ਦਰਸ਼ਕਾਂ ’ਚ ਫਿਲਮ ‘ਮਿੰਦੋ ਤਸੀਲਦਾਰਨੀ’ ਨੂੰ ਦੇਖਣ ਲਈ ਉਤਸ਼ਾਹ

6/24/2019 9:03:24 AM

ਜਲੰਧਰ - 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਨੂੰ ਦੇਖਣ ਲਈ ਦਰਸ਼ਕਾਂ ’ਚ ਉਤਸ਼ਾਹ ਵਧਦਾ ਹੀ ਜਾ ਰਿਹਾ ਹੈ। ਦਰਸ਼ਕਾਂ ਦਾ ਇਹ ਉਤਸ਼ਾਹ ਫਿਲਮ ਦੇ ਟ੍ਰੇਲਰ ਅਤੇ ਰਿਲੀਜ਼ ਹੋ ਰਹੇ ਵੱਖ-ਵੱਖ ਪ੍ਰੋਮੋਜ਼ ਕਾਰਨ ਵੱਧ ਰਿਹਾ ਹੈ। ਫਿਲਮ ਦੇ ਟ੍ਰੇਲਰ ਨੂੰ ਯੂ-ਟਿਊਬ ’ਤੇ ਹੁਣ ਤੱਕ 4.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਫਿਲਮ ਦੇ ਵਿਸ਼ੇ ਨੂੰ ਲੈ ਕੇ ਦਰਸ਼ਕਾਂ ’ਚ ਇਸ ਦੀ ਖੂਬ ਚਰਚਾ ਵੀ ਹੋ ਰਹੀ ਹੈ। ਫਿਲਮ ਦੇ ਹੁਣ ਤੱਕ 3 ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਫਿਲਮ ਇਕ ਛੋਟੇ ਜਿਹੇ ਪਿੰਡ ਦੇ ਮਾਹੌਲ ਨੂੰ ਪੇਸ਼ ਕਰਦੀ ਹੈ। ਕਰਮਜੀਤ ਅਨਮੋਲ ਨੇ ਇਸ ਫਿਲਮ ’ਚ ਤੇਜਾ ਨਾਂ ਦੇ ‘ਛੜੇ’ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ। ਕਵਿਤਾ ਕੌਸ਼ਿਕ ਇਸ ਫਿਲਮ ’ਚ ਮਹਿੰਦਰ ਕੌਰ ਉਰਫ ‘ਮਿੰਦੋ ਤਸੀਲਦਾਰਨੀ’ ਦੇ ਕਿਰਦਾਰ ’ਚ ਨਜ਼ਰ ਆਵੇਗੀ। ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਇਸ ਫਿਲਮ ’ਚ ਲੱਖਾ ਨਾਂ ਦਾ ਕਿਰਦਾਰ ਨਿਭਾ ਰਹੇ ਹਨ ਜਦਕਿ ਖੂਬਸੂਰਤ ਅਦਾਕਾਰਾ ਈਸ਼ਾ ਰਿੱਖੀ ਫਿਲਮ ’ਚ ਜੀਤੋ ਦੇ ਕਿਰਦਾਰ ’ਚ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ।

ਇਸ ਫਿਲਮ ’ਚ ਕਾਮੇਡੀ, ਭਾਵੁਕਤਾ, ਐਕਸ਼ਨ, ਪਿਆਰ, ਤਕਰਾਰ ਤੇ ਡਰਾਮਾ ਦੇਖਣ ਨੂੰ ਮਿਲੇਗਾ। ਦੱਸਣਯੋਗ ਹੈ ਕਿ ਇਸ ਫਿਲਮ ਨੂੰ ਅਵਤਾਰ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਫਿਲਮ ਦੇ ਪ੍ਰੋਡਿਊਸਰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਹਨ, ਜੋ ਇਸ ਤੋਂ ਪਹਿਲਾਂ ਹਿੱਟ ਫਿਲਮ ‘ਲਾਵਾਂ ਫੇਰੇ’ ਪ੍ਰੋਡਿਊਸ ਕਰ ਚੁੱਕੇ ਹਨ। ਫਿਲਮ ’ਚ ਹੋਰਨਾਂ ਤੋਂ ਇਲਾਵਾ ਸਰਦਾਰ ਸੋਹੀ, ਹਾਰਬੀ ਸੰਘਾ, ਪ੍ਰਕਾਸ਼ ਗਾਧੂ, ਮਲਕੀਤ ਰੌਣੀ, ਸੰਜੂ ਸੋਲੰਕੀ, ਰੁਪਿੰਦਰ ਰੂਪੀ ਤੇ ਲੱਕੀ ਧਾਲੀਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਫਿਲਮ ਦੇ ਸਹਾਇਕ ਨਿਰਮਾਤਾ ਤੇ ਪਵਿੱਤਰ ਬੈਨੀਪਾਲ ਹਨ। ਜੱਸ ਰਿਕਾਰਡਜ਼ ਦੇ ਬੈਨਰ ਹੇਠ ਇਸ ਫਿਲਮ ਦਾ ਟ੍ਰੇਲਰ ਅਤੇ ਗੀਤ ਰਿਲੀਜ਼ ਕੀਤੇ ਗਏ ਹਨ। ‘ਓਮਜੀ ਗਰੁੱਪ’ ਵੱਲੋਂ ਇਹ ਫਿਲਮ ਵੱਡੇ ਪੱਧਰ ’ਤੇ ਰਿਲੀਜ਼ ਕੀਤੀ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News