‘ਨਿੱਕਾ ਜ਼ੈਲਦਾਰ 3’ ਵਿਚ ਤਿੱਗਣਾ ਹੋਵੇਗਾ ਹਾਸਾ-ਠੱਠਾ

9/18/2019 9:38:19 AM

ਜਲੰਧਰ(ਜ. ਬ.)- ਪੰਜਾਬੀ ਫਿਲਮ ‘ਨਿੱਕਾ ਜ਼ੈਲਦਾਰ 3’ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ’ਚ ਐਮੀ ਵਿਰਕ, ਵਾਮਿਕਾ ਗੱਬੀ, ਸੋਨੀਆ ਕੌਰ, ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਮੀਤ ਸਾਜਨ ਤੇ ਜਗਦੀਪ ਰੰਧਾਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਸੀਰੀਜ਼ ਦੀ ਤੀਜੀ ਫਿਲਮ ਹੈ ਤੇ ਇਸ ਤੋਂ ਪਹਿਲਾਂ ਰਿਲੀਜ਼ ਹੋਈਆਂ ਦੋਵੇਂ ਫਿਲਮਾਂ ਸੁਪਰਹਿੱਟ ਰਹੀਆਂ ਹਨ। ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਅਤੇ ਵਾਇਕਾਮ 18 ਸਟੂਡੀਓਜ਼ ਤੇ ਪਟਿਆਲਾ ਮੋਸ਼ਨ ਪਿਕਚਰਜ਼ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਇਸ ਫਿਲਮ ਦੇ ਪ੍ਰੋਡਿਊਸਰ ਅਮਨੀਤ ਸ਼ੇਰ ਸਿੰਘ, ਰਮਨੀਤ ਸ਼ੇਰ ਸਿੰਘ ਤੇ ਵਾਇਕਾਮ 18 ਸਟੂਡੀਓਜ਼ ਹਨ। ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਗੁਰਪ੍ਰੀਤ ਸਿੰਘ ਪਲਹੇੜੀ ਤੇ ਜਗਦੀਪ ਸਿੱਧੂ ਨੇ ਲਿਖੇ ਹਨ। ਹਾਲ ਹੀ ’ਚ ਫਿਲਮ ਦੀ ਪ੍ਰਮੋਸ਼ਨ ਦੌਰਾਨ ਫਿਲਮ ਦੀ ਸਟਾਰ ਕਾਸਟ ਨਾਲ ਸਾਡੀ ਪ੍ਰਤੀਨਿਧੀ ਨੇਹਾ ਮਨਹਾਸ ਵਲੋਂ ਖਾਸ ਮੁਲਾਕਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—
ਸਵਾਲ : ਇਸ ਵਾਰ ਨਿੱਕੇ ਨੂੰ ਕੀ ਮੁਸ਼ਕਲਾਂ ਆ ਰਹੀਆਂ ਹਨ?
ਐਮੀ ਵਿਰਕ : ਤੁਸੀਂ ਟ੍ਰੇਲਰ ’ਚ ਦੇਖ ਹੀ ਲਿਆ ਹੋਵੇਗਾ ਕਿ ਨਿੱਕੇ ਨੂੰ ਕੀ ਮੁਸ਼ਕਲਾਂ ਆ ਰਹੀਆਂ ਹਨ। ਦਰਅਸਲ ਮੁਸ਼ਕਲਾਂ ਆ ਨਹੀਂ ਰਹੀਆਂ, ਨਿੱਕੇ ਨੇ ਖੁਦ ਇਹ ਮੁਸ਼ਕਲਾਂ ਲਿਆਂਦੀਆਂ ਹਨ। ਚੰਗੀ ਭਲੀ ਜ਼ਿੰਦਗੀ ਚੱਲਦੀ ਹੁੰਦੀ ਹੈ ਪਰ ਨਿੱਕੇ ’ਚ ਸਬਰ ਨਹੀਂ ਹੈ। ਭੁੱਲ-ਭੁਲੇਖੇ ਗਲਤੀਆਂ ਹੋ ਜਾਂਦੀਆਂ ਹਨ ਤੇ ਉਨ੍ਹਾਂ ਮੁਸ਼ਕਲਾਂ ’ਚੋਂ ਕਿਵੇਂ ਨਿਕਲਦਾ ਹੈ, ਇਹ ਤੁਹਾਨੂੰ 20 ਸਤੰਬਰ ਨੂੰ ਪਤਾ ਲੱਗੇਗਾ।

