ਕਿ ਨਿੱਕੇ ਜਵਾਕਾਂ ਨੂੰ ਸੰਦਲੀ ਸ਼ਬਦ ਛੂੰਹਦਾ ਹੈ ਇਸ ਲਈ ਉਹ ਇਸ ਗੀਤ ਨੂੰ ਬਹੁਤ ਗਾਉਂਦੇ ਹਨ।ਮੇਰੇ ਹਿਸਾਬ ਨਾਲ ਇਹਦੇ ਕਈ ਮਾਇਨੇ ਹਨ।ਬਜ਼ੁਰਗਾਂ ਨੂੰ ਇਸ 'ਚ ਸੱਭਿਆਚਾਰਕ ਕਦਰਾਂ ਜਾਪਦੀਆਂ ਹਨ।ਇਹ ਆਮ ਜ਼ਿੰਦਗੀ ਦੇ ਆਮ ਜਹੇ ਲੋਕਾਂ ਦੀਆਂ ਆਮ ਜਹੀਆਂ ਸੱਧਰਾਂ ਦਾ ਗੀਤ ਹੈ।ਲੌਂਗ ਲਾਚੀ ਗੀਤ ਆਪਣੀ ਸਾਦਗੀ,ਆਪਣੇ ਸ਼ਬਦਾਂ,ਆਪਣੀ ਧੁਨ ਤੋਂ ਸਾਨੂੰ ਟੁੰਬਦਾ ਹੈ ਅਤੇ ਇਹਦਾ ਕੋਈ ਸਿੱਧਾ ਸਿੱਧਾ ਜਵਾਬ ਨਹੀਂ ਹੈ ਕਿ ਇੰਝ ਕਿਉਂ ਹੈ।ਇਹ ਗੀਤ ਮੰਨਤ ਨੂਰ ਨੇ ਗੁਰਸ਼ਬਦ ਨੇ ਬਹੁਤ ਸੋਹਣਾ ਗਾਇਆ ਹੈ ਪਰ ਮੈਂ ਇਹ ਗੀਤ ਜਦੋਂ ਲਿਖਿਆ ਸੀ ਤਾਂ ਅਮਰਿੰਦਰ ਗਿੱਲ ਹੁਣਾਂ ਨੂੰ ਧਿਆਨ 'ਚ ਰੱਖਕੇ ਲਿਖਿਆ ਸੀ।ਮੇਰੀ ਇੱਛਾ ਸੀ ਕਿ ਇਸ ਗੀਤ ਨੂੰ ਉਹ ਗਾਉਂਦੇ।“
–ਹਰਮਨਜੀਤ, ਗੀਤਕਾਰ ਲੌਂਗ ਲਾਚੀ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News