ਖੂਬਸੂਰਤ ਪ੍ਰੇਮ ਕਹਾਣੀ ’ਤੇ ਆਧਾਰਿਤ ਹੈ ਸਤਿੰਦਰ ਸਰਤਾਜ ਦੀ ‘ਇੱਕੋ-ਮਿੱਕੇ’

3/1/2020 9:54:59 AM

ਜਲੰਧਰ (ਬਿਊਰੋ)- ਪੰਜਾਬੀ ਗਾਇਕੀ ’ਚ ਵੱਖਰੀਆਂ ਪੈੜਾਂ ਪਾਉਣ ਵਾਲੇ ਨਾਮਵਰ ਗਾਇਕ, ਗੀਤਕਾਰ ਤੇ ਹੁਣ ਅਦਾਕਾਰ ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫਿਲਮ ‘ਇੱਕੋ-ਮਿੱਕੇ’ ਰਿਲੀਜ਼ ਲਈ ਤਿਆਰ ਹੈ। 13 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦਾ ਟ੍ਰੇਲਰ ਹੀ ਦੱਸਦਾ ਹੈ ਕਿ ਇਹ ਫਿਲਮ ਸਰਤਾਜ ਦੇ ਗੀਤਾਂ ਵਾਂਗ ਹੀ ਆਮ ਨਹੀਂ ਹੈ, ਬਲਕਿ ਬੇਹੱਦ ਖਾਸ ਹੈ। ਹਾਲੀਵੁੱਡ ਫਿਲਮ ‘ਦਿ ਬਲੈਕ ਪ੍ਰਿੰਸ’ ਤੋਂ ਬਾਅਦ ਦਰਸ਼ਕ ਪਹਿਲੀ ਵਾਰ ਸਰਤਾਜ ਨੂੰ ਕਿਸੇ ਪੰਜਾਬੀ ਫਿਲਮ ’ਚ ਅਦਾਕਾਰੀ ਕਰਦਿਆਂ ਦੇਖਣਗੇ। ਪੰਜਾਬੀ ਫਿਲਮ ਜਗਤ ਦੇ ਵਿਹੜੇ ’ਚ ਪਹਿਲਾ ਕਦਮ ਰੱਖਣ ਜਾ ਰਹੇ ਸਰਤਾਜ ਨੇ ਆਪਣੀ ਇਸ ਫਿਲਮ ਜ਼ਰੀਏ ਦੱਸ ਦਿੱਤਾ ਹੈ ਕਿ ਵਿਆਹਾਂ, ਕਾਮੇਡੀ ਤੇ ਅਜਿਹੀਆਂ ਹੀ ਫੂਹੜ ਕਿਸਮ ਦੀਆਂ ਫਿਲਮਾਂ ਤੋਂ ਅੱਕ ਚੁੱਕੇ ਦਰਸ਼ਕਾਂ ਲਈ ਉਹ ਕੁਝ ਅਜਿਹਾ ਲੈ ਕੇ ਆਉਣਗੇ ਕਿ ਦਰਸ਼ਕ ਸਾਰਥਿਕ ਗੀਤਾਂ ਵਾਂਗ ਸਾਰਥਿਕ ਪੰਜਾਬੀ ਫਿਲਮਾਂ ਨੂੰ ਵੀ ਢੇਰ ਸਾਰਾ ਪਿਆਰ ਦੇਣਗੇ। ਸਤਿੰਦਰ ਸਰਤਾਜ ਦੀ ਇਹ ਪਹਿਲੀ ਫਿਲਮ 13 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।

