ਫਿਲਮੀ ਦੁਨੀਆ ਦੇ ''ਬਾਦਸ਼ਾਹ'' ਸੰਨੀ ਦਿਓਲ ਨੇ ਸਿਆਸਤ ਦੇ ''ਮਹਾਰਥੀ'' ਸੁਨੀਲ ਜਾਖੜ ਨੂੰ ਕੀਤਾ ''ਚਿੱਤ''

5/24/2019 9:45:23 AM

ਗੁਰਦਾਸਪੁਰ (ਹਰਮਨਪ੍ਰੀਤ) : ਪਿਛਲੇ ਕਰੀਬ ਡੇਢ ਮਹੀਨੇ ਤੋਂ ਗੁਰਦਾਸਪੁਰ ਲੋਕ ਸਭਾ ਹਲਕੇ ਅੰਦਰ ਹੋਏ ਵੱਡੇ ਸਿਆਸੀ ਸੰਗਰਾਮ ਵਿਚ ਆਖਿਰਕਾਰ ਫਿਲਮੀ ਦੁਨੀਆ ਦੇ ਬਾਦਸ਼ਾਹ ਸੰਨੀ ਦਿਓਲ ਨੇ ਸਿਆਸਤ ਦੇ ਮਹਾਰਥੀ ਸੁਨੀਲ ਜਾਖੜ ਨੂੰ 'ਚਿੱਤ' ਕਰ ਦਿੱਤਾ ਹੈ। ਗੁਰਦਾਸਪੁਰ ਤੋਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਸੰਨੀ ਦਿਓਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ 77 ਹਜ਼ਾਰ 657 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਸੰਨੀ ਨੂੰ ਇਸ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ 5 ਲੱਖ 48 ਹਜ਼ਾਰ 634 ਵੋਟਾਂ ਮਿਲੀਆਂ ਹਨ ਜਦੋਂ ਕਿ ਸੁਨੀਲ ਜਾਖੜ ਨੂੰ 4 ਲੱਖ 70 ਹਜ਼ਾਰ 977 ਵੋਟਾਂ ਮਿਲਣ ਕਾਰਨ ਸੁਨੀਲ ਜਾਖੜ ਪਿਛਲੀ ਵਾਰ ਮਿਲੀ ਵੱਡੀ ਜਿੱਤ ਨੂੰ ਇਸ ਵਾਰ ਬਰਕਰਾਰ ਨਹੀਂ ਰੱਖ ਸਕੇ।

ਕਰੀਬ 21 ਸਾਲ ਪਹਿਲਾਂ ਜਿਸ ਢੰਗ ਨਾਲ ਵਿਨੋਦ ਖੰਨਾ ਨੇ ਪਹਿਲੀ ਵਾਰ ਸਿਆਸਤ ਦੇ ਮੈਦਾਨ 'ਚ ਉਤਰ ਕੇ ਕਾਂਗਰਸ ਦੇ ਗੜ੍ਹ ਸਮਝੇ ਜਾਂਦੇ ਇਸ ਹਲਕੇ ਅੰਦਰ ਸੁਖਬੰਸ ਕੌਰ ਭਿੰਡਰ ਨੂੰ 1 ਲੱਖ 6 ਹਜ਼ਾਰ 833 ਵੋਟਾਂ ਦੇ ਫਰਕ ਨਾਲ ਹਰਾਇਆ ਸੀ, ਉਸੇ ਤਰ੍ਹਾਂ ਸੰਨੀ ਦਿਓਲ ਨੇ ਵੀ ਇਸ ਹਲਕੇ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਇਕ ਦਿੱਗਜ ਆਗੂ ਨੂੰ 77 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਵਿਨੋਦ ਖੰਨਾ ਨੇ ਇਸ ਹਲਕੇ ਅੰਦਰ 5 ਵਾਰ ਚੋਣ ਲੜੀ ਸੀ, ਜਿਨ੍ਹਾਂ 'ਚੋਂ ਸਿਰਫ 2009 ਦੌਰਾਨ ਉਹ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਕੋਲੋਂ 8342 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ, ਜਦੋਂ ਕਿ 1998 ਤੋਂ ਬਾਅਦ ਉਹ 1999 'ਚ 1399 ਵੋਟਾਂ ਨਾਲ ਬੀਬੀ ਸੁਖਬੰਸ ਕੌਰ ਭਿੰਡਰ ਨੂੰ ਦੂਸਰੀ ਵਾਰ ਹਰਾਉਣ 'ਚ ਸਫਲ ਰਹੇ ਸਨ। 2004 'ਚ ਵੀ ਵਿਨੋਦ ਖੰਨਾ ਨੇ ਸ਼੍ਰੀਮਤੀ ਭਿੰਡਰ ਨੂੰ 24983 ਵੋਟਾਂ ਦੇ ਫਰਕ ਨਾਲ ਹਰਾਇਆ ਸੀ, ਜਦੋਂ ਕਿ 2009 ਦੀ ਚੋਣ ਹਾਰਨ ਦੇ ਬਾਅਦ 2014 ਦੌਰਾਨ ਉਨ੍ਹਾਂ ਨੇ ਮੁੜ ਇਸ ਹਲਕੇ ਦੇ ਚੋਣ ਇਤਿਹਾਸ ਦੀ ਸਭ ਤੋਂ ਵੱਡੀ ਲੀਡ ਲੈ ਕੇ 1 ਲੱਖ 36 ਹਜ਼ਾਰ 65 ਵੋਟਾਂ ਦੇ ਫਰਕ ਨਾਲ ਭਾਜਪਾ ਦਾ ਝੰਡਾ ਬੁਲੰਦ ਕੀਤਾ ਸੀ।

