ਕਾਮੇਡੀ ਅਤੇ ਰੋਮਾਂਸ ਨਾਲ ''ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ'' ਜਿੱਤੇਗੀ ਦਰਸ਼ਕਾਂ ਦੇ ਦਿਲ

5/22/2019 9:21:34 AM

ਜਲੰਧਰ (ਬਿਊਰੋ) — ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੁਨੀਆ ਭਰ 'ਚ ਇਸ ਸ਼ੁੱਕਰਵਾਰ ਯਾਨੀ ਕਿ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਕਰਨ ਆਰ. ਗੁਲਿਆਨੀ ਨੇ ਡਾਇਰੈਕਟ ਕੀਤੀ ਹੈ, ਜਿਸ ਨੂੰ ਸੁਮੀਤ ਦੱਤ, ਅਨੁਪਮਾ ਕਾਟਕਰ ਤੇ ਇਆਰਾ ਦੱਤ ਨੇ ਪ੍ਰੋਡਿਊਸ ਕੀਤਾ ਹੈ, ਜੋ ਲਿਓਸਟ੍ਰਾਈਡ ਦੇ ਪ੍ਰੋਡਕਸ਼ਨ ਹਾਊਸ ਹੇਠ ਬਣੀ ਹੈ। ਫਿਲਮ ਦੀ ਪ੍ਰਮੋਸ਼ਨ ਜ਼ੋਰਾਂ 'ਤੇ ਚੱਲ ਰਹੀ ਹੈ। ਪ੍ਰਮੋਸ਼ਨ ਦੇ ਸਿਲਸਿਲੇ 'ਚ ਫਿਲਮ ਦੀ ਟੀਮ ਨੇ ਚੰਡੀਗੜ੍ਹ ਤੋਂ ਬਾਈਕ ਰੈਲੀ ਸ਼ੁਰੂ ਕੀਤੀ, ਜੋ ਜਲੰਧਰ ਹੁੰਦਿਆਂ ਅੰਮ੍ਰਿਤਸਰ ਵਿਖੇ ਖਤਮ ਹੋਈ। ਫਿਲਮ ਦੀ ਟੀਮ ਨਾਲ ਜਲੰਧਰ ਵਿਖੇ ਐਂਕਰ ਨੇਹਾ ਮਨਹਾਸ ਨੇ ਖਾਸ ਮੁਲਾਕਾਤ ਕੀਤੀ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼—

ਬਾਈਕ ਰੈਲੀ ਦਾ ਤਜਰਬਾ ਕਿਵੇਂ ਰਿਹਾ?

ਗਿੱਪੀ ਗਰੇਵਾਲ : ਐਕਸਾਈਟਮੈਂਟ ਬਹੁਤ ਜ਼ਿਆਦਾ ਸੀ ਕਿਉਂਕਿ ਐਨਰਜੀ ਸਾਡੀ ਬਹੁਤ ਅੱਪ ਹੈ। ਗਰਮੀ ਵੀ ਬਹੁਤ ਸੀ ਪਰ ਉਹ ਅਸੀਂ ਮਹਿਸੂਸ ਨਹੀਂ ਕੀਤੀ ਕਿਉਂਕਿ ਫਿਲਮ ਦੀ ਐਕਸਾਈਟਮੈਂਟ ਇੰਨੀ ਜ਼ਿਆਦਾ ਹੈ। ਖੁਸ਼ ਹਾਂ ਪ੍ਰਮੋਸ਼ਨ ਵੀ ਚੱਲ ਰਹੀ ਹੈ ਤੇ ਜਦੋਂ ਕੰਟੈਂਟ ਵਧੀਆ ਹੋਵੇ ਤਾਂ ਆਪਣੇ ਆਪ ਦਿਲ ਕਰਦਾ ਹਰੇਕ ਨੂੰ ਦੱਸਣ ਦਾ। ਮੈਨੂੰ ਯਾਦ ਹੈ ਮੇਰੇ ਤੋਂ ਪਹਿਲਾਂ ਸਰਗੁਣ ਨੇ ਫਿਲਮ ਦੇਖੀ ਸੀ ਤੇ ਕਈ ਵਾਰ ਇਸ ਨੇ ਮੈਨੂੰ ਦੱਸਿਆ ਕਿ ਆਪਣੀ ਫਿਲਮ ਬਹੁਤ ਵਧੀਆ ਹੈ। ਸੋ ਉਹੀ ਐਕਸਾਈਟਮੈਂਟ ਲੈਵਲ ਸਾਡਾ ਚੱਲ ਰਿਹਾ ਹੈ।

