ਅਜੋਕੇ ਰਿਸ਼ਤਿਆਂ ਦੀ ਕਹਾਣੀ ਹੈ ‘ਇੱਕੋ ਮਿੱਕੇ’ : ਸਤਿੰਦਰ ਸਰਤਾਜ

3/12/2020 9:07:24 AM

ਪੰਜਾਬੀ ਗਾਇਕੀ ਦੇ ਵਿਹੜੇ ਆਪਣੀ ਸ਼ਾਨਦਾਰ ਗਾਇਕੀ ਤੇ ਸ਼ਾਇਰੀ ਨਾਲ ਮਹਿਕਾਂ ਬਿਖ਼ੇਰ ਰਹੇ ਹਰਦਿਲ ਅਜ਼ੀਜ਼ ਗਾਇਕ ਤੇ ਸ਼ਾਇਰ ਡਾ. ਸਤਿੰਦਰ ਸਰਤਾਜ ਆਪਣੀ ਗਾਇਕੀ ਤੇ ਸ਼ਾਇਰੀ ਦੇ ਫ਼ਨ ਨਾਲ ਦੁਨੀਆ ਭਰ ’ਚ ਨਾਮਣਾ ਖੱਟਣ ਤੋਂ ਬਾਅਦ ਹੁਣ ਬਤੌਰ ਅਦਾਕਾਰ ਪੰਜਾਬੀ ਸਿਨੇਮੇ ਨਾਲ ਜੁੜਨ ਜਾ ਰਹੇ ਹਨ। ਹਾਲੀਵੁੱਡ ਦੀ ਚਰਚਿਤ ਫ਼ਿਲਮ ‘ਦਿ ਬਲੈਕ ਪ੍ਰਿੰਸ’ ਜ਼ਰੀਏ ਵੱਡੇ ਪਰਦੇ ’ਤੇ ਆਪਣੀ ਅਦਾਕਾਰੀ ਦੀ ਛਾਪ ਛੱਡ ਚੁੱਕੇ ਸਤਿੰਦਰ ਸਰਤਾਜ ਹੁਣ ਨਿਰੋਲ ਰੂਪ ’ਚ ਆਪਣੀ ਪਹਿਲੀ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ। ਇਸ ਸ਼ੁੱਕਰਵਾਰ ਯਾਨੀ 13 ਮਾਰਚ ਨੂੰ ਭਾਰਤ ’ਚ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਯੂ. ਕੇ. ਤੇ ਕੈਨੇਡਾ ’ਚ ਸ਼ਾਨਦਾਰ ਪ੍ਰੀਮੀਅਰ ਹੋ ਚੁੱਕੇ ਹਨ। ਇਸ ਫ਼ਿਲਮ ਨੂੰ ਦੇਖਣ ਵਾਲੇ ਦਰਸ਼ਕਾਂ ਨੇ ਹਰ ਪੰਜਾਬੀ ਦਰਸ਼ਕ ਨੂੰ ਇਹ ਫ਼ਿਲਮ ਦੇਖਣ ਦੀ ਗੁਜ਼ਾਰਿਸ਼ ਕੀਤੀ ਹੈ। ਦਰਸ਼ਕਾਂ ਨੇ ਇਸ ਫ਼ਿਲਮ ’ਚ ਸਤਿੰਦਰ ਸਰਤਾਜ ਦੀ ਗਾਇਕੀ ਤੇ ਅਦਾਕਾਰੀ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਸਤਿੰਦਰ ਸਰਤਾਜ ਦੇ ਨਿੱਜੀ ਬੈਨਰ 'ਫਿਰਦੋਸ' ਹੇਠਾਂ ਬਣੀ ਇਸ ਫ਼ਿਲਮ ਨੂੰ ਲੈ ਕੇ ਸਰਤਾਜ ਨੇ ਸਾਡੇ ਨਾਲ ਕੀਤੀਆਂ ਕੁਝ ਖਾਸ ਗੱਲਾਂ—