ਦੋਵਾਂ ਧਿਰਾਂ ਲਈ ਵੱਡੇ ਮਾਇਨੇ ਰੱਖਦੀ ਸੀ ਗੁਰਦਾਸਪੁਰ ਦੀ ਚੋਣ

ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜਿੱਤ-ਹਾਰ ਦੋਵਾਂ ਪਾਰਟੀਆਂ ਲਈ ਵੱਡੇ ਮਾਇਨੇ ਰੱਖਦੀ ਸੀ। ਜਿਥੇ ਸੰਨੀ ਦਿਓਲ ਨੇ ਜਿੱਤ ਹਾਸਲ ਕਰ ਕੇ ਭਾਜਪਾ ਅਤੇ ਆਪਣੀ ਲਾਜ ਤਾਂ ਬਚਾ ਲਈ ਹੈ ਪਰ ਸੰਨੀ ਦੀ ਇਹ ਜਿੱਤ ਅਤੇ ਕਾਂਗਰਸ ਦੇ ਸੁਨੀਲ ਜਾਖੜ ਦੀ ਹਾਰ ਸੱਤਾਧਾਰੀ ਪਾਰਟੀ ਲਈ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਸੰਨੀ ਦਿਓਲ ਦਾ ਬੇਸ਼ੱਕ ਆਪਣਾ ਪ੍ਰਭਾਵ ਅਤੇ ਹਰਮਨਪਿਆਰਤਾ ਹੈ ਪਰ ਸੁਨੀਲ ਜਾਖੜ ਵੀ ਕਿਸੇ ਪੱਖੋਂ ਘੱਟ ਨਹੀਂ ਸਨ। ਜਿਨ੍ਹਾਂ ਦੀ ਈਮਾਨਦਾਰੀ, ਸੂਝ-ਬੂਝ, ਕੰਮ ਕਰਨ ਦੀ ਲਗਨ ਅਤੇ ਲੰਬਾ ਸਿਆਸੀ ਤਰਜਬਾ ਉਨ੍ਹਾਂ ਦਾ ਵੱਡਾ ਸਿਆਸੀ ਹਥਿਆਰ ਸੀ ਪਰ ਇਸ ਦੇ ਬਾਵਜੂਦ ਇਸ ਲੋਕ ਸਭਾ ਹਲਕੇ ਦੇ ਅਧੀਨ 9 'ਚੋਂ 7 ਵਿਧਾਨ ਸਭਾ ਹਲਕਿਆਂ 'ਚ ਸੰਨੀ ਦਿਓਲ ਨੂੰ ਮਿਲੇ ਵੱਡੇ ਜਨਮਤ ਨੇ ਸੁਨੀਲ ਜਾਖੜ ਦੀ ਹਾਰ ਦਾ ਮੁੱਢ ਬੰਨ੍ਹਿਆ ਹੈ, ਕਿਉਂਕਿ ਸਿਰਫ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਇਲਾਵਾ ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ 'ਚ ਹੀ ਸੁਨੀਲ ਜਾਖੜ ਨੂੰ ਸੰਨੀ ਦਿਓਲ ਨਾਲੋਂ ਜ਼ਿਆਦਾ ਵੋਟਾਂ ਮਿਲੀਆਂ ਹਨ, ਜਦੋਂ ਕਿ ਬਾਕੀ ਦੇ ਸਾਰੇ ਹਲਕਿਆਂ 'ਚ ਉਹ ਹਾਰ ਗਏ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News