ਖੂਬ ਪਸੰਦ ਕੀਤਾ ਜਾ ਰਿਹੈ ''ਦਾਸਤਾਨ-ਏ-ਮੀਰੀ ਪੀਰੀ'' ਦਾ ਟਰੇਲਰ

5/14/2019 9:15:40 AM

ਜਲੰਧਰ (ਬਿਊਰੋ) — ਹਾਲ ਹੀ 'ਚ 3ਡੀ ਐਨੀਮੇਸ਼ਨ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵ੍ਹਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਏ ਫਿਲਮ ਦੇ ਟ੍ਰੇਲਰ ਨੂੰ ਹੁਣ ਤਕ 12 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 5 ਜੂਨ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜੋ ਸਿੱਖ ਇਤਿਹਾਸ ਦੇ ਕਈ ਅਣਛੂਹੇ ਪਹਿਲੂਆਂ ਨੂੰ ਪਰਦੇ 'ਤੇ ਦਰਸਾਏਗੀ। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ, ਫਿਲਮ 'ਚ ਮੀਰੀ ਪੀਰੀ ਦੇ ਇਤਿਹਾਸ ਨੂੰ ਦਰਸਾਇਆ ਗਿਆ ਹੈ। 1606 ਈਸਵੀਂ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤੇ ਤਾਨਾਸ਼ਾਹੀ ਮੁਗ਼ਲਾਂ ਦੇ ਖਿਲਾਫ ਧਰਮ ਯੁੱਧ ਲੜਦਿਆਂ ਤਖ਼ਤ ਸਿਰਜੇ, ਨਗਾਰੇ ਖੜਕੇ, ਫੌਜਾਂ ਸਜੀਆਂ, ਤੇਗਾਂ ਲਿਸ਼ਕੀਆਂ ਤੇ ਕੌਮ ਦੇ ਵਾਰਿਸ ਸੰਤ ਸਿਪਾਹੀ ਬਣ ਕੇ ਗਰਜੇ।

ਦੱਸਣਯੋਗ ਹੈ ਕਿ ਫਿਲਮ 'ਚ ਮੀਰੀ ਪੀਰੀ ਦੇ ਇਤਿਹਾਸ ਦੇ ਨਾਲ-ਨਾਲ ਬਾਬਾ ਬਿਧੀ ਚੰਦ ਜੀ ਦੀ ਜ਼ਿੰਦਗੀ ਨੂੰ ਵੀ ਦਰਸਾਇਆ ਜਾਵੇਗਾ। 'ਦਾਸਤਾਨ-ਏ-ਮੀਰੀ ਪੀਰੀ' ਛਟਮਪੀਰ ਪ੍ਰੋਡਕਸ਼ਨਜ਼ ਵਲੋਂ ਬਣਾਈ ਗਈ ਹੈ। ਇਸ ਫਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਗੁਰਜੋਤ ਸਿੰਘ ਆਹਲੂਵਾਲੀਆ ਨੇ ਲਿਖੀ ਹੈ, ਜੋ ਫਿਲਮ ਦੇ ਅਸਿਸਟੈਂਟ ਡਾਇਰੈਕਟਰ ਵੀ ਹਨ। ਫਿਲਮ ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ ਤੇ ਨਵਦੀਪ ਕੌਰ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਫਿਲਮ ਦੇ ਕੋ-ਪ੍ਰੋਡਿਊਸਰ ਨੋਬਲਪ੍ਰੀਤ ਸਿੰਘ ਤੇ ਬਲਰਾਜ ਸਿੰਘ ਹਨ। ਫਿਲਮ ਦੇ ਗੀਤ ਕੈਲਾਸ਼ ਖੇਰ, ਉਸਤਾਦ ਰਾਸ਼ਿਦ ਖਾਨ, ਸ਼ਫਕਤ ਅਮਾਨਤ ਅਲੀ, ਮੁਹੰਮਦ ਇਰਸ਼ਾਦ ਤੇ ਰੁਪਾਲੀ ਮੋਂਗੇ ਨੇ ਗਾਏ ਹਨ। ਫਿਲਮ ਦਾ ਸੰਗੀਤ ਕੁਲਜੀਤ ਸਿੰਘ ਨੇ ਤਿਆਰ ਕੀਤਾ ਹੈ। ਟ੍ਰੇਲਰ 'ਚ ਕੈਲਾਸ਼ ਖੇਰ ਦੀ ਆਵਾਜ਼ 'ਚ ਸੁਣਾਈ ਦੇ ਰਹੇ ਟਾਈਟਲ ਟਰੈਕ ਨੂੰ ਬੀਰ ਸਿੰਘ ਨੇ ਲਿਖਿਆ ਹੈ। ਦੁਨੀਆ ਭਰ 'ਚ ਫਿਲਮ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਡਿਸਟ੍ਰੀਬਿਊਟ ਕੀਤੀ ਜਾਵੇਗੀ, ਜਿਸ ਨੂੰ ਤੁਸੀਂ 5 ਜੂਨ ਤੋਂ ਆਪਣੇ ਨੇੜਲੇ ਸਿਨੇਮਾਘਰਾਂ 'ਚ ਦੇਖ ਸਕਦੇ ਹੋ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News