ਸਵਾਲ : ਫਿਲਮ ’ਚ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਅ ਰਹੇ ਹੋ?
ਵਾਮਿਕਾ ਗੱਬੀ :
ਮੈਂ ਫਿਲਮ ’ਚ ਪਲਪ੍ਰੀਤ ਕੌਰ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹਾਂ। ਨਿੱਕਾ ਮੈਨੂੰ ਪਿਆਰ ਨਾਲ ਪਾਲੋ-ਪਾਲੋ ਕਹਿੰਦਾ ਹੈ। ਪਾਲੋ ਇਕ ਸ਼ਾਇਰ ਹੈ। ਜਿਸ ਤਰ੍ਹਾਂ ਦੇ ਹਾਲਾਤ ਉਸ ਦੀ ਜ਼ਿੰਦਗੀ 'ਚ ਆਉਂਦੇ ਹਨ, ਉਸ ਹਿਸਾਬ ਨਾਲ ਉਹ ਸ਼ੇਅਰ ਲਿਖਦੀ ਰਹਿੰਦੀ ਹੈ।

ਸੋਨੀਆ ਕੌਰ : ਫਿਲਮ ’ਚ ਮੈਂ ਡਿੰਪਲ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ। ਕਿਰਦਾਰ ਬਾਰੇ ਜ਼ਿਆਦਾ ਮੈਂ ਨਹੀਂ ਦੱਸ ਸਕਦੀ ਕਿਉਂਕਿ ਇਹ ਫਿਲਮ 'ਚ ਇਕ ਸਰਪ੍ਰਾਈਜ਼ ਪੈਕੇਜ ਹੈ। ਬਾਕੀ ਫਿਲਮ ਬਹੁਤ ਹੀ ਖੂਬਸੂਰਤ ਬਣੀ ਹੈ ਕਿਉਂਕਿ ਉਸ ’ਚ ਭਰਪੂਰ ਕਾਮੇਡੀ ਸਾਨੂੰ ਦੇਖਣ ਨੂੰ ਮਿਲੇਗੀ।

ਸਵਾਲ : ‘ਨਿੱਕਾ ਜ਼ੈਲਦਾਰ’ ਦਾ ਤੀਜਾ ਭਾਗ ਬਣਾਉਣ ਸਮੇਂ ਮੁਸ਼ਕਲਾਂ ਤਾਂ ਨਹੀਂ ਆਈਆਂ?

ਐਮੀ : ‘ਨਿੱਕਾ ਜ਼ੈਲਦਾਰ’ ਸੀਰੀਜ਼ ਦੀਆਂ ਫਿਲਮਾਂ ਬਣਾਉਣ ਸਮੇਂ ਸਾਨੂੰ ਮੁਸ਼ਕਲਾਂ ਨਹੀਂ ਆਉਂਦੀਆਂ ਹਨ ਕਿਉਂਕਿ ਸਾਨੂੰ ਇਸ ਫਿਲਮ ਦਾ ਤਰੀਕਾ ਪਤਾ ਹੈ ਕਿ ਇਹ ਕਿਵੇਂ ਬਣਾਉਣੀ ਹੈ। ਜੋ ਪਹਿਲਾਂ ਦੋ ਫਿਲਮਾਂ ਬਣਾਈਆਂ, ਉਨ੍ਹਾਂ ਦੇ ਰਿਜ਼ਲਟ ਤੋਂ ਪਤਾ ਲੱਗ ਗਿਆ ਸੀ ਕਿ ਲੋਕਾਂ ਨੇ ਕਿਸ ਤਰ੍ਹਾਂ ਉਨ੍ਹਾਂ ਨੂੰ ਪਸੰਦ ਕੀਤਾ ਹੈ। ‘ਨਿੱਕਾ ਜ਼ੈਲਦਾਰ 3’ ’ਚ ਭਰਪੂਰ ਕਾਮੇਡੀ ਦੇਖਣ ਨੂੰ ਮਿਲੇਗੀ ਤੇ ਪਹਿਲਾਂ ਨਾਲੋਂ ਤਿੱਗਣਾ ਹਾਸਾ-ਠੱਠਾ ਇਸ ਵਾਰ ਦੇਖਣ ਨੂੰ ਮਿਲੇਗਾ।

ਸਵਾਲ : ਨਿੱਕਾ ਜ਼ੈਲਦਾਰ ਵੱਡਾ ਕਦੋਂ ਹੋਵੇਗਾ?