ਸਰਗੁਣ- ਬਹੁਤ ਵਧੀਆ ਰਿਹਾ, ਇੰਨੀ ਗਰਮੀ ਹੈ ਪਰ ਅਸੀਂ ਹੱਸਦੇ-ਹੱਸਦੇ ਤੇ ਲੜਦੇ-ਲੜਦੇ ਇਹ ਰੈਲੀ ਕੱਢ ਦਿੱਤੀ। ਬਹੁਤ ਮਜ਼ਾ ਆਇਆ ਤੇ ਇਕ ਵੱਖਰਾ ਐਕਸਪੀਰੀਐਂਸ ਲੱਗਾ।

ਕਿਸੇ ਫਿਲਮ ਦਾ ਰੀਮੇਕ ਬਣਾਉਣ ਵੇਲੇ ਕਿੰਨੀ ਕੁ ਜ਼ਿੰਮੇਵਾਰੀ ਰਹਿੰਦੀ ਹੈ?

ਗਿੱਪੀ ਗਰੇਵਾਲ : ਅਸੀਂ ਆਪਣਾ ਲੈਵਲ ਸੈੱਟ ਕੀਤਾ ਹੋਇਆ ਹੈ। ਜ਼ਰੂਰੀ ਨਹੀਂ ਕਿ ਰੀਮੇਕ ਫਿਲਮ ਲਈ ਜ਼ਿੰਮੇਵਾਰੀ ਵੱਧ ਜਾਂਦੀ ਹੈ, ਸਗੋਂ ਬਾਕੀ ਜੋ ਅਸੀਂ ਫਿਲਮਾਂ ਕਰਦੇ ਹਾਂ, ਉਨ੍ਹਾਂ ਨੂੰ ਵੀ ਓਨੀ ਹੀ ਜ਼ਿੰਮੇਵਾਰੀ ਨਾਲ ਨਿਭਾਉਣਾ ਪੈਂਦਾ ਹੈ। ਇਸ ਫਿਲਮ 'ਚ ਵੀ ਵੱਖਰਾ ਕਿਰਦਾਰ ਨਿਭਾਉਣ ਲਈ ਮਿਹਨਤ ਕੀਤੀ ਹੈ, ਜੋ ਦਰਸ਼ਕ 24 ਮਈ ਨੂੰ ਸਿਨੇਮਾਘਰਾਂ 'ਚ ਜ਼ਰੂਰ ਪਸੰਦ ਕਰਨਗੇ।

ਕੀ ਇਹ ਗੱਲ ਸੱਚ ਹੈ ਕਿ ਤੁਸੀਂ ਸੱਚੀ ਊਠ ਤੋਂ ਡਿੱਗੇ ਸੀ?

ਸਰਗੁਣ ਮਹਿਤਾ : ਗਿੱਪੀ ਦੀ ਆਦਤ ਹੈ ਕਿ ਉਹ ਜਿਸ ਵੀ ਇੰਟਰਵਿਊ 'ਚ ਜਾਂਦੇ ਹਨ, ਮੈਨੂੰ ਕਿਸੇ ਨਾ ਕਿਸੇ ਚੀਜ਼ ਤੋਂ ਡਿਗਾ ਦਿੰਦੇ ਹਨ। ਪਹਿਲਾਂ ਊਠ ਦੀ ਗੱਲ ਕੀਤੀ ਤੇ ਅੱਜ ਇਨ੍ਹਾਂ ਨੇ ਬਾਈਕ ਤੋਂ ਡਿੱਗਣ ਦੀ ਗੱਲ ਕੀਤੀ ਹੈ। ਅੱਗੇ ਸ਼ਾਇਦ ਇਹ ਗੱਲ ਵੀ ਸਾਹਮਣੇ ਆ ਸਕਦੀ ਹੈ ਕਿ ਮੈਂ ਪਲੇਨ ਤੋਂ ਵੀ ਡਿੱਗੀ ਹਾਂ। ਸੋ ਗਿੱਪੀ ਦੀਆਂ ਗਿੱਪੀ ਹੀ ਜਾਣੇ।

ਕੀ ਤੁਹਾਡੀ ਫਿਲਮ ਸਿਆਸੀ ਮਾਹੌਲ 'ਚ ਲੋਕਾਂ ਦਾ ਤਣਾਅ ਦੂਰ ਕਰੇਗੀ?

