ਆਪਸੀ ਪਿਆਰ ਤੇ ਰਿਸ਼ਤਿਆਂ ਦਾ ਸੁਨੇਹਾ ਦੇਵੇਗੀ ‘ਰਾਂਝਾ ਰਫਿਊਜੀ’

10/25/2018 9:38:40 AM

ਜਲੰਧਰ (ਬਿਊਰੋ)— ਇਸ ਸ਼ੁੱਕਰਵਾਰ 26 ਅਕਤੂਬਰ ਨੂੰ ਪੰਜਾਬੀ ਫਿਲਮ ‘ਰਾਂਝਾ ਰਫਿਊਜੀ’ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ’ਚ ਰੌਸ਼ਨ ਪ੍ਰਿੰਸ, ਸਾਨਵੀ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਨਿਸ਼ਾ ਬਾਨੋ ਅਹਿਮ ਭੂਮਿਕਾ ’ਚ ਹਨ। ਫਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਅਵਤਾਰ ਸਿੰਘ ਦਾ ਹੈ ਤੇ ਇਸ ਦਾ ਨਿਰਦੇਸ਼ਨ ਵੀ ਉਨ੍ਹਾਂ ਖੁਦ ਹੀ ਕੀਤਾ ਹੈ। ਫਿਲਮ ਨੂੰ ਤਰਸੇਮ ਕੌਸ਼ਲ ਤੇ ਸੁਦੇਸ਼ ਠਾਕੁਰ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਅੱਜ ਫਿਲਮ ਦੀ ਸਟਾਰਕਾਸਟ ਪ੍ਰਮੋਸ਼ਨ ਦੇ ਸਿਲਸਿਲੇ ਵਿਚ ‘ਜਗ ਬਾਣੀ’ ਦੇ ਦਫਤਰ  ਪੁੱਜੀ। ਇਸ ਦੌਰਾਨ ਰੌਸ਼ਨ ਪ੍ਰਿੰਸ, ਸਾਨਵੀ ਧੀਮਾਨ ਤੇ ਅਵਤਾਰ ਸਿੰਘ ਨੇ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਰੌਸ਼ਨ ਪ੍ਰਿੰਸ
ਸਵਾਲ : ‘ਰਾਂਝਾ ਰਫਿਊਜੀ’ ਤੁਹਾਡੀ ਪਹਿਲੀ ਪੀਰੀਅਡ ਫਿਲਮ ਹੈ। ਕਿਹੋ  ਜਿਹਾ  ਤਜਰਬਾ ਰਿਹਾ?
ਜਵਾਬ  : ਮੈਂ ਪਹਿਲਾਂ ਇਕ ਪੀਰੀਅਡ ਫਿਲਮ ਕਰਨ ਦਾ ਮੌਕਾ ਗੁਆ ਚੁੱਕਾ ਸੀ, ਜੋ ਸੀ ਫਿਲਮ ‘ਅੰਗਰੇਜ’।  ‘ਅੰਗਰੇਜ’ ਫਿਲਮ ’ਚ ਐਮੀ ਵਿਰਕ ਵਾਲਾ ਕਿਰਦਾਰ ਮੈਨੂੰ ਆਫਰ ਹੋਇਆ ਸੀ ਪਰ ਮੈਂ ਆਪਣੀ ਫਿਲਮ ‘ਆਤਿਸ਼ਬਾਜ਼ੀ ਇਸ਼ਕ’ ਕਾਰਨ ਉਹ ਫਿਲਮ ਨਹੀਂ ਕਰ ਸਕਿਆ। ਉਦੋਂ ਤੋਂ ਮਨ ਅੰਦਰ ਇਕ ਪੀਰੀਅਡ  ਫਿਲਮ ਕਰਨ ਦੀ ਤਮੰਨਾ ਸੀ। ਮੈਨੂੰ ਬੜੀ ਖੁਸ਼ੀ ਹੋਈ, ਜਦੋਂ ਅਵਤਾਰ ਸਿੰਘ ਨੇ ‘ਰਾਂਝਾ ਰਫਿਊਜੀ’ ਦੀ ਕਹਾਣੀ ਮੈਨੂੰ ਸੁਣਾਈ ਤੇ ਇਹ ਦੱਸਿਆ ਕਿ ਫਿਲਮ ’ਚ ਮੇਰਾ ਡਬਲ ਰੋਲ ਹੈ, ਜਿਸ  ਨੂੰ ਨਿਭਾਉਣ ਦਾ ਮੌਕਾ ਮੈਂ ਹੱਥੋਂ ਗੁਆਉਣਾ ਨਹੀਂ ਚਾਹੁੰਦਾ ਸੀ। ਇਕ ਵੱਖਰਾ ਤਜਰਬਾ ਫਿਲਮ ਦੌਰਾਨ ਹਾਸਲ ਕੀਤਾ ਹੈ ਕਿ ਕਿਵੇਂ ਇਕੋ ਸਮੇਂ ’ਤੇ ਦੋ ਵੱਖ-ਵੱਖ ਕਿਰਦਾਰ ਨਿਭਾਉਣੇ  ਹਨ।

