ਆਪਣੇ ਸੁਫ਼ਨਿਆਂ ਨੂੰ ਰੁਲਦਾ ਵੇਖ ਕਦੇ ਗੁਰਪ੍ਰੀਤ ਘੁੱਗੀ ਨੇ ਲਿਆ ਸੀ ਇਹ ਫ਼ੈਸਲਾ, ਅੱਜ ਪਹੁੰਚੇ ਇਸ ਮੁਕਾਮ ''ਤੇ

6/19/2020 12:19:43 PM

ਜਲੰਧਰ (ਬਿਊਰੋ) — ਪੰਜਾਬੀ ਸਿਨੇਮਾ ਵਿਚ ਗੁਰਪ੍ਰੀਤ ਘੁੱਗੀ ਇੱਕ ਕਾਮੇਡੀਅਨ ਹੀ ਨਹੀਂ ਸਗੋਂ ਬਤੌਰ ਨਾਇਕ ਸੰਜੀਦਾ ਕਿਰਦਾਰਾਂ ਨਾਲ ਖੇਡਣ ਵਾਲਾ ਸਫ਼ਲ ਕਲਾਕਾਰ ਵੀ ਹਨ। ਅਜੋਕੇ ਦੌਰ ਦੀਆਂ ਫ਼ਿਲਮਾਂ ਵਿਚ ਇੱਕ ਅਲੱਗ ਪਛਾਣ ਰੱਖਣ ਵਾਲੇ ਇਸ ਕਲਾਕਾਰ ਨੇ ਅਦਾਕਾਰ ਬਣਨ ਦਾ ਸੁਫ਼ਨਾ ਬਚਪਨ ਦੇ ਦਿਨਾਂ ਵਿਚ ਹੀ ਲਿਆ ਸੀ, ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਵੱਡਾ ਸੰਘਰਸ਼ ਕਰਨਾ ਪਿਆ।

ਸਮੇਂ ਅਤੇ ਹਾਲਾਤ ਨਾਲ ਜੂਝਦਾ ਗੁਰਪ੍ਰੀਤ ਘੁੱਗੀ ਜਦੋਂ ਆਪਣੇ ਉਸਤਾਦ ਬਲਵਿੰਦਰ ਵਿੱਕੀ ਉਰਫ਼ 'ਚਾਚਾ ਰੌਣਕੀ ਰਾਮ' ਕੋਲ ਗਏ ਤਾਂ ਉਨ੍ਹਾਂ ਨੂੰ ਕਲਾਕਾਰੀ ਦੇ ਖੇਤਰ 'ਚ ਅੱਗੇ ਵਧਣ ਦਾ ਇੱਕ ਚੰਗਾ ਮੌਕਾ ਮਿਲਿਆ। ਦੂਰਦਰਸ਼ਨ ਦੇ ਲੜੀਵਾਰਾਂ 'ਰੋਣਕ ਮੇਲਾ', 'ਨੂਰਾ' ਅਤੇ 'ਪਰਛਾਵੇਂ' ਵਿਚ ਉਨ੍ਹਾਂ ਦੇ ਕਿਰਦਾਰ ਦਰਸ਼ਕਾਂ ਲਈ ਪ੍ਰਭਾਵਸ਼ਾਲੀ ਰਹੇ।

