ਤੀਜੀ ਵਾਰ ਹਸਾਉਣ ਆਇਆ ‘ਨਿੱਕਾ’, 20 ਨੂੰ ਪੈਣਗੀਆਂ ਢਿੱਡੀਂ ਪੀੜਾਂ

9/13/2019 8:16:14 AM

ਜਲੰਧਰ (ਬਿਊਰੋ) — ਸਾਲ 2016 ’ਚ ਰਿਲੀਜ਼ ਹੋਈ ਫਿਲਮ ‘ਨਿੱਕਾ ਜ਼ੈਲਦਾਰ’ ਤੇ 2017 ’ਚ ’ਨਿੱਕਾ ਜ਼ੈਲਦਾਰ 2’ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇਸ ਫਿਲਮ ਦਾ ਤੀਜਾ ਭਾਗ ਹਾਸਿਆਂ ਦੀ ਪਿਟਾਰੀ ਲੈ ਕੇ ਆ ਰਿਹਾ ਹੈ। ਇਸ ਫਿਲਮ ’ਚ ਵਾਮੀਕਾ ਗੱਬੀ, ਐਮੀ ਵਿਰਕ ਤੇ ਨਿਰਮਲ ਰਿਸ਼ੀ ਅਹਿਮ ਭੂਮਿਕਾਵਾਂ ’ਚ ਹਨ। ਗੁਰਪ੍ਰੀਤ ਪਲਹੇੜੀ ਤੇ ਜਗਦੀਪ ਸਿੱਧੂ ਵਲੋਂ ਫਿਲਮ ਦੇ ਸਕ੍ਰੀਨਪਲੇਅ, ਡਾਇਲਾਗਸ ਤੇ ਕਹਾਣੀ ਨੂੰ ਸਿਰਜਿਆ ਗਿਆ ਹੈ। ਸਿਮਰਜੀਤ ਸਿੰਘ ਦੇ ਨਿਰਦੇਸ਼ਨ ’ਚ ਬਣੀ ਇਸ ਫਿਲਮ ’ਚ ਐਮੀ ਵਿਰਕ ਤੇ ਨਿਰਮਲ ਰਿਸ਼ੀ ਤੋਂ ਇਲਾਵਾ ਵਾਮੀਕਾ ਗੱਬੀ, ਨਿਸ਼ਾ ਬਾਨੋ, ਸੋਨੀਆ ਕੌਰ ਤੇ ਵੱਡਾ ਗਰੇਵਾਲ ਸਮੇਤ ਕਈ ਹੋਰ ਨਾਮਵਰ ਚਿਹਰੇ ਨਜ਼ਰ ਆਉਣਗੇ। ਖਾਸ ਗੱਲ ਇਹ ਹੈ ਕਿ ‘ਨਿੱਕਾ ਜ਼ੈਲਦਾਰ 3’ ਆਪਣੀ ਰਿਲੀਜ਼ ਨਾਲ ਵੱਖਰਾ ਨਾਮਣਾ ਵੀ ਖੱਟੇਗੀ। ਦਰਸਅਲ ‘ਨਿੱਕਾ ਜ਼ੈਲਦਾਰ’ ਲੜੀ ਦੀ ਇਹ ਤੀਜੀ ਫਿਲਮ ਹੈ ਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬੀ ਫਿਲਮ ਦਾ ਤੀਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਸਭ ‘ਨਿੱਕਾ ਜ਼ੈਲਦਾਰ’ ਸੀਰੀਜ਼ ਨੂੰ ਮਿਲੇ ਪਿਆਰ ਕਰ ਕੇ ਹੀ ਸੰਭਵ ਹੋਇਆ ਹੈ।

ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਐਮੀ ਵਿਰਕ ਯਾਨੀ ਕਿ ਨਿੱਕੇ ਦੇ ਪਿਤਾ ਦਾ ਕਿਰਦਾਰ ਇਸ ਵਾਰ ਵੀ ਸਰਦਾਰ ਸੋਹੀ ਵਲੋਂ ਨਿਭਾਇਆ ਜਾ ਰਿਹਾ ਹੈ, ਜੋ ਕਿ ਸਖਤ ਸੁਭਾਅ ਦੇ ਹਨ ਪਰ ਉਨ੍ਹਾਂ ਦੀ ਅਚਾਨਕ ਮੌਤ ਹੋ ਜਾਂਦੀ ਹੈ। ਟ੍ਰੇਲਰ ’ਚ ਇੰਝ ਜਾਪਦਾ ਹੈ ਕਿ ਪਿਤਾ ਦੀ ਆਤਮਾ ਐਮੀ ਵਿਰਕ ’ਚ ਆ ਜਾਂਦੀ ਹੈ ਤੇ ਸਾਰਾ ਪਰਿਵਾਰ ਉਸ ਦੇ ਇਲਾਜ 'ਚ ਭੱਜ-ਨੱਠ ਕਰ ਰਿਹਾ ਹੈ। ਇਸ ਦੌਰਾਨ ਅਜਿਹੀਆਂ ਘਟਨਾਵਾਂ ਹੋਣਗੀਆਂ, ਜਿਹੜੀਆਂ ਹਰ ਕਿਸੇ ਦੇ ਚਿਹਰੇ ’ਤੇ ਮੁਸਕਾਨ ਲਿਆ ਦੇਣਗੀਆਂ। ਹੁਣ ਨਿੱਕਾ ਕੀ ਖੇਡ ਖੇਡਦਾ ਹੈ, ਇਹ ਤਾਂ 20 ਸਤੰਬਰ ਨੂੰ ਸਿਨੇਮਾਘਰਾਂ ’ਚ ਹੀ ਦੇਖਣ ਨੂੰ ਮਿਲਣ ਵਾਲਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News