ਐਮੀ : ਨਿੱਕਾ ਕਦੇ ਵੱਡਾ ਨਹੀਂ ਹੋਵੇਗਾ। ਉਹ ਭਾਵੇਂ ਅੱਜ ਤੋਂ 20 ਸਾਲ ਬਾਅਦ ਹੋਵੇ ਜਾਂ ਮੇਰੇ ਨਿਆਣੇ ਵੱਡੇ-ਵੱਡੇ ਹੋ ਜਾਣ, ਨਿੱਕੇ ਨੇ ਨਿੱਕਾ ਹੀ ਰਹਿਣਾ ਹੈ।

ਸਵਾਲ : ਨਿੱਕਾ ਜ਼ੈਲਦਾਰ ਸੀਰੀਜ਼ ਦੀ ਹਰ ਵਾਰ ਕਹਾਣੀ ਨਵੀਂ ਹੁੰਦੀ ਹੈ। ਅਜਿਹਾ ਕਿਉਂ?

ਐਮੀ : ਕਹਾਣੀ ਨਵੀਂ ਹੋਵੇ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ। ਇਹ ਥ੍ਰਿਲਰ ਜਾਂ ਐਕਸ਼ਨ ਫਿਲਮ ਨਹੀਂ ਹੈ, ਜਿਸ ਨੂੰ ਅਸੀਂ ਪੁਰਾਣੀ ਕਹਾਣੀ ਨਾਲ ਅੱਗੇ ਵਧਾ ਸਕਦੇ ਹਾਂ। ਇਸ ਸੀਰੀਜ਼ ਦੀ ਖੂਬਸੂਰਤ ਗੱਲ ਇਹ ਹੈ ਕਿ ਹਰ ਭਾਗ ਦੀ ਕਹਾਣੀ ਨਵੀਂ ਹੈ ਤੇ ਹਰ ਵਾਰ ਫਿਲਮ 'ਚ ਪੰਗੇ ਵੀ ਨਵੇਂ ਹੁੰਦੇ ਹਨ।

ਸਵਾਲ : ਸਿਮਰਜੀਤ ਸਿੰਘ ਨਾਲ ਕੰਮ ਕਰਨ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ?

ਐਮੀ : ਸਿਮਰਜੀਤ ਸਿੰਘ ਬਹੁਤ ਹੀ ਸ਼ਾਂਤ ਇਨਸਾਨ ਹਨ। ਸਿਮਰਜੀਤ ਸਿੰਘ ਟੌਪ ਦੇ ਪੰਜਾਬੀ ਡਾਇਰੈਕਟਰਾਂ 'ਚੋਂ ਇਕ ਹਨ। ਉਨ੍ਹਾਂ ਨਾਲ ਕੰਮ ਕਰਨਾ ਬੇਹੱਦ ਆਸਾਨ ਰਹਿੰਦਾ ਹੈ। ਬਾਕੀ ਸਟਾਰਕਾਸਟ ਵੀ ਫਿਲਮ ਦੀ ਕਾਫੀ ਵਧੀਆ ਸੀ।

ਸਵਾਲ : ਤੁਹਾਡਾ ਆਪਣਾ ਪ੍ਰੋਡਕਸ਼ਨ ਹਾਊਸ ਹੈ। ਵੈੱਬਸੀਰੀਜ਼ ਬਣਾਉਣ ਦੀ ਕੋਈ ਪਲਾਨਿੰਗ ਹੈ?

ਐਮੀ : ਵੈੱਬ ਸੀਰੀਜ਼ ਬਣਾਉਣ 'ਚ ਬਹੁਤ ਸਮਾਂ ਲੱਗਦਾ ਹੈ। ਅਜੇ ਜੋ ਪਹਿਲੀਆਂ ਫਿਲਮਾਂ ਸਾਈਨ ਕੀਤੀਆਂ ਹਨ, ਉਨ੍ਹਾਂ 'ਤੇ ਹੀ ਕੰਮ ਚੱਲ ਰਿਹਾ ਹੈ। ਹਾਂ ਵੈੱਬ ਸੀਰੀਜ਼ ਬਣਾਵਾਂਗੇ ਜ਼ਰੂਰ ਕਿਉਂਕਿ ਭਵਿੱਖ ਤਾਂ ਵੈੱਬ ਸੀਰੀਜ਼ ਦਾ ਹੀ ਹੈ। ਹਿੰਦੀ ਵੈੱਬ ਸੀਰੀਜ਼ ਜ਼ਿਆਦਾ ਚੱਲ ਰਹੀਆਂ ਹਨ ਪਰ ਪੰਜਾਬੀ ਘੱਟ ਇਸ ਲਈ ਬਣ ਰਹੀਆਂ ਹਨ ਕਿਉਂਕਿ ਪੈਸੇ ਫਿਲਮ ਜਿੰਨੇ ਹੀ ਲੱਗਦੇ ਹਨ ਤੇ ਰਿਕਵਰੀ ਓਨੀ ਹੁੰਦੀ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News