ਅੱਜ ਰਿਲੀਜ਼ ਹੋਈ ਅਮਰਿੰਦਰ ਗਿੱਲ ਦੀ ਫਿਲਮ ''ਲਾਈਏ ਜੇ ਯਾਰੀਆਂ''

6/5/2019 9:19:00 AM

ਜਲੰਧਰ (ਰਾਹੁਲ) – ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਦੀਆਂ ਅੱਖਾਂ ਦੇ ਤਾਰੇ ਗਾਇਕ ਤੇ ਨਾਇਕ ਅਮਰਿੰਦਰ ਗਿੱਲ ਦੀ ਫ਼ਿਲਮ 'ਲਾਈਏ ਜੇ ਯਾਰੀਆਂ' 5 ਜੂਨ ਯਾਨੀ ਕਿ ਅੱਜ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ 7 ਜੂਨ ਨੂੰ ਵਿਦੇਸ਼ਾਂ ਵਿਚ ਰਿਲੀਜ਼ ਹੋਵੇਗੀ। ਇਹ ਪਹਿਲੀ ਵਾਰ ਹੈ ਕਿ ਕੋਈ ਫ਼ਿਲਮ ਸ਼ੁੱਕਰਵਾਰ ਦੀ ਥਾਂ ਬੁੱਧਵਾਰ ਨੂੰ ਰਿਲੀਜ਼ ਹੋ ਰਹੀ ਹੋਵੇ। ਇਸ ਦਾ ਵੱਡਾ ਕਾਰਨ ਹੈ ਕਿ ਈਦ ਦੇ ਤਿਉਹਾਰ 'ਤੇ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਰਿਲੀਜ਼ ਹੋ ਰਹੀ ਹੈ ਤੇ ਅਮਰਿੰਦਰ ਗਿੱਲ ਦੀ ਫ਼ਿਲਮ ਵੀ ਇਸ ਦੇ ਬਰਾਬਰ ਰਿਲੀਜ਼ ਕੀਤੀ ਜਾ ਰਹੀ ਹੈ ਤਾਂ ਕਿ ਦੱਸਿਆ ਜਾ ਸਕੇ ਕਿ ਪੰਜਾਬੀ ਸਿਨੇਮਾ ਸਿਰਫ਼ ਗੱਲੀਂਬਾਤੀਂ ਹੀ ਬਾਲੀਵੁੱਡ ਨੂੰ ਟੱਕਰ ਨਹੀਂ ਦੇ ਰਿਹਾ, ਸਗੋਂ ਹਕੀਕਤ ਵਿਚ ਵੀ ਟੱਕਰ ਦੇਣ ਦੇ ਸਮਰੱਥ ਹੈ।

'ਲਾਈਏ ਜੇ ਯਾਰੀਆਂ' ਦਾ ਟਰੇਲਰ ਜਿਸ ਦਿਨ ਜਾਰੀ ਹੋਇਆ, ਉਸ ਦਿਨ ਤੋਂ ਦਰਸ਼ਕਾਂ ਦੀ ਉਤਸੁਕਤਾ ਵਧੀ ਹੋਈ ਹੈ। ਹੁਣ ਜਦੋਂ ਉਡੀਕ ਖਤਮ ਹੋ ਚੁੱਕੀ ਹੈ ਤਾਂ ਸਿਨੇਮਾਘਰਾਂ ਵਿਚ ਦਰਸ਼ਕਾਂ ਦੀ ਐਡਵਾਂਸ ਬੁਕਿੰਗ ਨੇ ਕਮਾਲ ਕਰ ਦਿਖਾਇਆ ਹੈ। ਮਲਟੀਪਲੈਕਸ ਮਾਲਕਾਂ ਦਾ ਕਹਿਣਾ ਹੈ ਕਿ ਅਮਰਿੰਦਰ ਦੀ ਫ਼ਿਲਮ ਤੋਂ ਦਰਸ਼ਕਾਂ ਨੂੰ ਹੱਦੋਂ ਵੱਧ ਆਸਾਂ ਹੁੰਦੀਆਂ ਹਨ ਅਤੇ 'ਲਾਈਏ ਜੇ ਯਾਰੀਆਂ' ਪ੍ਰਤੀ ਦਰਸ਼ਕਾਂ ਦੀ ਖਿੱਚ ਕੁੱਝ ਵੱਖਰਾ ਕਰ ਦਿਖਾਉਣ ਦੀ ਆਸ ਬੰਨ੍ਹਾਉਂਦੀ ਹੈ।