ਹੁਣ ਫ਼ਿਲਮ ਰਿਲੀਜ਼ ਹੋਣ ’ਚ ਕੁਝ ਹੀ ਸਮਾਂ ਬਾਕੀ ਹੈ। ਯੂ. ਕੇ. ਤੇ ਕੈਨੇਡਾ ’ਚ ਫ਼ਿਲਮ ਦੇ ਸ਼ਾਨਦਾਰ ਪ੍ਰੀਮੀਅਰ ਹੋਏ ਹਨ। ਦਰਸ਼ਕਾਂ ਦੇ ਹੁੰਗਾਰੇ ਨੇ ਕਿੰਨਾ ਕੁ ਉਤਸ਼ਾਹ ਵਧਾਇਆ ਹੈ?

ਜੀ, ਬਿਲਕੁਲ। ਚੰਦ ਘੰਟਿਆਂ ਬਾਅਦ ਇਹ ਫਿਲਮ ਮੇਰੀ ਨਹੀਂ ਦਰਸ਼ਕਾਂ ਦੀ ਬਣ ਜਾਵੇਗੀ। ਮੇਰੀ ਸਮੁੱਚੀ ਟੀਮ ਦੀ ਮਿਹਨਤ ਦਾ ਰਿਜ਼ਲਟ ਦਰਸ਼ਕਾਂ ਦੇ ਹੱਥਾਂ ’ਚ ਹੀ ਹੈ। ਹੁਣ ਤੱਕ ਜਿੰਨੇ ਵੀ ਦਰਸ਼ਕਾਂ ਨੇ ਇਹ ਫਿਲਮ ਦੇਖੀ ਹੈ, ਸਭ ਨੇ ਪਸੰਦ ਕੀਤੀ ਹੈ। ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕ ਸੋਸ਼ਲ ਮੀਡੀਆ ’ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ। ਸਾਨੂੰ ਨਿੱਜੀ ਤੌਰ ’ਤੇ ਮੈਸੇਜਿਸ ਤੇ ਈ-ਮੇਲਸ ਭੇਜ ਰਹੇ ਹਨ। ਖੁਸ਼ੀ ਹੋ ਰਹੀ ਹੈ ਕਿ ਜੋ ਸੋਚ ਕੇ ਇਹ ਫ਼ਿਲਮ ਬਣਾਈ ਸੀ, ਸਾਡੇ ਅਕੀਦੇ ਪੂਰੇ ਹੋ ਰਹੇ ਹਨ। ਦਰਸ਼ਕਾਂ ਨੇ ਇਹ ਫ਼ਿਲਮ ਪ੍ਰਵਾਨ ਕੀਤੀ ਹੈ। ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ। ਉਮੀਦ ਮੁਤਾਬਕ ਇਥੇ ਭਾਰਤ ’ਚ ਵੀ ਦਰਸ਼ਕ ਇਸ ਫ਼ਿਲਮ ਨੂੰ ਪਸੰਦ ਕੀਤੇ ਬਿਨਾਂ ਨਹੀਂ ਰਹਿ ਸਕਣਗੇ।

ਵਿਦੇਸ਼ਾਂ ’ਚੋਂ ਤੁਹਾਨੂੰ ਲੈ ਕੇ ਕੋਈ ਖਾਸ ਪ੍ਰਤੀਕਿਰਿਆ ਕਿਹੜੀ ਆਈ ਹੈ?

