ਸਿੱਧੂ ਮੂਸੇਵਾਲਾ 'ਤੇ ਮੁਹੰਮਦ ਸਦੀਕ ਦਾ ਵੱਡਾ ਬਿਆਨ, ਸੈਂਸਰ ਬੋਰਡ ਵੀ ਲਪੇਟਿਆ (ਵੀਡੀਓ)

9/21/2019 1:28:33 PM

ਜਲੰਧਰ (ਬਿਊਰੋ) — ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਜੱਟੀ ਜਿਊਣੇ ਮੌੜ ਵਰਗੀ' 'ਚ ਮਾਈ ਭਾਗੋ ਦੇ ਨਾਂ ਦੀ ਦੁਰਵਰਤੋਂ ਕਰਨ ਕਰਕੇ ਸਖਤ ਵਿਰੋਧ ਕਰ ਰਹੇ ਹਨ। ਹੁਣ ਇਸ ਵਿਵਾਦ 'ਤੇ ਪੰਜਾਬੀ ਗਾਇਕ ਮੁਹੰਮਦ ਸਦੀਕ ਨੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਖਿਆ ਫਿਲਹਾਲ ਤਾਂ ਮੈਂ ਸਿੱਧੂ ਮੂਸੇਵਾਲਾ ਦਾ ਗੀਤ ਸੁਣਿਆ ਨਹੀਂ ਹੈ ਪਰ ਜੇ ਉਸ ਨੇ ਇਤਿਹਾਸ ਨੂੰ ਤੋੜ ਮਰੋੜ ਕੇ ਗੀਤ 'ਚ ਪੇਸ਼ ਕੀਤਾ ਹੈ ਤਾਂ  ਫਿਰ ਮੈਂ ਸਮਝਦਾ ਹਾਂ ਕਿ ਉਸ ਦੀ ਗਲਤੀ ਹੈ। ਸਾਡਾ ਇਤਿਹਾਸ ਬਹੁਤ ਅਮੀਰ ਇਤਿਹਾਸ ਹੈ, ਮਾਈ ਭਾਗੋ ਇਕ ਅਜਿਹਾ ਕਿਰਦਾਰ ਸੀ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਗਏ ਸਨ, ਉਨ੍ਹਾਂ ਲੋਕਾਂ ਨੂੰ ਚੂੜ੍ਹੀਆਂ ਪੇਸ਼ ਕੀਤੀਆਂ ਸਨ ਅਤੇ ਉਨ੍ਹਾਂ ਨੂੰ ਕਿਹਾ ਸੀ ਮੈਂ ਚੱਲੀ ਲੜਾਈ, ਮੈਂ ਲੜਾਂਗੀ।

ਲੱਚਰ ਗੀਤਾਂ 'ਤੇ ਖੁੱਲ੍ਹ ਕੇ ਬੋਲੇ ਮੁਹੰਮਦ ਸਦੀਕ  
ਮੁਹੰਮਦ ਸਦੀਕ ਨੇ ਕਿਹਾ ਅੱਜਕੱਲ ਲੋਕ ਲੱਚਰ ਗੀਤ ਜ਼ਿਆਦਾ ਸੁਣਦੇ ਹਨ ਤਾਂ ਹੀ ਗਾਇਕ ਅਜਿਹੇ ਗੀਤ ਬਣਾ ਰਹੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਗੀਤ ਸੁਣਨ ਤੋਂ ਚੰਗਾ ਹੈ ਉੱਠ ਕੇ ਚੱਲ ਜਾਓ, ਜਿਸ ਤੋਂ ਬਾਅਦ ਸ਼ਾਇਦ ਗਾਇਕ ਵੀ ਆਪਣੇ ਗੀਤ ਬਦਲ ਲੈਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਕਹਾਵਤ ਵੀ ਆਖੀ, ''ਜਿਸ ਤਰ੍ਹਾਂ ਦੇ ਮਰਨ ਮਰਵਾਉਣ ਵਾਲੇ, ਉਸੇ ਤਰ੍ਹਾਂ ਦੇ ਚੁੱਕਣ ਵਾਲੇ।'' ਇਸ ਮਾਮਲੇ 'ਚ ਗਾਇਕਾਂ ਦੀ ਗਲਤੀ ਘੱਟ ਹੈ, ਜਿਹੜੇ ਲੋਕ ਇਸ ਤਰ੍ਹਾਂ ਦੇ ਗੀਤ ਸੁਣਦੇ ਹਨ, ਉਨ੍ਹਾਂ ਦੀ ਜ਼ਿਆਦਾ ਗਲਤੀ ਹੈ।

ਦੱਸ ਦਈਏ ਕਿ ਮੁਹੰਮਦ ਸਦੀਕ ਨੇ ਸੈਂਸਰ ਬੋਰਡ ਨੂੰ ਲੈ ਕੇ ਕਿਹਾ ਸੈਂਸਰ ਬੋਰਡ 'ਤੇ ਸਿਫਾਰਿਸ਼ੀ ਬੰਦਿਆਂ ਨੂੰ ਰੱਖਿਆ ਜਾਂਦਾ ਹੈ। ਅਜਿਹੇ ਬੰਦੇ ਹੀ ਫਿਲਮਾਂ ਨੂੰ ਪਾਸ ਕਰਦੇ ਹਨ। ਸੈਂਸਰ ਬੋਰਡ ਜ਼ਰੂਰ ਹੋਣਾ ਚਾਹੀਦਾ ਹੈ, ਜਿਹੜਾ ਸਾਡੀ ਲੇਖਣੀ, ਸੱਭਿਆਚਾਰ ਤੇ ਪਿਛੋਕੜ ਨੂੰ ਚੰਗੇ ਤਰੀਕੇ ਨਾਲ ਜਾਣਦਾ ਹੋਵੇ।

ਦੱਸਣਯੋਗ ਹੈ ਸਿੱਧੂ ਮੂਸੇਵਾਲਾ ਦੇ ਮਾਮਲੇ ਨੂੰ ਲੈ ਕੇ ਜਦੋਂ ਐੱਸ. ਐੱਸ. ਪੀ. ਡਾ. ਨਰਿੰਦਰ ਭਾਰਗਵ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਵਿਵਾਦਿਤ ਗੀਤ ਦੀ ਸੀ. ਡੀ. ਮੰਗਵਾਈ ਗਈ ਹੈ। ਜੇਕਰ ਕੋਈ ਅਜਿਹਾ ਮਾਮਲਾ ਪ੍ਰਤੱਖ ਰੂਪ 'ਚ ਸਾਹਮਣੇ ਆਇਆ ਤਾਂ ਤੁਰੰਤ ਬਣਦੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News