ਗਿੱਪੀ ਗਰੇਵਾਲ : ਬਿਲਕੁਲ ਇਹ ਫਿਲਮ ਲੋਕਾਂ ਦਾ ਤਣਾਅ ਦੂਰ ਕਰੇਗੀ। 23 ਤਰੀਕ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣੇ ਹਨ, 24 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ। ਜਿਨ੍ਹਾਂ ਦੇ ਉਮੀਦਵਾਰ ਜਿੱਤ ਗਏ, ਉਹ ਖੁਸ਼ੀ ਨਾਲ ਫਿਲਮ ਦੇਖਿਓ, ਜਿਨ੍ਹਾਂ ਦੇ ਹਾਰ ਗਏ, ਉਹ ਜੇਕਰ ਟੈਨਸ਼ਨ 'ਚ ਜਾ ਰਹੇ ਹਨ ਤਾਂ ਵੀ ਖੁਸ਼ ਹੋ ਕੇ ਸਿਨੇਮਾਘਰਾਂ 'ਚੋਂ ਬਾਹਰ ਆਉਣਗੇ। ਸੋ ਦੋਵਾਂ ਧਿਰਾਂ ਲਈ ਇਕ ਵਧੀਆ ਆਪਸ਼ਨ ਹੈ।

ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਜਿੱਤੇਗੀ?

ਗਿੱਪੀ ਗਰੇਵਾਲ : ਮੈਨੂੰ ਲੱਗਦਾ ਹੈ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਜਿੱਤੇਗੀ, ਜੋ ਕਿ ਕਾਮੇਡੀ ਤੇ ਰੋਮਾਂਸ ਨਾਲ ਦਰਸ਼ਕਾਂ ਦੇ ਦਿਲ ਜਿੱਤੇਗੀ। ਮੈਂ ਪਹਿਲਾਂ ਵੀ ਇਹੀ ਗੱਲ ਆਖੀ ਸੀ ਕਿ ਵੋਟ ਪਾਉਣਾ ਤੁਹਾਡਾ ਹੱਕ ਹੈ, ਜਿਸ ਦੀ ਤੁਹਾਨੂੰ ਵਰਤੋਂ ਕਰਨੀ ਚਾਹੀਦੀ ਹੈ। ਸੋਚ-ਸਮਝ ਕੇ ਵੋਟ ਪਾਓ ਕਿਉਂਕਿ ਮੁੜ ਕੇ ਪੰਜ ਸਾਲ ਅਸੀਂ ਇਕੋ ਕੰਮ ਕਰਦੇ ਹਾਂ, ਉਹ ਹੈ ਪਛਤਾਵਾ। ਜੇ ਅਸੀਂ ਚਾਹੁੰਦੇ ਹਾਂ ਕਿ ਪਛਤਾਈਏ ਨਾ ਤਾਂ ਧਿਆਨ ਨਾਲ ਵੋਟ ਦੇ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ।

ਕੀ ਸਟਾਰ ਬਣਨ ਤੋਂ ਪਹਿਲਾਂ ਵੀ ਤੁਸੀਂ ਕਦੇ ਅੰਮ੍ਰਿਤਸਰ ਗਏ ਸੀ?

ਸਰਗੁਣ ਮਹਿਤਾ : ਜੀ ਹਾਂ, ਬਹੁਤ ਵਾਰ ਮੈਂ ਅੰਮ੍ਰਿਤਸਰ ਗਈ ਹਾਂ। ਪਹਿਲੀ ਵਾਰ ਜਦੋਂ ਮੈਂ ਅੰਮ੍ਰਿਤਸਰ ਆਈ ਤਾਂ ਮੈਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣਾ ਸੀ। ਮੈਨੂੰ ਯਾਦ ਹੈ ਕਿ ਮੈਂ ਆਪਣੇ ਪਰਿਵਾਰ ਨਾਲ ਗੱਡੀ 'ਚ ਅੰਮ੍ਰਿਤਸਰ ਆਈ ਸੀ।

ਗਿੱਪੀ ਤੇ ਸਰਗੁਣ ਨਾਲ ਕੰਮ ਕਰਨ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ?