ਸਵਾਲ : ਇਕ ਕਿਰਦਾਰ ਨੂੰ ਦੂਜੇ ਤੋਂ ਵੱਖਰਾ ਦਿਖਾਉਣ ’ਚ ਕਿੰਨੀਆਂ ਕੁ ਮੁਸ਼ਕਿਲਾਂ ਆਉਂਦੀਆਂ ਹਨ?
ਜਵਾਬ  : ਜਦੋਂ ਤੁਸੀਂ ਡਬਲ ਰੋਲ ਨਿਭਾਉਂਦੇ ਹੋ ਤਾਂ ਕੈਮਰਾ ਫਿਕਸ ਹੁੰਦਾ ਹੈ। ਛੇਤੀ-ਛੇਤੀ ਤੁਹਾਨੂੰ ਇਕ ਕਿਰਦਾਰ ’ਚੋਂ ਨਿਕਲ ਕੇ ਦੂਜੇ ਕਿਰਦਾਰ ’ਚ ਜਾਣਾ ਪੈਂਦਾ ਹੈ, ਆਪਣੀ ਲੁੱਕ ਬਦਲਣੀ ਪੈਂਦੀ ਹੈ ਤੇ ਬੋਲਣ ਦਾ ਲਹਿਜ਼ਾ ਬਦਲਣਾ ਪੈਂਦਾ ਹੈ। ਇਹ ਕੰਮ ਬਹੁਤ ਮੁਸ਼ਕਿਲ ਸੀ ਪਰ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਅਵਤਾਰ ਸਿੰਘ ਵਰਗਾ ਡਾਇਰੈਕਟਰ ਮਿਲਿਆ ਤੇ ਜੋ ਉਨ੍ਹਾਂ ਨੇ ਸੋਚਿਆ, ਉਹ ਮੈਂ ਪਰਦੇ ’ਤੇ ਨਿਭਾਉਣ ਦੀ ਕੋਸ਼ਿਸ਼ ਕੀਤੀ।

ਸਵਾਲ : ਰਾਜਸਥਾਨ ’ਚ ਫਿਲਮ ਦੀ ਸ਼ੂਟਿੰਗ ਕੀਤੀ। ਇਸ ਦੌਰਾਨ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਆਈਆਂ?
ਜਵਾਬ  : ਰਾਜਸਥਾਨ ਦੇ ਸੂਰਤਗੜ੍ਹ  ਦੇ ਨੇੜੇ ਜਿਨ੍ਹਾਂ ਦਿਨਾਂ ’ਚ ਸ਼ੂਟਿੰਗ ਚੱਲ ਰਹੀ ਸੀ, ਉਸ ਸਮੇਂ  ਗਰਮੀ ਬਹੁਤ ਜ਼ਿਆਦਾ ਸੀ। ਲਗਭਗ 47-48 ਡਿਗਰੀ ਸੈਲਸੀਅਸ ਤਾਪਮਾਨ ਰਹਿੰਦਾ ਸੀ। ਪਸੀਨੇ  ਨਾਲ ਕਈ ਵਾਰ ਮੇਕਅੱਪ ਖਰਾਬ ਹੋ ਜਾਂਦਾ ਸੀ, ਜਿਸ ਨੂੰ ਠੀਕ ਕਰਦਿਆਂ ਬਹੁਤ ਸਮਾਂ ਲੱਗ  ਜਾਂਦਾ ਸੀ। ਧੁੱਪ ਹੀ ਨਹੀਂ, ਜੋ ਰਿਫਲੈਕਟਰਸ ਤੇ ਲਾਈਟਾਂ ਲਾਈਆਂ ਸਨ ਸ਼ੂਟਿੰਗ ਦੌਰਾਨ, ਉਨ੍ਹਾਂ ਕਾਰਨ ਵੀ ਗਰਮੀ ਬਹੁਤ ਵਧ ਜਾਂਦੀ ਸੀ ਤੇ ਤਾਪਮਾਨ 55 ਡਿਗਰੀ ਤਕ ਪਹੁੰਚ ਜਾਂਦਾ  ਸੀ।

