ਭਾਰਤੀ ਫਿਲਮਾਂ ਦੀ ਪਾਕਿਸਤਾਨ ''ਚ ਰਿਲੀਜ਼ਿੰਗ ''ਤੇ ਪਾਬੰਧੀ ਲਾਉਣ ਦੀ ਮੰਗ

10/13/2018 1:31:53 PM

ਮੁੰਬਈ(ਬਿਊਰੋ)— ਪਾਕਿਸਤਾਨ ਦੀ ਫਿਲਮ ਪ੍ਰੋਡਿਊਸਰਜ਼ ਐਸੋਸੀਏਸ਼ਨ ਨੇ ਭਾਰਤੀ ਫਿਲਮਾਂ ਨੂੰ ਦੇਸ਼ 'ਚ ਰਿਲੀਜ਼ ਕਰਨ 'ਤੇ ਪੂਰਨ ਪਾਬੰਦੀ ਦੀ ਮੰਗ ਕੀਤੀ ਹੈ। ਪੀ. ਐਫ. ਪੀ. ਏ. ਦੇ ਸੀਨੀਅਰ ਅਧਿਕਾਰੀ ਚੌਧਰੀ ਏਜਾਜ਼ ਕਾਮਰਾਨ ਦਾ ਕਹਿਣਾ ਹੈ ਕਿ, ''ਜੇਕਰ ਪਾਕਿਸਤਾਨੀ ਫਿਲਮਾਂ ਭਾਰਤ 'ਚ ਨਹੀਂ ਦਿਖਾਈਆਂ ਜਾਂਦੀਆਂ ਤਾਂ ਭਾਰਤੀ ਫਿਲਮਾਂ ਪਾਕਿਸਤਾਨ 'ਚ ਕਿਉਂ ਦਿਖਾਈਆਂ ਜਾ ਰਹੀਆਂ ਹਨ।'' ਕਾਮਰਾਨ ਨੇ ਇਕ ਇੰਟਰਵਿਊ ਦੌਰਾਨ ਕਿਹਾ, ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਹੋਵੇਗਾ ਕਿਉਂਕਿ ਇਹ ਸੱਚ ਹੈ ਕਿ ਸਾਡੇ ਡਿਸਟ੍ਰੀਬਿਊਟਰ ਅਤੇ ਹੋਰ ਕਾਰੋਬਾਰੀ ਭਾਰਤੀ ਫਿਲਮਾਂ ਨੂੰ ਇਥੇ ਰਿਲੀਜ਼ ਕਰਕੇ ਕਾਫੀ ਕਮਾਈ ਕਰ ਰਹੇ ਹਨ ਪਰ ਜੇ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਇਹ ਪ੍ਰਥਾ ਸਾਡੀ ਫਿਲਮ ਸਿਆਸਤ ਹੇਠਾਂ ਲੈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫਿਲਮਾਂ 'ਤੇ ਮੁਲਕ 'ਚ ਪੂਰੀ ਤਰ੍ਹਾਂ ਪਾਬੰਦੀ ਲਾਉਣੀ ਚਾਹੀਦੀ ਹੈ ਜਦੋਂਕਿ ਪਿਛਲੇ ਕੁਝ ਮਹੀਨਿਆਂ 'ਚ ਵੱਖ-ਵੱਖ ਕਾਰਨਾਂ ਕਰਕੇ ਕੁਝ ਭਾਰਤੀ ਫਿਲਮਾਂ ਨੂੰ ਪਾਕਿਸਤਾਨ ਦੇ ਸਿਨੇਮਾ ਘਰਾਂ 'ਚ ਰਿਲੀਜ਼ ਨਹੀਂ ਕੀਤਾ ਗਿਆ।

ਇਨ੍ਹਾਂ ਫਿਲਮਾਂ 'ਚ 'ਪੈਡਮਨ', 'ਵੀਰੇ ਦੀ ਵੈਡਿੰਗ', 'ਮੁਲਖ' ਅਤੇ 'ਰਾਜ਼ੀ' ਸਮੇਤ ਹੋਰ ਫਿਲਮਾਂ ਦੇ ਨਾਂ ਸ਼ਾਮਲ ਹਨ। ਕਾਮਰਾਨ ਨੇ ਕਿਹਾ ਕਿ ਪੀ. ਐਫ. ਪੀ. ਏ. ਨੇ ਇਸ ਸਬੰਧੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿੱਠੀ ਭੇਜੀ ਹੈ ਅਤੇ ਬੇਨਤੀ ਕੀਤੀ ਹੈ ਕਿ ਇਸ ਮਾਮਲੇ 'ਤੇ ਜ਼ਰੂਰੀ ਫੈਸਲਾ ਕੀਤਾ ਜਾਵੇ। ਉਨ੍ਹਾਂ ਆਸ ਜਤਾਈ ਕਿ ਸਰਕਾਰ ਪਾਕਿਸਤਾਨ ਦੀ ਫਿਲਮ ਸਨਅਤ ਨੂੰ ਬਚਾਉਣ ਲਈ ਇਸ ਮਾਮਲੇ 'ਤੇ ਸਪਸ਼ਟ ਫੈਸਲਾ ਲਵੇਗੀ ਅਤੇ ਭਾਰਤੀ ਫਿਲਮਾਂ 'ਤੇ ਪਾਬੰਦੀ ਲਾਵੇਗੀ। ਉਨ੍ਹਾਂ ਕਿਹਾ ਕਿ ਉਹ ਸਥਾਨਤ ਫਿਲਮ ਸਨਅਤ ਦੀ ਭਲਾਈ ਲਈ ਸੰਘਰਸ਼ ਕਰ ਰਹੇ ਹਨ ਅਤੇ ਇਸੇ ਤਹਿਤ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਫੈਸਲਾ ਵੀ ਕੀਤਾ ਹੈ। ਭਾਰਤੀ ਫਿਲਮਾਂ 'ਤੇ ਪਾਬੰਦੀ ਸਬੰਧੀ ਲਾਹੌਰ ਹਾਈ ਕੋਰਟ 'ਚ ਇਕ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News