ਕਰਨ ਆਰ. ਗੁਲਿਆਨੀ : ਗਿੱਪੀ ਤੇ ਸਰਗੁਣ ਦੀ ਖਾਸ ਗੱਲ ਇਹ ਹੈ ਕਿ ਦੋਵੇਂ ਹੀ ਕਮਾਲ ਦੇ ਐਕਟਰ ਹਨ ਤੇ ਬਹੁਤ ਪ੍ਰੋਫੈਸ਼ਨਲ ਹਨ। ਅਸੀਂ ਉਸੇ ਦਿਨ ਇਕ ਟੀਮ ਬਣ ਗਏ ਸੀ, ਜਦੋਂ ਸਕ੍ਰਿਪਟ ਰੀਡਿੰਗ ਹੁੰਦੀ ਸੀ। ਉਸ ਦਿਨ ਤੋਂ ਸਿਰਫ ਗਿੱਪੀ ਤੇ ਸਰਗੁਣ ਦੀ ਹੀ ਨਹੀਂ, ਸਗੋਂ ਪੂਰੀ ਟੀਮ ਦੀ ਕੈਮਿਸਟਰੀ ਬਣ ਗਈ ਸੀ। ਅਸੀਂ ਸਕ੍ਰਿਪਟ ਇਕੱਠਿਆਂ ਨੇ ਪੜ੍ਹੀ, ਸੋ ਉਸ ਨੂੰ ਪਰਦੇ 'ਤੇ ਪੇਸ਼ ਕਰਨਾ ਹੋਰ ਵੀ ਆਸਾਨ ਹੋ ਗਿਆ ਸੀ।

ਰੀਮੇਕ ਬਣਾਉਣਾ ਕਿੰਨਾ ਮੁਸ਼ਕਿਲ ਹੁੰਦਾ ਹੈ?

ਕਰਨ ਆਰ. ਗੁਲਿਆਨੀ : ਰੀਮੇਕ ਬਣਾਉਣਾ ਮੁਸ਼ਕਿਲ ਤਾਂ ਹੈ ਪਰ ਮੈਂ ਨਰੇਸ਼ ਕਥੂਰੀਆ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨਾਲ ਬੈਠ ਕੇ ਅਸੀਂ ਲਗਭਗ 3 ਮਹੀਨੇ ਸਕ੍ਰਿਪਟ 'ਤੇ ਕੰਮ ਕੀਤਾ। ਜਿਹੜੀ ਓਰਿਜਨਲ ਫਿਲਮ 'ਮੁੰਬਈ ਪੁਣੇ ਮੁੰਬਈ' ਹੈ, ਉਸ ਤੋਂ ਲਗਭਗ 70 ਫੀਸਦੀ ਫਿਲਮ ਅਸੀਂ ਚੇਂਜ ਕੀਤੀ ਹੈ। ਬੇਸ ਫਿਲਮ ਦਾ ਉਹੀ ਹੈ ਪਰ ਇਮੋਸ਼ਨਜ਼ ਤੇ ਕਾਮੇਡੀ ਪੰਜਾਬੀਆਂ ਦੇ ਹਿਸਾਬ ਨਾਲ ਰੱਖੀ ਗਈ ਹੈ।

ਫਿਲਮ ਨੂੰ ਪ੍ਰੋਡਿਊਸ ਕਰਨ ਲਈ ਕਿਸ ਚੀਜ਼ ਨੇ ਖਿੱਚਿਆ?