ਸਵਾਲ : ਭਾਰਤ-ਪਾਕਿ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਫਿਲਮ ’ਚ ਦੇਖਣ ਨੂੰ ਮਿਲੇਗਾ?
ਜਵਾਬ  : ਭਾਰਤ-ਪਾਕਿ ਦੇ ਲੋਕ ਹਮੇਸ਼ਾ ਪਿਆਰ ਹੀ ਚਾਹੁੰਦੇ ਹਨ। ਸੋਸ਼ਲ ਮੀਡੀਆ ਜ਼ਰੀਏ ਇਕ-ਦੂਜੇ  ਨਾਲ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਇੰਝ ਲੱਗਦਾ ਹੈ ਕਿ ਉਹ ਸਾਡੀਆਂ ਫਿਲਮਾਂ ਤੇ  ਸੰਗੀਤ ਨੂੰ ਬਹੁਤ ਪਿਆਰ ਕਰਦੇ ਹਨ। ਅਸੀਂ ਵੀ ਉਨ੍ਹਾਂ ਦੇ ਕਲਾਕਾਰਾਂ ਨੂੰ ਪਿਆਰ ਕਰਦੇ  ਹਾਂ। ਇਸ ਫਿਲਮ ’ਚ ਸੁਨੇਹਾ ਵੀ ਇਹੀ ਹੈ ਕਿ ਆਪਸ ’ਚ ਪਿਆਰ ਹੋਣਾ ਚਾਹੀਦਾ ਹੈ। ‘ਰਾਂਝਾ  ਰਫਿਊਜੀ’ ਉਦੋਂ ਦੀ ਕਹਾਣੀ ਹੈ, ਜਦੋਂ ਬਾਰਡਰ ’ਤੇ ਕੰਡਿਆਲੀ ਤਾਰ ਨਹੀਂ ਹੁੰਦੀ ਸੀ ਤੇ ਇਕ ਪਾਸੇ ਤੋਂ ਦੂਜੇ ਪਾਸੇ ਜਾਣਾ ਸੌਖਾ ਹੁੰਦਾ ਸੀ।

ਸਾਨਵੀ ਧੀਮਾਨ
ਸਵਾਲ : ਆਪਣੇ ਕਿਰਦਾਰ ਬਾਰੇ ਕੁਝ ਦੱਸੋ?
ਜਵਾਬ  : ਮੈਂ ਫਿਲਮ ’ਚ ਪ੍ਰੀਤੋ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹਾਂ। ਰਾਂਝਾ ਪ੍ਰੀਤੋ  ਨੂੰ ਬਹੁਤ ਪਿਆਰ ਕਰਦਾ ਹੈ। ਪ੍ਰੀਤੋ ਫਿਲਮ ’ਚ ਰਾਂਝੇ ਨੂੰ ਡਰਾਉਂਦੀ ਰਹਿੰਦੀ ਹੈ। ਮੇਰਾ  ਬਹੁਤ ਹੀ ਸੰਜੀਦਗੀ ਵਾਲਾ ਕਿਰਦਾਰ ਹੈ। ਪੁਰਾਣੇ ਸਮੇਂ ’ਚ ਜਿਵੇਂ ਕੁੜੀਆਂ ਗੁੱਸੇ ਵਾਲੀਆਂ  ਵੀ ਹੁੰਦੀਆਂ ਸਨ ਪਰ ਆਪਣੀ ਗੱਲ ਤਰੀਕੇ ਨਾਲ ਕਹਿੰਦੀਆਂ ਸਨ, ਇਹ ਉਸੇ ਤਰ੍ਹਾਂ ਦਾ ਕਿਰਦਾਰ  ਹੈ।