ਪਹਿਲੀ ਗੱਲ ਤਾਂ ਦਰਸ਼ਕਾਂ ਨੇ ਇਹ ਫ਼ਿਲਮ ਪਸੰਦ ਕੀਤੀ ਹੈ। ਦੂਜੀ ਗੱਲ ਜਿਸ ਨੇ ਵੀ ਇਹ ਫ਼ਿਲਮ ਦੇਖੀ ਹੈ, ਉਸ ਨੇ ਇਕੋ ਗੱਲ ਹੀ ਕਹੀ ਕਿ ਫ਼ਿਲਮ ’ਚ ਸਤਿੰਦਰ ਸਰਤਾਜ ਤਾਂ ਦਿਖਦਾ ਹੀ ਨਹੀਂ, ਸਿਰਫ ਨਿਹਾਲ ਹੀ ਦਿਖਦਾ ਹੈ। ਮਤਲਬ ਦਰਸ਼ਕਾਂ ਨੇ ਫ਼ਿਲਮ ’ਚ ਸਤਿੰਦਰ ਸਰਤਾਜ ਦੀ ਜਗ੍ਹਾ ਇਕ ਕਲਾਕਾਰ ਨੂੰ ਨਿਹਾਲ ਸਿੰਘ ਦੇ ਕਿਰਦਾਰ ’ਚ ਹੀ ਮਹਿਸੂਸ ਕੀਤਾ ਹੈ।

ਇਸ ਫ਼ਿਲਮ ਦੀ ਚੋਣ ਤੁਸੀਂ ਕਿਵੇਂ ਕੀਤੀ ਸੀ?

‘ਦਿ ਬਲੈਕ ਪ੍ਰਿੰਸ’ ਤੋਂ ਬਾਅਦ ਮੈਂ ਕੋਈ ਵੱਖਰੇ ਕਿਸਮ ਦੀ ਫ਼ਿਲਮ ਹੀ ਕਰਨਾ ਚਾਹੁੰਦਾ ਸੀ। ਇਸ ਦੌਰਾਨ ਮੈਂ ਤਿੰਨ ਸਾਲਾਂ ’ਚ ਕਰੀਬ 96 ਕਹਾਣੀਆਂ ਸੁਣੀਆਂ। ਕੋਈ ਕਹਿੰਦਾ ਸੀ ਤੁਸੀਂ ਪੀਰੀਅਡ ਫ਼ਿਲਮ ’ਚ ਹੀ ਜਚੋਗੇ। ਕੋਈ ਕਹਿੰਦਾ ਸੀ ਕਿ ਤੁਸੀਂ ਆਪਣੀ ਇਮੇਜ ਮੁਤਾਬਕ ਸੀਰੀਅਸ ਫ਼ਿਲਮ ਜਾਂ ‘ਦਿ ਬਲੈਕ ਪ੍ਰਿੰਸ’ ਵਰਗੀ ਫ਼ਿਲਮ ਹੀ ਕਰੋ ਪਰ ਮੈਂ ਅਜੋਕੇ ਮਾਹੌਲ ਦੀ ਫ਼ਿਲਮ ਹੀ ਕਰਨਾ ਚਾਹੁੰਦਾ ਸੀ। ਇਸ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਪੰਕਜ ਵਰਮਾ ਇਸ ਤੋਂ ਪਹਿਲਾਂ ਮੇਰੇ ਕੁਝ ਮਿਊਜ਼ਿਕ ਵੀਡੀਓਜ਼ ਡਾਇਰੈਕਟ ਕਰ ਚੁੱਕੇ ਹਨ। ਉਨ੍ਹਾਂ ਜਦੋਂ ਇਸ ਫ਼ਿਲਮ ਦੀ ਕਹਾਣੀ ਸੁਣਾਈ ਤਾਂ ਮੇਰੇ ਦਿਲ ਨੂੰ ਲੱਗੀ, ਸੋ ਫਿਲਮ ਲੈ ਕੇ ਹਾਜ਼ਰ ਹਾਂ। ਪੰਕਜ ਵਰਮਾ ਦੀ ਵੀ ਬਤੌਰ ਨਿਰਦੇਸ਼ਕ ਤੇ ਲੇਖਕ ਇਹ ਪਹਿਲੀ ਫਿਲਮ ਹੀ ਹੈ।

ਇਸ ਫ਼ਿਲਮ ਦੀ ਖਾਸ ਗੱਲ ਕੀ ਹੈ?