'ਲਾਈਏ ਜੇ ਯਾਰੀਆਂ' ਵਿਚ ਹਰੀਸ਼ ਵਰਮਾ, ਅੰਬਰਦੀਪ ਸਿੰਘ, ਰੂਪੀ ਗਿੱਲ, ਰੁਬੀਨਾ ਬਾਜਵਾ ਤੇ ਪ੍ਰਕਾਸ਼ ਗਾਧੂ ਵਰਗੇ ਮੰਝੇ ਹੋਏ ਅਦਾਕਾਰ ਵੀ ਨਜ਼ਰ ਆਉਣਗੇ। 'ਰਿਦਮ ਬੁਆਏਜ਼' ਦੇ ਬੈਨਰ ਹੇਠ ਰਿਲੀਜ਼ ਇਸ ਫ਼ਿਲਮ ਦੀ ਵਿਸ਼ੇਸ਼ਤਾ ਇਸ ਦਾ ਵੱਖਰਾ ਵਿਸ਼ਾ ਹੋਣਾ ਹੈ, ਜੋ ਟ੍ਰੇਲਰ ਵਿਚ ਵੀ ਦਿਖਾਈ ਦਿੱਤਾ ਹੈ। ਫ਼ਿਲਮ ਦੀ ਕਹਾਣੀ ਧੀਰਜ ਰਤਨ ਦੀ ਲਿਖੀ ਹੈ ਤੇ ਨਿਰਦੇਸ਼ਨ ਸੁੱਖ ਸੰਘੇੜਾ ਦਾ ਹੈ।

ਆਮ ਨਾਲੋਂ ਵੱਖਰਾ ਪ੍ਰਚਾਰ ਕਰਨ ਵਿਚ ਮਸ਼ਹੂਰ 'ਰਿਦਮ ਬੁਆਏਜ਼' ਦੀ ਟੀਮ ਦਾ ਕਹਿਣਾ ਹੈ ਕਿ ਫ਼ਿਲਮ ਨੂੰ ਆਪਣੇ ਮੂੰਹੋਂ ਚੰਗੀ ਕਹਿਣ ਨਾਲੋਂ ਜੇ ਦਰਸ਼ਕਾਂ ਮੂੰਹੋਂ ਚੰਗੀ ਹੋਣ ਦਾ ਮਾਣ ਹਾਸਲ ਕੀਤਾ ਜਾਵੇ ਤਾਂ ਲਾਭਦਾਇਕ ਹੈ। ਇਸੇ ਲਈ ਅਸੀਂ ਕਹਾਣੀ, ਕਲਾਕਾਰਾਂ ਤੇ ਬਾਕੀ ਵਿਸ਼ਿਆਂ 'ਤੇ ਵੱਧ ਕੰਮ ਕਰਦੇ ਹਾਂ।

ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਤੇ ਪੂਰੇ ਯੂਰਪ ਵਿਚ 'ਲਾਈਏ ਜੇ ਯਾਰੀਆਂ' ਪ੍ਰਤੀ ਖਿੱਚ ਇੱਥੋਂ ਤੱਕ ਨਜ਼ਰ ਆ ਰਹੀ ਹੈ ਕਿ ਹਰ ਰੋਜ਼ ਸੋਸ਼ਲ ਮੀਡੀਆ 'ਤੇ ਸੈਂਕੜੇ, ਹਜ਼ਾਰਾਂ ਲੋਕਾਂ ਵੱਲੋਂ ਪੋਸਟਾਂ ਪਾਈਆਂ ਜਾ ਰਹੀਆਂ ਹਨ। ਜੇ ਅਮਰਿੰਦਰ ਗਿੱਲ ਦੀ ਇਹ ਫ਼ਿਲਮ ਸਫ਼ਲ ਹੋ ਜਾਂਦੀ ਹੈ ਤਾਂ ਉਹ ਪੰਜਾਬੀ ਸਿਨੇਮੇ ਦਾ ਪਹਿਲਾ ਅਜਿਹਾ ਅਦਾਕਾਰ ਹੋਵੇਗਾ, ਜਿਹੜਾ ਬਿਨਾਂ ਕਿਸੇ ਵਾਧੂ ਪ੍ਰਚਾਰ ਦੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦਾ ਮੁਕਾਬਲਾ ਕਰਨ ਦੇ ਸਮਰੱਥ ਮੰਨਿਆ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News