ਸਵਾਲ : ਰੌਸ਼ਨ ਪ੍ਰਿੰਸ ਨਾਲ ਸਕ੍ਰੀਨ ਸ਼ੇਅਰ ਕਰਨ ਦਾ ਤਜਰਬਾ ਕਿਹੋ  ਜਿਹਾ  ਰਿਹਾ?
ਜਵਾਬ  : ਰੌਸ਼ਨ ਬਹੁਤ ਵਧੀਆ ਇਨਸਾਨ ਹੈ। ਪਹਿਲੀ ਵਾਰ ਮੈਂ ਇੰਨੇ ਤਜਰਬੇਕਾਰ ਕਲਾਕਾਰ ਨਾਲ ਕੰਮ  ਕੀਤਾ ਹੈ। ਰੌਸ਼ਨ ’ਚ ਸੁਪਰਸਟਾਰ ਵਾਲਾ ਐਟੀਚਿਊਡ ਨਹੀਂ ਹੈ। ਪਹਿਲੀ ਵਾਰ ਜਦੋਂ ਮਿਲੀ,  ਉਦੋਂ ਜ਼ਰੂਰ ਘਬਰਾਹਟ ਹੋਈ ਪਰ ਬਾਅਦ ’ਚ ਸਭ ਨਾਰਮਲ ਹੁੰਦਾ ਗਿਆ।

ਸਵਾਲ : ਹੁਣ ਤਕ ਦੇ ਆਪਣੇ ਸਫਰ ਨੂੰ  ਕਿਸ ਤਰ੍ਹਾਂ  ਦੇਖਦੇ ਹੋ?
ਜਵਾਬ  : ਮੈਂ ਆਪਣਾ ਕਰੀਅਰ ਮਾਡਲਿੰਗ ਤੋਂ ਸ਼ੁਰੂ ਕੀਤਾ। ਹੌਲੀ-ਹੌਲੀ ਮਿਊਜ਼ਿਕ ਵੀਡੀਓਜ਼ ਕੀਤੀਆਂ।  ਇਸ ਤੋਂ ਬਾਅਦ ਮੈਂ ਫਿਲਮਾਂ ’ਚ ਆ ਗਈ। ਸਮਾਂ ਜ਼ਰੂਰ ਲੱਗ ਰਿਹਾ ਹੈ ਪਰ ਤਰੱਕੀ ਵੀ ਮਿਲ  ਰਹੀ ਹੈ। ਅੱਗੇ ਵੀ ਕਈ ਪ੍ਰਾਜੈਕਟਸ ਕਰ ਰਹੀ ਹਾਂ, ਜਿਨ੍ਹਾਂ ਬਾਰੇ ਅਜੇ ਗੱਲ ਨਹੀਂ ਕਰ ਸਕਦੀ।

ਸਵਾਲ : ਫਿਲਮ ’ਚ ਕਿਸ ਦਾ ਕਿਰਦਾਰ ਵਧੀਆ ਲੱਗਾ?
ਜਵਾਬ  : ਮੈਨੂੰ ਹਾਰਬੀ ਸੰਘਾ ਜੀ ਦਾ ਕਿਰਦਾਰ ਬਹੁਤ ਵਧੀਆ ਲੱਗਾ। ਉਂਝ ਵੀ ਉਹ ਅਸਲ ਜ਼ਿੰਦਗੀ ’ਚ  ਬਹੁਤ ਹੀ ਖੁਸ਼ਮਿਜਾਜ਼ ਇਨਸਾਨ ਹਨ। ਐਨਰਜੀ ਹਾਈ ਲੈਵਲ ’ਤੇ ਰਹਿੰਦੀ ਹੈ। ਮੇਰਾ ਉਨ੍ਹਾਂ ਨਾਲ  ਫਿਲਮ ’ਚ ਕੋਈ ਸੀਨ ਨਹੀਂ ਹੈ ਪਰ ਟਰੇਲਰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਦਾ ਕਿਰਦਾਰ  ਸ਼ਾਨਦਾਰ ਹੋਣ ਵਾਲਾ ਹੈ।

