ਸੱਭਿਆਚਾਰ ਦੇ ਮਾਮਲੇ ''ਚ ਕਿਸੇ ਗੱਲੋਂ ਘੱਟ ਨਹੀਂ ''ਪਰਵਾਸੀ ਪੰਜਾਬੀ'' : ਗਿੱਪੀ ਗਰੇਵਾਲ

3/30/2019 1:10:58 PM

ਜਲੰਧਰ (ਬਿਊਰੋ) : ''ਰੋਟੀ ਰੋਟੀ ਖਾਤਰ ਤੇ ਸੁਨਹਿਰੇ ਭਵਿੱਖ ਲਈ ਪੰਜਾਬ ਚੜ੍ਹ ਕੇ ਵਿਦੇਸ਼ਾਂ 'ਚ ਗਏ ਪੰਜਾਬੀ, ਪੰਜਾਬੀ ਸੱਭਿਆਚਾਰ ਦੇ ਮਾਮਲੇ 'ਚ ਕਿਸੇ ਤੋਂ ਵੀ ਘੱਟ ਨਹੀਂ ਹਨ। ਪੰਜਾਬ ਨੂੰ ਉਹ ਲੋਕ ਵੀ ਓਨਾ ਹੀ ਪਿਆਰ ਕਰਦੇ ਹਨ, ਜਿੰਨਾ ਪੰਜਾਬ 'ਚ ਰਹਿਣ ਵਾਲੇ ਪੰਜਾਬੀ''। ਇਹ ਕਹਿਣਾ ਸਾਡਾ ਨਹੀਂ ਸਗੋਂ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦਾ ਹੈ। ਗਿੱਪੀ ਗਰੇਵਾਲ ਮੁਤਾਬਕ, ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਦੀ ਪ੍ਰਹੁਣਚਾਰੀ, ਰੀਤੀ-ਰਿਵਾਜਾਂ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਮੋਹ ਦਾ ਝਲਕਾਰਾ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਮੰਜੇ ਬਿਸਤਰੇ 2' 'ਚ ਦਿਖਾਈ ਦੇਵੇਗਾ। ਵਿਸਾਖੀ 'ਤੇ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ 'ਮੰਜੇ ਬਿਸਤਰੇ 2' ਪ੍ਰਤੀ ਗਿੱਪੀ ਗਰੇਵਾਲ ਦਾ ਕਹਿਣਾ ਹੈ ''ਉਨ੍ਹਾਂ ਦੀ ਇਸ ਫਿਲਮ ਦੀ ਸ਼ੂਟਿੰਗ ਕੈਨੇਡਾ 'ਚ ਕੀਤੀ ਗਈ ਹੈ। ਫਿਲਮ 'ਚ ਕੈਨੇਡਾ 'ਚ ਵੱਸਦੇ ਪੰਜਾਬੀ ਲੋਕਾਂ ਦੇ ਸੱਭਿਆਚਾਰ ਨੂੰ ਪਰਦੇ 'ਤੇ ਪੇਸ਼ ਕੀਤਾ ਗਿਆ ਹੈ। ਇਹ ਫਿਲਮ ਕੈਨੇਡਾ 'ਚ ਹੋਏ ਇਕ ਪੰਜਾਬੀ ਵਿਆਹ ਦੀ ਕਹਾਣੀ ਹੈ। ਫਿਲਮ 'ਚ ਦਿਖਾਇਆ ਗਿਆ ਹੈ ਕਿ ਕੈਨੇਡਾ 'ਚ ਵੱਸਦਾ ਇਕ ਪੰਜਾਬੀ ਪਰਿਵਾਰ ਆਪਣੇ ਮੁੰਡੇ ਦਾ ਵਿਆਹ ਕਰਦਾ ਹੈ। ਮੁੰਡਾ ਚਾਹੁੰਦਾ ਹੈ ਕਿ ਉਸ ਦਾ ਵਿਆਹ ਕੈਨੇਡਾ 'ਚ ਹੀ ਹੋਵੇ ਜਦੋਂਕਿ ਉਸ ਦੇ ਦਾਦੇ ਦੀ ਇੱਛਾ ਹੈ ਕਿ ਉਹ ਆਪਣੇ ਪੋਤੇ ਦਾ ਵਿਆਹ ਪੰਜਾਬ ਜਾ ਕੇ ਪੰਜਾਬੀ ਰੀਤੀ ਰਿਵਾਜਾਂ ਨਾਲ ਕਰੇ। ਆਖਿਰ 'ਚ ਫੈਸਲਾ ਲਿਆ ਜਾਂਦਾ ਹੈ ਕਿ ਵਿਆਹ ਕੈਨੇਡਾ 'ਚ ਹੀ ਕੀਤਾ ਜਾਵੇਗਾ ਪਰ ਪੰਜਾਬੀ ਰੀਤੀ ਰਿਵਾਜਾਂ ਨਾਲ। ਕੈਨੇਡਾ 'ਚ ਹੋਇਆ ਇਹ ਵਿਆਹ ਬੇਹੱਦ ਦਿਲਚਸਪ ਹੈ।''