ਨੌਜਵਾਨ ਫਿਲਮ ਨਿਰਦੇਸ਼ਕ ਪੰਕਜ ਵਰਮਾ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ’ਚ ਸਤਿੰਦਰ ਸਰਤਾਜ ਦੀ ਹੀਰੋਇਨ ਬਾਲੀਵੁੱਡ ਅਦਾਕਾਰਾ ਅਦਿਤੀ ਸ਼ਰਮਾ ਹੈ। ਦੋਵਾਂ ਤੋਂ ਇਲਾਵਾ ਫਿਲਮ ’ਚ ਸਰਦਾਰ ਸੋਹੀ, ਮਹਾਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੇ ਕੁਮਾਰ, ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ, ਉਮੰਗ ਸ਼ਰਮਾ ਸਮੇਤ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ। ਫਿਲਮ ਦੇ ਨਿਰਦੇਸ਼ਕ ਪੰਕਜ ਵਰਮਾ ਮੁਤਾਬਕ ਸਰਤਾਜ ਵਾਂਗ ਹੀ ਇਹ ਵੀ ਬਤੌਰ ਨਿਰਦੇਸ਼ਕ-ਲੇਖਕ ਉਨ੍ਹਾਂ ਦੀ ਪਹਿਲੀ ਫਿਲਮ ਹੈ। ਉਨ੍ਹਾਂ ਸਰਤਾਜ ਦੇ ਕੁਝ ਮਿਊਜ਼ਿਕ ਵੀਡੀਓਜ਼ ਡਾਇਰੈਕਟ ਕੀਤੇ ਸਨ। ਜਦੋਂ ਉਨ੍ਹਾਂ ਨੇ ਸਰਤਾਜ ਨੂੰ ਇਸ ਫਿਲਮ ਦੀ ਕਹਾਣੀ ਸੁਣਾਈ ਤਾਂ ਉਨ੍ਹਾਂ ਇਸ ਫਿਲਮ ਲਈ ਝੱਟ ਹਾਂ ਕਰ ਦਿੱਤੀ, ਜਦਕਿ ਉਹ ਇਸ ਤੋਂ ਪਹਿਲਾਂ 96 ਫਿਲਮਾਂ ਦੀਆਂ ਕਹਾਣੀਆਂ ਸੁਣ ਚੁੱਕੇ ਸਨ।

ਫਿਲਮ ਦੀ ਟੀਮ ਮੁਤਾਬਕ ਦਰਸ਼ਕਾਂ ਨੂੰ ਇਸ ਫਿਲਮ ’ਚ ਸਰਤਾਜ ਦੀ ਗਾਇਕੀ ਵਾਂਗ ਹੀ ਅਦਾਕਾਰੀ ਦੇ ਵੀ ਵੱਖਰੇ ਰੰਗ ਦੇਖਣ ਨੂੰ ਮਿਲਣਗੇ। ਸਰਤਾਜ ਦੀ ਗਾਇਕੀ ਵਾਂਗ ਇਹ ਫਿਲਮ ਵੀ ਆਮ ਨਹੀਂ ਹੈ, ਬਲਕਿ ਪੰਜਾਬੀ ਫਿਲਮਾਂ ਨਾਲੋਂ ਹਰ ਪੱਖੋਂ ਵੱਖਰੀ ਫਿਲਮ ਹੈ। ਇਹ ਫਿਲਮ ਰਿਸ਼ਤਿਆਂ ’ਚ ਪੈਂਦੀਆਂ ਦੂਰੀਆਂ ਦੀ ਗੱਲ ਕਰਦੀ ਹੋਈ ਆਪਣੀ ਜੀਵਨ ਸਾਥੀ ਨੂੰ ਉਸੇ ਦੇ ਹੀ ਨਜ਼ਰੀਏ ਨਾਲ ਸਮਝਣ ਲਈ ਪ੍ਰੇਰਿਤ ਕਰੇਗੀ। ਇਸ ਫਿਲਮ ਦੇ ਗੀਤ ਸਤਿੰਦਰ ਸਰਤਾਜ ਨੇ ਹੀ ਲਿਖੇ ਤੇ ਗਾਏ ਹਨ, ਜਦਕਿ ਮਿਊਜ਼ਿਕ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ। ਸਤਿੰਦਰ ਸਰਤਾਜ ਦੀ ਨਿੱਜੀ ਕੰਪਨੀ ‘ਫਿਰਦੌਸ’ ਵੱਲੋਂ ਬਣਾਈ ਗਈ ਇਸ ਫਿਲਮ ਦਾ ਮਿਊਜ਼ਿਕ ‘ਸਾਗਾ ਮਿਊਜ਼ਿਕ’ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਸੈਵਨ ਕਲਰ ਮੋਸ਼ਨ ਪਿਕਚਰਸ ਵੱਲੋਂ ਇਹ ਫਿਲਮ ਦੁਨੀਆ ਭਰ ’ਚ ਰਿਲੀਜ਼ ਕੀਤੀ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News