ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ''ਤੇ ਛਿੜਿਆ ਵਿਵਾਦ, ਮੰਗੀ ਮੁਆਫੀ (ਵੀਡੀਓ)

9/21/2019 5:42:30 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ 'ਚ ਆਏ ਦਿਨ ਕੋਈ ਨਾ ਕੋਈ ਗਾਇਕ-ਅਦਾਕਾਰ ਵਿਵਾਦਾਂ 'ਚ ਘਿਰ ਰਿਹਾ ਹੈ। ਹਮੇਸ਼ਾ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਦੇ ਗੀਤ ਬੇਸ਼ੱਕ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖੂਬ ਪਸੰਦ ਆਉਂਦੇ ਹਨ ਪਰ ਸਮਾਜ ਦਾ ਇਕ ਤਬਕਾ ਉਨ੍ਹਾਂ ਦੀ ਲੱਚਰ ਗਾਇਕੀ ਦਾ ਹਮੇਸ਼ਾ ਹੀ ਵਿਰੋਧ ਕਰਦਾ ਹੈ। ਆਉਣ ਵਾਲੀ ਪੰਜਾਬੀ ਫਿਲਮ 'ਅੜਬ ਮੁਟਿਆਰਾਂ' ਦਾ ਨਵਾਂ ਗੀਤ 'ਜੱਟੀ ਜਿਓਣੇ ਮੌੜ ਵਰਗੀ' ਸੋਸ਼ਲ ਮੀਡੀਆ ਯੂਟਿਊਬ 'ਤੇ ਰਿਲੀਜ਼ ਹੋਇਆ ਹੈ, ਜਿਸ ਨੂੰ ਸਿੱਧੂ ਮੂਸੇਵਾਲਾ ਨੇ ਗਾਇਆ ਹੈ। ਦੱਸ ਦਈਏ ਕਿ ਹਾਲੇ ਤੱਕ ਇਹ ਗੀਤ ਸਿਰਫ ਆਡੀਓ 'ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਦੀ ਖੂਬ ਆਲੋਚਨਾ ਹੋ ਰਹੀ ਹੈ। ਹਾਲਾਂਕਿ ਮਾਮਲਾ ਵਧਦਾ ਦੇਖ ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਆਪਣੇ ਗੀਤ 'ਚ 'ਮਾਈ ਭਾਗੋ ਜੀ' ਦਾ ਨਾਂ ਲੈਣ 'ਤੇ ਆਪਣੀ ਸਫਾਈ ਪੇਸ਼ ਕੀਤੀ ਅਤੇ ਨਾਲ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਫੈਨਜ਼ ਤੋਂ ਮੁਆਫੀ ਵੀ ਮੰਗੀ। ਸਿੱਧੂ ਮੂਸੇਵਾਲਾ ਹੀ ਨਹੀਂ ਸਗੋਂ ਉਨ੍ਹਾਂ ਦੀ ਮਾਤਾ ਨੇ ਵੀ ਮੁਆਫੀ ਮੰਗਦੇ ਹੋਏ ਕਿਹਾ ਅਸੀਂ ਵੀ ਸਿੱਖ ਭਾਈਚਾਰੇ ਵਾਲੇ ਹਾਂ। ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਮੇਰੇ ਪੁੱਤਰ ਕੋਲੋ ਜੋ ਗਲਤੀ ਹੋਈ ਉਹਦੇ ਲਈ ਮੁਆਫੀ। ਅੱਗੇ ਤੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਰੱਖਾਂਗੇ। ਮੈਂ ਸਿੱਖ ਜੰਥੇਬੰਦੀਆਂ ਨੂੰ ਅਪੀਲ ਕਰਦੀ ਹਾਂ ਕਿ ਇਸ ਮੁੱਦੇ ਨੂੰ ਵਿਵਾਦ ਨਾ ਬਣਾਉਣ। ਇਸ ਦੇ ਨਾਲ ਉਨ੍ਹਾਂ ਨੇ ਵੀਡੀਓ 'ਚ ਆਪਣਾ ਗੀਤ ਲੀਕ ਹੋਣ ਦੀ ਗੱਲ ਆਖੀ ਹੈ ਅਤੇ ਗੀਤ ਦੇ ਬੋਲ ਬਦਲਣ ਦੀ ਗੱਲ ਵੀ ਕੀਤੀ।


ਦੱਸਣਯੋਗ ਹੈ ਕਿ ਗੀਤ 'ਜੱਟੀ ਜਿਓਣੇ ਮੌੜ ਵਰਗੀ' ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਬਠਿੰਡਾ ਦੇ ਐੱਸ. ਐੱਸ. ਪੀ. ਨੂੰ ਲਿਖਤ ਸ਼ਿਕਾਇਤ ਦਿੱਤੀ ਗਈ, ਜਿਸ 'ਚ ਉਸ 'ਤੇ ਮਾਈ ਭਾਗੋ ਅਤੇ ਸਿੱਖਾਂ ਦੇ ਕੁਝ ਕਕਾਰਾਂ 'ਤੇ ਗਲਤ ਗੀਤ ਗਾਉਣ ਦਾ ਇਲਜ਼ਾਮ ਲੱਗਾ ਹੈ ਅਤੇ ਸਿੱਧੂ ਮੂਸੇਵਾਲਾ 'ਤੇ ਧਾਰਾ 295 ਏ ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਸ਼ਿਕਾਇਤ ਅੱਗੇ ਭੇਜ ਦਿੱਤੀ ਹੈ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੋਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News