ਸੁਮੀਤ ਦੱਤ- ਮੈਂ ਇਕ ਕ੍ਰਿਏਟਿਵ ਪ੍ਰੋਡਿਊਸਰ ਹਾਂ ਤੇ ਮੇਰੀ ਇਕ ਆਪਣੀ ਕ੍ਰਿਏਟਿਵ ਬੈਕਗਰਾਊਂਡ ਹੈ। ਜਦੋਂ ਮੈਂ 'ਮੁੰਬਈ ਪੁਣੇ ਮੁੰਬਈ' ਫਿਲਮ ਦੇਖੀ ਤਾਂ ਇੰਝ ਲੱਗਾ ਕਿ ਇਹ ਚੀਜ਼ ਸਾਡੇ ਦੇਸ਼ 'ਚ ਹਰ ਸ਼ਹਿਰ 'ਚ ਹੈ। ਰੋਮ-ਕੌਮ ਫਿਲਮ ਕੋਈ ਨਵੀਂ ਚੀਜ਼ ਨਹੀਂ ਹੈ ਪਰ ਇਸ ਫਿਲਮ 'ਚ ਤੁਸੀਂ ਕੀ ਮੈਸੇਜ ਦੇ ਰਹੇ ਹੋ ਤੇ ਕਿਸ ਤਰ੍ਹਾਂ ਦਰਸ਼ਕਾਂ ਨਾਲ ਕਨੈਕਟ ਕਰ ਰਹੇ ਹੋ, ਇਹ ਜ਼ਰੂਰੀ ਚੀਜ਼ ਹੁੰਦੀ ਹੈ। ਮੈਨੂੰ ਫਿਲਮ ਦੀ ਵਧੀਆ ਗੱਲ ਇਹ ਲੱਗੀ ਕਿ ਜੋ ਸੋਸ਼ਲ ਮੁੱਦੇ ਇਸ ਫਿਲਮ 'ਚ ਚੁੱਕੇ ਗਏ ਹਨ ਤੇ ਆਮ ਲੋਕਾਂ ਦੇ ਇਮੋਸ਼ਨਜ਼ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਰਾਹੀਂ ਇੰਨੇ ਪਿਆਰ ਨਾਲ ਦਿਖਾਇਆ ਗਿਆ ਹੈ, ਉਹ ਮੈਨੂੰ ਬਹੁਤ ਪਸੰਦ ਆਇਆ।

ਚੰਡੀਗੜ੍ਹ ਤੇ ਅੰਮ੍ਰਿਤਸਰ ਨੂੰ ਹੀ ਕਿਉਂ ਫਿਲਮ ਦੇ ਨਾਂ ਲਈ ਚੁਣਿਆ ਗਿਆ?

ਸੁਮੀਤ ਦੱਤ : ਅੰਮ੍ਰਿਤਸਰ ਪੰਜਾਬ ਦਾ ਇਤਿਹਾਸ ਪੱਖੋਂ ਸਭ ਤੋਂ ਅਮੀਰ ਸ਼ਹਿਰ ਹੈ। ਅੰਮ੍ਰਿਤਸਰ ਨਾਲ ਸਬੰਧਤ ਪੰਜਾਬੀਆਂ ਦਾ ਇਤਿਹਾਸ ਸਭ ਨੂੰ ਪਤਾ ਹੈ। ਕੋਈ ਅਜਿਹਾ ਸ਼ਖਸ ਨਹੀਂ ਹੋਵੇਗਾ, ਜਿਸ ਨੂੰ ਅੰਮ੍ਰਿਤਸਰ ਬਾਰੇ ਨਾ ਪਤਾ ਹੋਵੇ। ਸਿਰਫ ਪੰਜਾਬ ਹੀ ਨਹੀਂ, ਦੇਸ਼ ਭਰ 'ਚ ਅੰਮ੍ਰਿਤਸਰ ਮਸ਼ਹੂਰ ਹੈ। ਉਥੇ ਦੂਜੇ ਪਾਸੇ ਚੰਡੀਗੜ੍ਹ ਭਾਰਤ ਦਾ ਸਭ ਤੋਂ ਮਾਡਰਨ ਸ਼ਹਿਰ ਹੈ। ਇਕ ਨਵੀਂ ਸੋਚ ਹੈ ਤੇ ਨਵਾਂ ਪਹਿਰਾਵਾ ਹੈ ਪਰ ਹੈ ਦੋਵੇਂ ਪੰਜਾਬੀ। ਸੋ ਮੈਨੂੰ ਇਨ੍ਹਾਂ ਦੋਵਾਂ ਦਾ ਮੇਲ ਕਾਫੀ ਵਧੀਆ ਲੱਗਾ। ਉਥੇ ਮੈਂ ਅੰਮ੍ਰਿਤਸਰ ਤੋਂ ਹਾਂ ਤੇ ਮੈਂ ਇਹ ਫਿਲਮ ਆਪਣੇ ਸ਼ਹਿਰ ਨੂੰ ਡੈਡੀਕੇਟ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News