ਸੱਤ ਦਰਿਆਵਾਂ ਨੂੰ ਸਿਜਦਾ ਕਰੇਗੀ ਸਤਿੰਦਰ ਸਰਤਾਜ ਦੀ ਇਹ ਐਲਬਮ
6/14/2019 8:39:32 PM
ਜਲੰਧਰ (ਬਿਊਰੋ)— ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜੇ ਗਾਇਕ ਹਮੇਸ਼ਾ ਪੰਜਾਬੀ ਮਾਂ ਬੋਲੀ, ਪੰਜਾਬੀ ਸੰਗੀਤ ਜਗਤ ਤੇ ਪੰਜਾਬੀ ਸਰੋਤਿਆਂ ਦੀ ਝੋਲੀ ਬਾਕਮਾਲ ਗੀਤ ਪਾਉਂਦੇ ਹਨ। ਸਤਿੰਦਰ ਸਰਤਾਜ ਉਨ੍ਹਾਂ ਗਾਇਕਾਂ 'ਚੋਂ ਇਕ ਹਨ, ਜੋ ਆਪਣੀ ਗਾਇਕੀ ਨਾਲ ਰੂਹ ਨੂੰ ਸਕੂਨ ਦਿੰਦੇ ਹਨ। ਸਤਿੰਦਰ ਸਰਤਾਜ ਇਸ ਵਾਰ ਕੁਝ ਵੱਖਰੀਆਂ ਤਰਜ਼ਾਂ ਛੇੜਨ ਜਾ ਰਹੇ ਹਨ। ਇਹ ਤਰਜ਼ਾਂ ਹਨ ਸੱਤ ਦਰਿਆਵਾਂ ਦੀਆਂ। ਜੀ ਹਾਂ, ਸਤਿੰਦਰ ਸਰਤਾਜ 'ਵਿਸ਼ਵ ਸੰਗੀਤ ਦਿਵਸ' 'ਤੇ ਆਪਣੀ ਨਵੀਂ ਐਲਬਮ 'ਦਰਿਆਈ ਤਰਜ਼ਾਂ' ਰਿਲੀਜ਼ ਕਰਨ ਜਾ ਰਹੇ ਹਨ।
ਸਤਿੰਦਰ ਸਰਤਾਜ ਦੀ ਇਸ ਐਲਬਮ ਦੀ ਵੱਡੀ ਖਾਸੀਅਤ ਇਹ ਹੈ ਕਿ ਇਸ ਦੇ ਗੀਤਾਂ ਦੇ ਨਾਂ ਵੱਖ-ਵੱਖ ਦਰਿਆਵਾਂ 'ਤੇ ਆਧਾਰਿਤ ਹਨ। ਇਸ ਐਲਬਮ ਦਾ ਪਹਿਲਾ ਗੀਤ 'ਗੁਰਮੁਖੀ ਦਾ ਬੇਟਾ' (ਸਤਲੁਜ), ਦੂਜਾ ਗੀਤ 'ਪਿਆਰ ਦੇ ਮਰੀਜ਼' (ਚੈਨਾਬ), ਤੀਜਾ ਗੀਤ 'ਤਵੱਜੋ' (ਸਿੰਧ), ਚੌਥਾ ਗੀਤ 'ਹਮਾਇਤ' (ਬਿਆਸ), ਪੰਜਵਾਂ ਗੀਤ 'ਬਾਕੀ ਜਿਵੇਂ ਕਹੋਗੇ' (ਜਿਹਲਮ), ਛੇਵਾਂ ਗੀਤ 'ਦਹਿਲੀਜ਼' (ਘੱਗਰ) ਤੇ ਸੱਤਵਾਂ ਗੀਤ 'ਮਤਵਾਲੀਏ' (ਰਾਵੀ) ਹੋਵੇਗਾ।
ਸਤਿੰਦਰ ਸਰਤਾਜ ਨੇ ਹਮੇਸ਼ਾ ਪੰਜਾਬੀ ਗਾਇਕੀ 'ਚ ਨਵੇਂ ਤਜਰਬਿਆਂ ਦੇ ਨਾਲ-ਨਾਲ ਸਰੋਤਿਆਂ ਨੂੰ ਅਜਿਹੇ ਗੀਤ ਦਿੱਤੇ ਹਨ, ਜੋ ਹਮੇਸ਼ਾ ਸਰੋਤਿਆਂ ਦੀ ਪਸੰਦ 'ਤੇ ਖਰੇ ਉਤਰਦੇ ਹਨ। ਸਤਿੰਦਰ ਸਰਤਾਜ ਦੀ ਮਿੱਠੀ ਆਵਾਜ਼ ਤੇ ਸਾਫ-ਸੁਥਰੇ ਗੀਤ ਹਮੇਸ਼ਾ ਹੀ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਕਾਇਲ ਕਰਦੇ ਹਨ। ਇਸ ਵਾਰ ਵੀ ਸਰਤਾਜ ਕੁਝ ਵੱਖਰਾ ਕਰਨ ਜਾ ਰਹੇ ਹਨ। 'ਦਰਿਆਈ ਤਰਜ਼ਾਂ' ਐਲਬਮ ਦਾ ਸੰਗੀਤ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ। 'ਸਾਗਾ ਮਿਊਜ਼ਿਕ' ਵਲੋਂ ਇਸ ਐਲਬਮ ਨੂੰ 21 ਜੂਨ ਰਿਲੀਜ਼ ਕੀਤਾ ਜਾਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