ਪ੍ਰੀਤ ਹਰਪਾਲ ਦੀ ਫਿਲਮ 'ਲੁਕਣ ਮੀਚੀ' 10 ਮਈ ਨੂੰ ਹੋਵੇਗੀ ਰਿਲੀਜ਼ (ਵੀਡੀਓ)
4/23/2019 8:17:30 PM
ਜਲੰਧਰ (ਬਿਊਰੋ)— ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਫਿਲਮ 'ਲੁਕਣ ਮੀਚੀ' ਨਾਲ ਫਿਲਮੀ ਪਰਦੇ 'ਤੇ ਮੁੜ ਵਾਪਸੀ ਕਰਨ ਜਾ ਰਹੇ ਹਨ। ਉਨ੍ਹਾਂ ਦੀ ਇਹ ਫ਼ਿਲਮ 10 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਜ਼ਰੀਏ ਕਈ ਦਹਾਕਿਆਂ ਬਾਅਦ ਦੋ ਦਿੱਗਜ ਅਦਾਕਾਰ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਦੀ ਦੋਸਤੀ ਮੁੜ ਪਰਦੇ 'ਤੇ ਨਜ਼ਰ ਆਵੇਗੀ। ਮੈਂਡੀ ਤੱਖਰ, ਅੰਮ੍ਰਿਤ ਔਲਖ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਜਤਿੰਦਰ ਕੌਰ, ਰੋਜ਼ ਜੇ ਕੌਰ, ਗੁਰਚੇਤ ਚਿੱਤਰਕਾਰ ਤੇ ਅਨਮੋਲ ਵਰਮਾ ਵਰਗੇ ਕਲਾਕਾਰਾਂ ਨਾਲ ਸਜੀ ਇਸ ਫ਼ਿਲਮ ਦੇ ਨਿਰਮਾਤਾ ਅਵਤਾਰ ਸਿੰਘ ਬੱਲ ਹਨ। 'ਬੰਬਲ ਬੀ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ, ਜਿਸ ਨੂੰ ਡਾਇਰੈਕਟ ਐੱਮ. ਹੁੰਦਲ ਨੇ ਕੀਤਾ ਹੈ।
ਪੰਜਾਬ ਦੇ ਸਰਹੱਦੀ ਸ਼ਹਿਰਾਂ ਤੇ ਹਰਿਆਣਾ 'ਚ ਫਿਲਮਾਈ ਗਈ ਇਸ ਫਿਲਮ ਦੀ ਕਹਾਣੀ ਦੋ ਦੋਸਤਾਂ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। ਇਹ ਦੋਵੇਂ ਫ਼ਿਲਮ 'ਚ ਪਹਿਲਾਂ ਇਕ-ਦੂਜੇ ਦੇ ਪੱਕੇ ਦੋਸਤ ਨਜ਼ਰ ਆਉਣਗੇ ਤੇ ਬਾਅਦ 'ਚ ਇਕ-ਦੂਜੇ ਦੇ ਕੱਟੜ ਵਿਰੋਧੀ। ਫਿਲਮ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਿਸੇ ਦੇ ਪਿੱਛੇ ਲੱਗਣ ਨਾਲ ਰਿਸ਼ਤਿਆਂ 'ਚ ਦਰਾਰਾਂ ਆ ਜਾਂਦੀਆਂ ਹਨ। ਫਿਲਮ ਦੇ ਹੀਰੋ ਪ੍ਰੀਤ ਹਰਪਾਲ ਮੁਤਾਬਕ ਉਹ ਜਿਸ ਤਰ੍ਹਾਂ ਦੀ ਫਿਲਮ ਦੀ ਭਾਲ 'ਚ ਸੀ, ਇਹ ਫਿਲਮ ਉਸੇ ਤਰ੍ਹਾਂ ਦੀ ਹੀ ਹੈ। ਉਹ ਇਸ 'ਚ ਗੁੱਗੂ ਗਿੱਲ ਦੇ ਛੋਟੇ ਭਰਾ ਦਾ ਕਿਰਦਾਰ ਨਿਭਾਅ ਰਿਹਾ ਹੈ। ਉਨ੍ਹਾਂ ਦਾ ਪਰਿਵਾਰ ਇਲਾਕੇ ਦਾ ਨਾਮੀ ਪਰਿਵਾਰ ਹੈ। ਪ੍ਰੀਤ ਹਰਪਾਲ ਮੁਤਾਬਕ ਇਸ ਫਿਲਮ ਦੇ ਨਾਲ-ਨਾਲ ਇਸ ਦਾ ਮਿਊਜ਼ਿਕ ਵੀ ਦਰਸ਼ਕਾਂ ਨੂੰ ਪਸੰਦ ਆਵੇਗਾ। ਜਤਿੰਦਰ ਸ਼ਾਹ ਦੇ ਸੰਗੀਤ 'ਚ ਸਜਿਆ ਫਿਲਮ ਦਾ ਹਰ ਗੀਤ ਦਰਸ਼ਕਾਂ ਨੂੰ ਪਸੰਦ ਆਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