ਇਹ ਫ਼ਿਲਮ ਜ਼ਿੰਦਗੀ ਦੇ ਨੇੜੇ ਹੈ। ਇਹ ਫ਼ਿਲਮ ਅਜੋਕੇ ਰਿਸ਼ਤਿਆਂ, ਅਜੋਕੇ ਦੌਰ ਦੀ ਕਹਾਣੀ ਹੈ। ਅੱਜਕਲ ਦੇ ਰਿਸ਼ਤੇ ਨਾਜ਼ੁਕ ਹੋ ਗਏ ਹਨ। ਰਿਸ਼ਤਿਆਂ ’ਚ ਤਰੇੜਾਂ ਪੈ ਰਹੀਆਂ ਹਨ। ਵਿਆਹ ਵਰਗਾ ਰਿਸ਼ਤਾ ਜੋ ਅਸੀਂ ਸਭ ਤੋਂ ਵੱਧ ਸੋਚ ਸਮਝ ਕੇ ਕਰਦੇ ਹਾਂ, ਉਹ ਸਭ ਤੋਂ ਜ਼ਿਆਦਾ ਟੁੱਟ ਰਿਹਾ ਹੈ। ਇਨ੍ਹਾਂ ਪਿੱਛੇ ਸਭ ਤੋਂ ਵੱਡੀ ਸਮੱਸਿਆ ਆਸ ਦੀ ਹੈ। ਜਦੋਂ ਅਸੀਂ ਇਕ-ਦੂਜੇ ਤੋਂ ਲੋੜ ਤੋਂ ਵੱਧ ਆਸ ਰੱਖਦੇ ਹਾਂ। ਇਹ ਆਸ ਪੂਰੀ ਨਹੀਂ ਹੁੰਦੀ ਤਾਂ ਸੁਭਾਵਿਕ ਤੌਰ ’ਤੇ ਰਿਸ਼ਤੇ ’ਚ ਅਜਿਹੀ ਕੜਵਾਹਟ ਆਉਂਦੀ ਹੈ ਜੋ ਜ਼ਿੰਦਗੀ ਨੂੰ ਨਰਕ ਬਣਾ ਦਿੰਦੀ ਹੈ। ਇਹ ਫਿਲਮ ਰਿਸ਼ਤਿਆਂ ਦੀ ਹੀ ਕਹਾਣੀ ਹੈ। ਆਮ ਤੌਰ ’ਤੇ ਫ਼ਿਲਮਾਂ ’ਚ ਪਿਆਰ ਦਿਖਾਇਆ ਜਾਂਦਾ ਹੈ, ਫਿਰ ਵਿਆਹ ਦਿਖਾਇਆ ਜਾਂਦਾ ਹੈ ਪਰ ਇਸ ਫ਼ਿਲਮ ’ਚ ਪਿਆਰ ਤੇ ਵਿਆਹ ਤੋਂ ਬਾਅਦ ਦੀ ਕਹਾਣੀ ਦਿਖਾਈ ਗਈ ਹੈ। ਰਿਸ਼ਤੇ ਕਿਉਂ ਨਹੀਂ ਨਿਭਦੇ, ਅਸੀਂ ਕਿਥੇ ਗਲਤੀ ਕਰ ਜਾਂਦੇ ਹਾਂ ਕਿ ਰਿਸ਼ਤੇ ਟੁੱਟ ਜਾਂਦੇ ਹਨ ਜਾਂ ਰਿਸ਼ਤੇ ਆਖਿਰ ਕਿਵੇਂ ਨਿਭਦੇ ਹਨ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਸ ਫ਼ਿਲਮ ’ਚ ਹਨ।

ਤੁਸੀਂ ਸ਼ਾਂਤ ਸੁਭਾਅ ਦੇ ਮਾਲਕ ਹੋ। ਫ਼ਿਲਮ ਦੇ ਟ੍ਰੇਲਰ ’ਚ ਤੁਸੀਂ ਜ਼ਬਰਦਸਤ ਲੜ ਵੀ ਰਹੇ ਹੋ। ਤੁਹਾਨੂੰ ਨਿੱਜੀ ਜ਼ਿੰਦਗੀ ’ਚ ਵੀ ਇੰਨਾ ਗੁੱਸਾ ਆਉਂਦਾ ਹੈ?