ਗਿੱਪੀ ਗਰੇਵਾਲ ਮੁਤਾਬਕ 'ਮੰਜੇ ਬਿਸਤਰੇ' ਦੀ ਆਪਾਰ ਸਫਲਤਾ ਤੋਂ ਬਾਅਦ ਉਨ੍ਹਾਂ ਦੇ ਸਿਰ 'ਤੇ ਇਹ ਵੱਡੀ ਜ਼ਿੰਮੇਵਾਰੀ ਸੀ ਕਿ 'ਮੰਜੇ ਬਿਸਤਰੇ 2' ਨੂੰ ਪਹਿਲਾਂ ਨਾਲੋਂ ਵੱਡੀ ਫਿਲਮ ਕਿਵੇਂ ਬਣਾਇਆ ਜਾਵੇ ਪਰ ਫਿਲਮ ਦੇ ਟ੍ਰੇਲਰ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਇਹ ਸਾਬਤ ਹੋ ਗਿਆ ਹੈ ਕਿ ਉਨ੍ਹਾਂ ਦੀ ਮਿਹਨਤ ਸਫਲ ਹੋਵੇਗੀ। ਗਿੱਪੀ ਮੁਤਾਬਕ ਇਹ ਫਿਲਮ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਪੇਸ਼ਕਾਰੀ ਕਰੇਗੀ। ਉਨ੍ਹਾਂ ਦੇ ਹੀ ਨਿੱਜੀ ਬੈਨਰ 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇਅ ਉਨ੍ਹਾਂ ਨੇ ਖੁਦ ਲਿਖੇ ਹਨ ਜਦੋਂਕਿ ਸੰਵਾਦ ਨਰੇਸ਼ ਕਥੂਰੀਆ ਨੇ ਲਿਖੇ ਹਨ। ਬਲਜੀਤ ਸਿੰਘ ਦਿਓ ਵੱਲੋਂ ਨਿਰਦੇਸ਼ਤ ਕੀਤੀ ਇਸ ਫਿਲਮ 'ਚ ਉਨ੍ਹਾਂ ਨਾਲ ਇਸ ਵਾਰ ਸਿਮੀ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦੇ ਅਹਿਮ ਕਲਾਕਾਰਾਂ 'ਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਸਰਦਾਰ ਸੋਹੀ, ਰਘਵੀਰ ਬੋਲੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਭੰਗੂ, ਹੌਬੀ ਧਾਲੀਵਾਲ, ਹਾਰਬੀ ਸੰਘਾ, ਬਨਿੰਦਰ ਬਨੀ, ਜੱਗੀ ਸਿੰਘ ਅਤੇ ਦਵਿੰਦਰ ਦਮਨ ਨਜ਼ਰ ਆਉਣਗੇ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News