ਪੰਜਾਬੀ ਸੱਭਿਆਚਾਰ ਲਈ ਖਤਰਾ ਹਨ ਗੀਤਾਂ ਵਿਚ ਨਸ਼ੇ ਤੇ ਹਥਿਆਰਾਂ ਦਾ ਗੁਣਗਾਨ ਕਰਨ ਵਾਲੇ ਗਾਇਕ : ਸਿਰਸਾ

3/3/2020 8:47:23 AM

ਜਲੰਧਰ (ਜ. ਬ.) : ਪੰਜਾਬੀ ਸੱਭਿਆਚਾਰ ਵਿਚ ਬਚਪਨ ਵਿਚ ਲੋਰੀਆਂ, ਜਵਾਨੀ ਵਿਚ ਵਿਆਹ ਦੀਆਂ ਘੋਡ਼ੀਆਂ ਤੇ ਸੁਹਾਗ ਗਾ ਕੇ ਅਤੇ ਮੌਤ ਸਮੇਂ ਵੈਣ ਪਾ ਕੇ ਜੀਵਨ ਦਾ ਹਰ ਸੰਸਕਾਰ ਸੰਗੀਤ ਨਾਲ ਨੇਪਰੇ ਚਾਡ਼੍ਹਿਆ ਜਾਂਦਾ ਹੈ। ਪੰਜਾਬ ਦੀ ਪਾਵਨ ਧਰਤੀ ’ਤੇ ਸਿੱਖ ਗੁਰੂ ਸਾਹਿਬਾਨ ਨੇ ਅਧਿਆਤਮਿਕ ਗਿਆਨ ਵੀ ਸੰਗੀਤਕ ਵਿਧੀ ਨਾਲ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵੱਖ ਵੱਖ ਰਾਗਾਂ ਵਿਚ ਲਿਖੀ ਗਈ ਹੈ। ਪੰਜਾਬੀ ਜ਼ੁਬਾਨ ਦੇ ਬਹੁਤ ਵਧੀਆ ਗਾਇਕ ਹੋਏ ਹਨ ਅਤੇ ਅੱਜ ਵੀ ਹਨ ਪਰ ਅਫਸੋਸ ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਸੱਭਿਆਚਾਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕ ਵੀ ਇਸ ਖੇਤਰ ਵਿਚ ਦਾਖਲ ਹੋ ਚੁੱਕੇ ਹਨ, ਜਿਨ੍ਹਾਂ ਕਾਰਨ ਪੰਜਾਬ ਦੇ ਨੌਜਵਾਨ ਗੁੰਮਰਾਹ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਰਦੇ ਹੋਏ ਕਿਹਾ ਕਿ ਪੰਜਾਬੀ ਸੱਭਿਆਚਾਰ ਨਾਲ ਧ੍ਰੋਹ ਕਰਨ ਵਾਲੇ ਇਹ ਗਾਇਕ ਆਪਣੇ ਗੀਤਾਂ ਵਿਚ ਨਸ਼ੇ ਅਤੇ ਹਥਿਆਰਾਂ ਨੂੰ ਇਸ ਢੰਗ ਨਾਲ ਪੇਸ਼ ਕਰ ਰਹੇ ਹਨ ਕਿ ਅੱਜ ਦੀ ਨੌਜਵਾਨ ਪੀੜ੍ਹੀ ਪ੍ਰਭਾਵਿਤ ਹੋ ਰਹੀ ਹੈ ਅਤੇ ਇਨ੍ਹਾਂ ਨੂੰ ਉੱਚੇ ਰੁਤਬੇ ਦਾ ਪ੍ਰਤੀਕ ਮੰਨ ਕੇ ਬਰਬਾਦ ਹੋ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ।

ਪੰਜਾਬ ਦਾ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਕਰਜ਼ੇ ਵਿਚ ਡੁੱਬਾ ਹੋਇਆ ਹੈ ਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ ਪਰ ਇਹ ਗਾਇਕ ਆਪਣੇ ਗੀਤਾਂ ਵਿਚ ਪੰਜਾਬੀ ਕਿਸਾਨਾਂ ਨੂੰ ਨਸ਼ਿਆਂ ਨਾਲ ਅੱਯਾਸ਼ੀ ਕਰਦਾ ਅਤੇ ਹਥਿਆਰ ਚਲਾਉਂਦਾ ਦਿਖਾ ਰਹੇ ਹਨ। ਇਹ ਗਾਇਕ ਪੰਜਾਬ ਦੇ ਸ਼ਾਨਾਮੱਤੇ ਵਿਰਸੇ ਲਈ ਬਹੁਤ ਵੱਡਾ ਖਤਰਾ ਬਣਦੇ ਜਾ ਰਹੇ ਹਨ, ਇਸ ਕਿਸਮ ਦੇ ਗਾਉਣ ਵਾਲੇ ਵੱਡੀ ਗਿਣਤੀ ਵਿਚ ਪੰਜਾਬੀ ਸੱਭਿਆਚਾਰ ਨੂੰ ਦੂਸ਼ਿਤ ਕਰਨ ਵਿਚ ਲੱਗੇ ਹੋਏ ਹਨ। ਨਸ਼ੇ ਅਤੇ ਹਥਿਆਰਾਂ ਦਾ ਗੁਣਗਾਨ ਕਰਨ ਵਾਲੇ ਗੀਤਾਂ ਉੱਪਰ ਰੋਕ ਲਾਈ ਜਾਣੀ ਚਾਹੀਦੀ ਹੈ। ਇਸ ਗੱਲ ਲਈ ਕਾਨੂੰਨ ਕੰਮ ਕਰੇ ਕਿ ਜੇਕਰ ਕੋਈ ਗਾਉਣ ਵਾਲਾ ਅਜਿਹੇ ਗੀਤ ਗਾਉਂਦਾ ਹੈ ਤਾਂ ਉਸ ਉੱਪਰ ਕਾਰਵਾਈ ਹੋਵੇ। ਸਮਾਜ ਵੱਲੋਂ ਵੀ ਇਸ ਕਿਸਮ ਦੇ ਲੋਕਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਜੇਕਰ ਇਨ੍ਹਾਂ ਨੂੰ ਲੋਕ ਪ੍ਰੋਗਰਾਮਾਂ ਲਈ ਹੀ ਨਾ ਬੁਲਾਉਣਗੇ ਤਾਂ ਇਹ ਸੱਭਿਆਚਾਰ ਦੇ ਦੁਸ਼ਮਣ ਗਾਇਕ ਆਪਣੇ-ਆਪ ਲੁਪਤ ਹੋ ਜਾਣਗੇ। ਉਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਆਪਣੇ ਵਿਰਸੇ ਬਾਰੇ ਸਮਝਣ ਦੀ ਤਾਕੀਦ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News