ਅਵਤਾਰ ਸਿੰਘ
ਸਵਾਲ : ਡਾਇਰੈਕਟਰ ਵਜੋਂ ਤੁਹਾਡੀ ਤਰਜੀਹ ਕਿਸ ਚੀਜ਼ ’ਤੇ ਹੁੰਦੀ ਹੈ?
ਜਵਾਬ  : ਸਭ ਤੋਂ ਪਹਿਲੀ ਚੀਜ਼ ਫਿਲਮ ’ਚ ਐਂਟਰਟੇਨਮੈਂਟ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਦਰਸ਼ਕ  ਇਸੇ ਲਈ ਸਿਨੇਮਾਘਰਾਂ ’ਚ ਜਾਂਦੇ ਹਨ। ਐਂਟਰਟੇਨਮੈਂਟ ਦੇ ਨਾਲ-ਨਾਲ ਮੇਰੀਆਂ  ਸੋਸਾਇਟੀ ਲਈ  ਜ਼ਿੰਮੇਵਾਰੀਆਂ ਬਣਦੀਆਂ ਹਨ ਕਿ ਇਸ ਨਾਲ ਮੈਸੇਜ ਵੀ ਦਿੱਤਾ ਜਾਵੇ। ਇਸ ਫਿਲਮ ’ਚ ਵੀ  ਸੁਨੇਹਾ ਹੈ, ਜੋ ਹੈ ਆਪਸੀ ਪਿਆਰ ਤੇ ਰਿਸ਼ਤਿਆਂ ਦਾ। ਭਾਰਤ-ਪਾਕਿ ਦੇ ਲੋਕਾਂ ਨੂੰ ਸੁਨੇਹਾ  ਹੈ ਕਿ ਆਪਸ ’ਚ ਪਿਆਰ ਕਰੋ। ਸਰਕਾਰਾਂ ਖੁਦ ਹੌਲੀ-ਹੌਲੀ ਮੰਨ ਜਾਣਗੀਆਂ।

ਸਵਾਲ : ਬਾਕੀ ਪੰਜਾਬੀ ਫਿਲਮਾਂ ਨਾਲੋਂ ‘ਰਾਂਝਾ ਰਫਿਊਜੀ’ ਕਿਵੇਂ ਵੱਖਰੀ ਹੈ?
ਜਵਾਬ  : ਪੰਜਾਬ ’ਚ ਦੌਰ ਕਾਮੇਡੀ ਫਿਲਮਾਂ ਦਾ ਹੈ। ‘ਰਾਂਝਾ ਰਫਿਊਜੀ’ ਵੀ ਕਾਮੇਡੀ ਫਿਲਮ ਹੈ ਪਰ  ਇਸ ’ਚ ਸੈਂਸਲੈੱਸ ਕਾਮੇਡੀ ਨਹੀਂ ਕੀਤੀ ਗਈ। ਫਿਲਮ ਦੀ ਆਪਣੀ ਇਕ ਵੱਖਰੀ ਕਹਾਣੀ ਹੈ ਤੇ  ਵੱਖਰਾ ਕੰਸੈਪਟ ਹੈ। ਮਾਹੌਲ ਦੇ ਹਿਸਾਬ ਨਾਲ ਫਿਲਮ ’ਚ ਕਾਮੇਡੀ ਦੇਖਣ ਨੂੰ ਮਿਲੇਗੀ।

ਸਵਾਲ : ਫਿਲਮ ’ਚ ਕਾਮੇਡੀ ਤੋਂ ਇਲਾਵਾ ਹੋਰ ਕਿਹੜੇ ਰੰਗ ਦੇਖਣ ਨੂੰ ਮਿਲਣਗੇ?
ਜਵਾਬ  : ਫਿਲਮ ’ਚ ਕਾਮੇਡੀ ਦੇ ਨਾਲ-ਨਾਲ ਭਾਰਤ-ਪਾਕਿ ਦੇ ਲੋਕਾਂ ਦਾ ਆਪਸੀ ਪਿਆਰ ਤੇ ਇਮੋਸ਼ਨਜ਼  ਦੇਖਣ ਨੂੰ ਮਿਲਣਗੇ। ਇਹ ਇਕ ਅਜਿਹੀ ਫਿਲਮ ਹੈ, ਜਿਹੜੀ ਹਸਾਉਣ, ਰੁਆਉਣ ਤੇ ਇਕ ਸੁਨੇਹਾ  ਦੇਣ ’ਚ ਕਾਮਯਾਬ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News