ਨਹੀਂ ਮੈਨੂੰ ਗੁੱਸਾ ਬਹੁਤ ਘੱਟ ਆਉਂਦਾ ਹੈ। ਇਸ ਫ਼ਿਲਮ ਦੌਰਾਨ ਮੇਰੇ ਡਾਇਰੈਕਟਰ ਤੇ ਮੇਰੀ ਕੋ-ਐਕਟਰ ਅਦਿਤੀ ਸ਼ਰਮਾ ਨੂੰ ਵੀ ਇਹੋ ਲੱਗਦਾ ਸੀ ਕਿ ਸਰਤਾਜ ਤਾਂ ਸ਼ਾਂਤ ਸੁਭਾਅ ਇਨਸਾਨ ਹੈ। ਇਹ ਸੀਨ ਮੁਤਾਬਕ ਇੰਨਾ ਗੁੱਸਾ ਤੇ ਨਾਰਾਜ਼ਗੀ ਭਰਿਆ ਵਤੀਰਾ ਕਿਵੇਂ ਅਪਣਾ ਸਕੇਗਾ। ਤੁਸੀਂ ਟ੍ਰੇਲਰ ਦੇਖਿਆ ਮੈਂ ਇਹ ਗੁੱਸਾ ਲਿਆਂਦਾ। ਇਸ ਫ਼ਿਲਮ ’ਚ ਮੈਂ ਨਹੀਂ ਮੇਰਾ ਕਿਰਦਾਰ ਹੈ। ਇਹ ਕਿਰਦਾਰ ਨਿਭਾਇਆ ਮੈਂ ਹੈ।

ਫ਼ਿਲਮ ਦੀ ਹੀਰੋਇਨ ਅਦਿਤੀ ਸ਼ਰਮਾ ਨਾਲ ਤੇ ਹੋਰ ਕਲਾਕਾਰਾਂ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ?

ਇਸ ਫ਼ਿਲਮ ਦਾ ਤਜਰਬਾ ਮੇਰੇ ਲਈ ਯਾਦਗਾਰੀ ਰਿਹਾ। ਫ਼ਿਲਮ ਦੀ ਸਾਰੀ ਟੀਮ ਨੇ ਹੀ ਇਕ ਪਰਿਵਾਰ ਵਾਂਗ ਕੰਮ ਕੀਤਾ। ਅਸੀਂ ਫ਼ਿਲਮ ਦੀ ਸ਼ੂਟਿੰਗ ਕਾਲਜ ਪੋਰਸ਼ਨ ਤੋਂ ਸ਼ੁਰੂ ਕੀਤੀ ਸੀ। ਕਾਲਜ ਪੋਰਸ਼ਨ ਦੀ ਸ਼ੂਟਿੰਗ ਦੌਰਾਨ ਮੈਂ ਤੇ ਅਦਿਤੀ ਨੇ ਬੜੇ ਸਹਿਜ ਤਰੀਕੇ ਨਾਲ ਕੰਮ ਕੀਤਾ। ਥੋੜ੍ਹੇ ਦਿਨਾਂ ’ਚ ਹੀ ਅਸੀਂ ਇਕ-ਦੂਜੇ ਨਾਲ ਘੁਲ-ਮਿਲ ਗਏ, ਫਿਰ ਪਤਾ ਹੀ ਨਹੀਂ ਲੱਗਾ ਕਦੋਂ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ। ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ’ਚ ਹੀ ਕੀਤੀ ਹੈ। ਫ਼ਿਲਮ ਦਾ ਕਾਫੀ ਹਿੱਸਾ ਮੇਰੇ ਨਿੱਜੀ ਘਰ ’ਚ ਹੀ ਫਿਲਮਾਇਆ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News