ਓਮ ਪ੍ਰਕਾਸ਼ ਗਾਸੋ ਦੇ ਨਾਵਲ 'ਤੇ ਆਧਾਰਿਤ ਪੰਜਾਬੀ ਲੜੀਵਾਰ 'ਪਰਛਾਵੇ' ਨਾਲ ਮਿਲੀ ਪ੍ਰਸਿੱਧੀ ਨੇ ਉਨ੍ਹਾਂ ਦੀ ਕਲਾ ਨੂੰ ਨਵਾਂ ਮੋੜ ਦਿੱਤਾ। ਦੂਰਦਰਸ਼ਨ ਅਤੇ ਆਲ ਇੰਡੀਆ ਦੇ ਪ੍ਰੋਗਰਾਮਾਂ ਰਾਹੀਂ ਇਕ ਵੱਖਰੀ ਪਛਾਣ ਬਣਾ ਚੁੱਕੇ ਗੁਰਪ੍ਰੀਤ ਘੁੱਗੀ ਨੇ ਪੰਜਾਬੀ ਫਿਲਮ 'ਜੀ ਆਇਆਂ ਨੂੰ' ਤੋਂ ਫਿਲਮੀ ਪਰਦੇ ਵੱਲ ਪਹਿਲਾ ਕਦਮ ਵਧਾਇਆ। ਭਾਵੇਂ ਕਿ ਗੁਰਪ੍ਰੀਤ ਘੁੱਗੀ ਨੇ ਹੁਣ ਤਕ ਜ਼ਿਆਦਾਤਰ ਕਾਮੇਡੀ ਕਿਰਦਾਰ ਹੀ ਨਿਭਾਏ ਪਰ ਕੁਝ ਸਾਲ ਪਹਿਲਾਂ ਆਈ ਫਿਲਮ 'ਅਰਦਾਸ' 'ਚ ਮਾਸਟਰ ਗੁਰਮੱਖ ਸਿੰਘ ਦੇ ਕਿਰਦਾਰ ਨੇ ਦਰਸ਼ਕਾਂ ਦੇ ਦਿਲਾਂ 'ਤੇ ਨਾਇਕ ਵਾਲੀ ਗੂੜ੍ਹੀ ਮੋਹਰ ਲਾ ਦਿੱਤੀ।

ਇਸ ਕਿਰਦਾਰ ਨੇ ਦਰਸ਼ਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਇਹ ਕਾਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਹੀ ਹੈ। ਇਸ ਕਿਰਦਾਰ ਬਦਲੇ ਉਨ੍ਹਾਂ ਨੂੰ ਬੈਸਟ ਐਕਟਰ ਦਾ ਐਵਾਰਡ ਵੀ ਮਿਲਿਆ। ਇਸੇ ਤਰ੍ਹਾਂ ਇਸ ਫ਼ਿਲਮ ਦੇ ਸੀਕਵਲ 'ਅਰਦਾਸ ਕਰਾਂ' 'ਚ ਗੁਰਪ੍ਰੀਤ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਪੀੜਤ ਇਕ ਜਿੰਦਾਂ-ਦਿਲ ਇਨਸਾਨ ਦੇ ਕਿਰਦਾਰ ਨੂੰ ਬਾਖ਼ੂਬੀ ਪਰਦੇ 'ਤੇ ਪੇਸ਼ ਕੀਤਾ। ਇਸ ਕਰਕੇ ਗੁਰਪ੍ਰੀਤ ਘੁੱਗੀ ਨੂੰ ਕਾਮੇਡੀ ਦੇ ਨਾਲ-ਨਾਲ ਬਹੁ-ਪਾਤਰੀ ਕਿਰਦਾਰਾਂ ਦਾ ਕਲਾਕਾਰ ਵੀ ਕਹਿ ਸਕਦਾ ਹੈ।

ਸਮਾਜਿਕ ਸਿਨੇਮਾ ਦਾ ਹਵਾਲਾ ਦਿੰਦੀ ਫਿਲਮ 'ਸੰਨ ਆਫ਼ ਮਨਜੀਤ ਸਿੰਘ' ਵੀ ਗੁਰਪ੍ਰੀਤ ਦੀ ਇਕ ਬਿਹਤਰੀਨ ਫਿਲਮ ਰਹੀ। ਗੁਰਪ੍ਰੀਤ ਦੀ ਕਾਮੇਡੀ ਅਦਾਕਾਰੀ ਦੀ ਗੱਲ ਕਰੀਏ ਤਾਂ ਫਿਲਮ 'ਚੱਕ ਦੇ ਫੱਟੇ' ਵਿਚ ਰਤਨ ਸਿੰਘ ਟਾਟਾ ਦੇ ਕਿਰਦਾਰ ਨੇ ਜੋ ਛਾਪ ਛੱਡੀ ਉਸ ਨੂੰ ਕਾਮੇਡੀ ਦਾ ਸਿਖ਼ਰ ਆਖ ਸਕਦੇ ਹਾਂ। ਜ਼ਿਲ੍ਹਾ ਗੁਰਦਾਸਪੁਰ ਦੇ ਇਕ ਨਿੱਕੇ ਜਿਹੇ ਪਿੰਡ ਵਿਚ ਮੱਧਵਰਗੀ ਮਿਹਨਤੀ ਪਰਿਵਾਰ 'ਚ ਜਨਮੇਂ ਗੁਰਪ੍ਰੀਤ ਘੁੱਗੀ ਨੇ ਆਪਣਾ ਬਚਪਨ ਤੰਗੀਆਂ ਤਰੁਸ਼ੀਆ ਭਰੇ ਮਾਹੌਲ ਵਿਚ ਗੁਜ਼ਾਰਿਆ।

