ਸਿੱਖੀ ਪ੍ਰਚਾਰ ਸੇਵਾ ਸੋਸਾਇਟੀ ਨੇ ਸਿੱਧੂ ਮੂਸੇਵਾਲਾ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ

9/23/2019 9:47:31 AM

ਅਜਨਾਲ (ਫਰਿਆਦ) - ਚੋਗਾਵਾਂ ਰੋਡ ’ਤੇ ਸਿੱਖੀ ਪ੍ਰਚਾਰ ਸੇਵਾ ਸੋਸਾਇਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਸੀਨੀਅਰ ਆਗੂ ਭਾਈ ਮਨਜੀਤ ਸਿੰਘ ਬਾਠ ਤੇ ਭਾਈ ਕਾਬਲ ਸਿੰਘ ਸ਼ਾਹਪੁਰ ਦੀ ਅਗਵਾਈ ’ਚ ਸਿੱਖ ਕੌਮ ਦੀ ਮਹਾਨ ਨਾਇਕਾ ਮਾਈ ਭਾਗੋ ਦਾ ਜ਼ਿਕਰ ਲੱਚਰ ਗਾਣੇ ’ਚ ਕਰਨ ’ਤੇ ਗਾਇਕ ਸਿੱਧੂ ਮੂਸੇਵਾਲਾ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਪਿਛਲੇ ਡੇਢ ਦਹਾਕੇ ਤੋਂ ਸਿੱਖ ਇਤਿਹਾਸ ਤੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਕੋਰੇ ਅਤੇ ਬੇਸਮਝ ਕੁਝ ਅਖੌਤੀ ਗਾਇਕਾਂ ਨੇ ਪਹਿਲਾਂ ਹੀ ਹਥਿਆਰਾਂ ਅਤੇ ਨਸ਼ਿਆਂ ਨੂੰ ਪ੍ਰਫੁੱਲਿਤ ਕਰ ਕੇ ਪੰਜਾਬ ਦੀ ਜਵਾਨੀ ਦਾ ਸੱਤਿਆਨਾਸ ਕਰਨ ’ਚ ਵੱਡੀ ਭੂਮਿਕਾ ਨਿਭਾਈ ਹੈ, ਹੁਣ ਸਿੱਧੂ ਮੂਸੇਵਾਲਾ ਨੇ ‘ਜੱਟੀ’ ਦੇ ਬੈਨਰ ਹੇਠ ਪੂਰੀ ਸਿੱਖ ਕੌਮ ਦੇ ਹਿਰਦੇ ਵਲੂੰਧਰਦਿਆਂ ਸਿੱਖ ਕੌਮ ਦੀ ਮਹਾਨ ਨਾਇਕਾ ਮਾਤਾ ਭਾਗ ਕੌਰ ਦਾ ਜ਼ਿਕਰ ਲੱਚਰ ਗਾਣੇ ’ਚ ਕਰ ਕੇ ਵੱਡੀ ਕੋਤਾਹੀ ਕੀਤੀ ਹੈ। ਉਕਤ ਸੋਸਾਇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਲੱਚਰ ਤੇ ਬੇਤੁਕੇ ਗਾਣੇ ਗਾਉਣ ਅਤੇ ਲਿਖਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਪੰਜਾਬ ਦੇ ਮਹਾਨ ਵਿਰਸੇ ਨੂੰ ਖਤਮ ਕਰਨ ਦੀ ਕੋਸ਼ਿਸ਼ ਨਾ ਕਰ ਸਕੇ।
ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਅਜਨਾਲਾ, ਡਾ. ਕੁਲਵੰਤ ਸਿੰਘ ਨਿੱਜਰ, ਨੰਬਰਦਾਰ ਗੁਲਜ਼ਾਰ ਸਿੰਘ ਕੋਟਲੀ, ਭਾਈ ਨਰਿੰਦਰਪਾਲ ਸਿੰਘ ਢਿੱਲੋਂ, ਭਾਈ ਅਮਰਜੀਤ ਸਿੰਘ ਬਾਜਵਾ, ਭਾਈ ਮੰਗਲ ਸਿੰਘ ਨਿੱਜਰ, ਕੰਵਲਜੀਤ ਸਿੰਘ, ਗੁਰਨਾਮ ਸਿੰਘ, ਜਰਨੈਲ ਸਿੰਘ ਆਦਿ ਨੇ ਸਿੱਧੂ ਮੂਸੇਵਾਲਾ ਖਿਲਾਫ ਨਾਅਰੇਬਾਜ਼ੀ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News