ਘਰ ਦੀ ਆਰਥਿਕ ਸਥਿਤੀ ਚੰਗੀ ਨਾ ਹੋਣ ਕਾਰਨ ਉਨ੍ਹਾਂ ਨੂੰ 10ਵੀਂ ਦੀ ਪੜ੍ਹਾਈ ਕਰਨ ਮਗਰੋਂ ਕਚਹਿਰੀਆਂ ਵਿਚ ਆਰਜ਼ੀ ਨਵੀਸ ਕੋਲ ਟਾਈਪਿਸਟ ਦੀ ਨੌਕਰੀ ਵੀ ਕਰਨੀ ਪਈ। ਆਪਣੇ ਸੁਫ਼ਨਿਆਂ ਨੂੰ ਰੁਲਦਾ ਵੇਖ ਉਹ ਜ਼ਿਆਦਾ ਦੇਰ ਇਸ ਨੌਕਰੀ 'ਤੇ ਟਿਕ ਨਾ ਸਕਿਆ ਅਤੇ ਉਨ੍ਹਾਂ ਨੇ ਦੁਆਬਾ ਕਾਲਜ ਜਲੰਧਰ ਦਾਖ਼ਲਾ ਲੈ ਲਿਆ ਜਿੱਥੇ ਉਨ੍ਹਾਂ ਨੇ ਪੜਾਈ ਦੇ ਨਾਲ ਨਾਲ ਥੀਏਟਰ 'ਚ ਵੀ ਹਿੱਸਾ ਲੈਣਾ ਸ਼ੁਰੂ ਕੀਤਾ। ਇਸ ਤਰ੍ਹਾਂ ਉਨ੍ਹਾਂ ਦੀ ਕਲਾ ਦਾ ਸਫ਼ਰ ਸ਼ੁਰੂ ਹੋ ਗਿਆ।

ਗੁਰਪ੍ਰੀਤ ਘੁੱਗੀ ਹੁਣ ਤੱਕ 60 ਦੇ ਕਰੀਬ ਪੰਜਾਬੀ, ਹਿੰਦੀ ਫ਼ਿਲਮਾਂ ਸਮੇਂ ਅਨੇਕਾਂ ਟੈਲੀਫਿਲਮਾਂ ਵੀ ਕਰ ਚੁੱਕਾ ਹੈ। ਕਰੀਅਰ ਦੇ ਸ਼ੁਰੂਆਤੀ ਦੌਰ 'ਚ ਗੁਰਪ੍ਰੀਤ ਦੀਆਂ ਕਈ ਕਾਮੇਡੀ ਕੈਸਿਟਾਂ ਵੀ ਆਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਇਨ੍ਹਾਂ ਕੈਸਿਟਾਂ ਨੇ ਹੀ ਉਨ੍ਹਾਂ ਨੂੰ ਕਾਮੇਡੀ ਕਲਾਕਾਰ ਵਜੋਂ ਪਛਾਣ ਹਾਸਲ ਕਰਵਾਈ। ਦੱਸਣਯੋਗ ਹੈ ਕਿ ਗੁਰਪ੍ਰੀਤ ਘੁੱਗੀ ਇਸ ਸਮੇਂ 'ਨੌਰਥ ਜੋਨ ਫ਼ਿਲਮ' ਅਤੇ 'ਟੀ. ਵੀ. ਆਰਟਿਸਟ ਅਸੋਸੀਏਸ਼ਨ' ਦੇ ਪ੍ਰਧਾਨ ਵੀ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News