ਇਨ੍ਹਾਂ ਅਦਾਕਾਰਾਂ ਦੀ ਬਦੌਲਤ 'ਪੰਜਾਬੀ ਫ਼ਿਲਮ ਉਦਯੋਗ' ਮੁੜ ਖੜ੍ਹਾ ਹੋਇਆ ਪੱਕੇ ਪੈਰੀਂ

6/19/2020 2:08:41 PM

ਜਲੰਧਰ (ਵੈੱਬ ਡੈਸਕ) — ਪੰਜਾਬੀ ਸਿਨੇਮਾ ਦਿਨੋਂ-ਦਿਨ ਨਵੀਆਂ ਪੈੜਾਂ ਪਾਉਂਦਾ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਸ ਨੂੰ ਮੁੜ ਪੈਰਾਂ 'ਤੇ ਲੈ ਕੇ ਆਉਣ 'ਚ ਕਾਮੇਡੀ ਕਲਾਕਾਰਾਂ ਦਾ ਵੱਡਾ ਯੋਗਦਾਨ ਹੈ। ਅੱਜ ਅਸੀਂ ਤੁਹਾਡੇ ਨਾਲ ਅਜਿਹੇ ਹੀ ਕਲਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਪੰਜਾਬੀ ਫ਼ਿਲਮ ਉਦਯੋਗ ਨੂੰ ਮੁੜ ਪੱਕੇ ਪੈਰੀਂ ਖੜ੍ਹਾ ਕੀਤਾ ਹੈ। ਬਹੁਤੇ ਕਲਾਕਾਰਾਂ ਨੇ ਆਪਣੀ ਕਲਾ ਦੇ ਦਮ 'ਤੇ ਵੱਖਰੀ ਪਛਾਣ ਕਾਇਮ ਕੀਤੀ ਹੈ, ਜਿਵੇਂ ਇੱਕ ਦਮਦਾਰ ਫ਼ਿਲਮ ਬਣਾਉਣ ਲਈ ਚੰਗੀ ਸਕ੍ਰਿਪਟ, ਚੰਗੇ ਅਦਾਕਾਰ, ਚੰਗੇ ਡਾਇਰੈਟਰ ਤੇ ਚੰਗੀ ਤਕਨੀਸ਼ੀਅਨ ਟੀਮ ਦਾ ਹੋਣਾ ਜ਼ਰੂਰੀ ਹੁੰਦਾ ਹੈ, ਉਸੇ ਤਰ੍ਹਾਂ ਹੀ ਦਰਸ਼ਕਾਂ ਦੇ ਚਿਹਰਿਆਂ 'ਤੇ ਕੁਝ ਪਲ ਦੀ ਮੁਸਕਰਾਹਟ ਲਿਆਉਣ ਲਈ ਇੱਕ ਚੰਗੇ ਕਾਮੇਡੀਅਨ ਦਾ ਹੋਣਾ ਵੀ ਫ਼ਿਲਮ 'ਚ ਜ਼ਰੂਰੀ ਹੁੰਦਾ ਹੈ। 20ਵੀਂ ਸਦੀ 'ਚ ਪੰਜਾਬੀ ਸਿਨੇਮਾ ਨੂੰ ਮੁੜ ਪੈਰਾਂ 'ਤੇ ਲੈ ਕੇ ਆਉਣ 'ਚ ਸਾਡੇ ਕੁਝ ਹਾਸਰਸ ਕਲਾਕਾਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਮੌਜੂਦਾ ਦੌਰ 'ਚ ਜ਼ਿਆਦਾਤਰ ਕਾਮੇਡੀ ਫ਼ਿਲਮਾਂ ਨੇ ਚੰਗੀ ਕਾਮਯਾਬੀ ਹਾਸਲ ਕੀਤੀ ਹੈ। ਗਾਇਕ ਤੋਂ ਅਦਾਕਾਰ ਬਣੇ ਹਰਭਜਨ ਮਾਨ ਦੀ ਫ਼ਿਲਮ 'ਜੀ ਆਇਆਂ ਨੂੰ' ਤੋਂ ਪੰਜਾਬੀ ਸਿਨੇਮਾ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਹੋਈ। ਇਸ ਫ਼ਿਲਮ ਦੇ ਸਫਲ ਹੋਣ ਤੋਂ ਬਾਅਦ ਪੰਜਾਬੀ ਸਿਨੇਮਾ ਦਿਨੋਂ-ਦਿਨ ਨਵੀਆਂ ਬੁਲੰਦੀਆਂ ਨੂੰ ਪਾਰ ਕਰਦਾ ਗਿਆ।

ਗੁਰਪ੍ਰੀਤ ਘੁੱਗੀ
ਪੰਜਾਬੀ ਸਿਨੇਮਾ ਵਿਚ ਗੁਰਪ੍ਰੀਤ ਘੁੱਗੀ ਇੱਕ ਕਾਮੇਡੀਅਨ ਹੀ ਨਹੀਂ ਸਗੋਂ ਬਤੌਰ ਨਾਇਕ ਸੰਜੀਦਾ ਕਿਰਦਾਰਾਂ ਨਾਲ ਖੇਡਣ ਵਾਲਾ ਸਫ਼ਲ ਕਲਾਕਾਰ ਵੀ ਹੈ। ਅਜੋਕੇ ਦੌਰ ਦੀਆਂ ਫ਼ਿਲਮਾਂ ਵਿਚ ਇੱਕ ਅਲੱਗ ਪਛਾਣ ਰੱਖਣ ਵਾਲੇ ਇਸ ਅਦਾਕਾਰ ਨੇ ਐਕਟਰ ਬਣਨ ਦਾ ਸੁਫ਼ਨਾ ਬਚਪਨ ਦੇ ਦਿਨਾਂ ਵਿਚ ਹੀ ਲਿਆ ਸੀ, ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਵੱਡਾ ਸੰਘਰਸ਼ ਕਰਨਾ ਪਿਆ। ਸਮੇਂ ਅਤੇ ਹਾਲਾਤ ਨਾਲ ਜੂਝਦਾ ਗੁਰਪ੍ਰੀਤ ਘੁੱਗੀ ਜਦੋਂ ਆਪਣੇ ਉਸਤਾਦ ਬਲਵਿੰਦਰ ਵਿੱਕੀ ਉਰਫ਼ 'ਚਾਚਾ ਰੌਣਕੀ ਰਾਮ' ਕੋਲ ਗਏ ਤਾਂ ਉਨ੍ਹਾਂ ਨੂੰ ਕਲਾਕਾਰੀ ਦੇ ਖੇਤਰ 'ਚ ਅੱਗੇ ਵਧਣ ਦਾ ਇੱਕ ਚੰਗਾ ਮੌਕਾ ਮਿਲਿਆ। ਦੂਰਦਰਸ਼ਨ ਦੇ ਲੜੀਵਾਰਾਂ 'ਰੋਣਕ ਮੇਲਾ', 'ਨੂਰਾ' ਅਤੇ 'ਪਰਛਾਵੇਂ' ਵਿਚ ਉਨ੍ਹਾਂ ਦੇ ਕਿਰਦਾਰ ਦਰਸ਼ਕਾਂ ਲਈ ਪ੍ਰਭਾਵਸ਼ਾਲੀ ਰਹੇ। ਓਮ ਪ੍ਰਕਾਸ਼ ਗਾਸੋ ਦੇ ਨਾਵਲ 'ਤੇ ਆਧਾਰਿਤ ਪੰਜਾਬੀ ਲੜੀਵਾਰ 'ਪਰਛਾਵੇ' ਨਾਲ ਮਿਲੀ ਪ੍ਰਸਿੱਧੀ ਨੇ ਉਨ੍ਹਾਂ ਦੀ ਕਲਾ ਨੂੰ ਨਵਾਂ ਮੋੜ ਦਿੱਤਾ। ਦੂਰਦਰਸ਼ਨ ਅਤੇ ਆਲ ਇੰਡੀਆ ਦੇ ਪ੍ਰੋਗਰਾਮਾਂ ਰਾਹੀਂ ਇਕ ਵੱਖਰੀ ਪਛਾਣ ਬਣਾ ਚੁੱਕੇ ਗੁਰਪ੍ਰੀਤ ਘੁੱਗੀ ਨੇ ਪੰਜਾਬੀ ਫਿਲਮ 'ਜੀ ਆਇਆਂ ਨੂੰ' ਤੋਂ ਫਿਲਮੀ ਪਰਦੇ ਵੱਲ ਪਹਿਲਾ ਕਦਮ ਵਧਾਇਆ। ਭਾਵੇਂ ਕਿ ਗੁਰਪ੍ਰੀਤ ਘੁੱਗੀ ਨੇ ਹੁਣ ਤਕ ਜ਼ਿਆਦਾਤਰ ਕਾਮੇਡੀ ਕਿਰਦਾਰ ਹੀ ਨਿਭਾਏ ਪਰ ਕੁਝ ਸਾਲ ਪਹਿਲਾਂ ਆਈ ਫਿਲਮ 'ਅਰਦਾਸ' 'ਚ ਮਾਸਟਰ ਗੁਰਮੱਖ ਸਿੰਘ ਦੇ ਕਿਰਦਾਰ ਨੇ ਦਰਸ਼ਕਾਂ ਦੇ ਦਿਲਾਂ 'ਤੇ ਨਾਇਕ ਵਾਲੀ ਗੂੜ੍ਹੀ ਮੋਹਰ ਲਾ ਦਿੱਤੀ। ਇਸ ਕਿਰਦਾਰ ਨੇ ਦਰਸ਼ਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਇਹ ਕਾਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਹੀ ਹੈ। ਇਸ ਕਿਰਦਾਰ ਬਦਲੇ ਉਨ੍ਹਾਂ ਨੂੰ ਬੈਸਟ ਐਕਟਰ ਦਾ ਐਵਾਰਡ ਵੀ ਮਿਲਿਆ। ਇਸੇ ਤਰ੍ਹਾਂ ਇਸ ਫ਼ਿਲਮ ਦੇ ਸੀਕਵਲ 'ਅਰਦਾਸ ਕਰਾਂ' 'ਚ ਗੁਰਪ੍ਰੀਤ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਪੀੜਤ ਇਕ ਜਿੰਦਾਂ-ਦਿਲ ਇੰਨਸਾਨ ਦੇ ਕਿਰਦਾਰ ਨੂੰ ਬਾਖ਼ੂਬੀ ਪਰਦੇ 'ਤੇ ਪੇਸ਼ ਕੀਤਾ। ਇਸ ਕਰਕੇ ਗੁਰਪ੍ਰੀਤ ਘੁੱਗੀ ਨੂੰ ਕਾਮੇਡੀ ਦੇ ਨਾਲ-ਨਾਲ ਬਹੁ-ਪਾਤਰੀ ਕਿਰਦਾਰਾਂ ਦਾ ਕਲਾਕਾਰ ਵੀ ਕਹਿ ਸਕਦਾ ਹੈ।

ਸਮਾਜਿਕ ਸਿਨੇਮਾ ਦਾ ਹਵਾਲਾ ਦਿੰੰਦੀ ਫਿਲਮ 'ਸੰਨ ਆਫ਼ ਮਨਜੀਤ ਸਿੰਘ' ਵੀ ਗੁਰਪ੍ਰੀਤ ਦੀ ਇਕ ਬਿਹਤਰੀਨ ਫਿਲਮ ਰਹੀ। ਗੁਰਪ੍ਰੀਤ ਦੀ ਕਾਮੇਡੀ ਅਦਾਕਾਰੀ ਦੀ ਗੱਲ ਕਰੀਏ ਤਾਂ ਫਿਲਮ 'ਚੱਕ ਦੇ ਫੱਟੇ' ਵਿਚ ਰਤਨ ਸਿੰਘ ਟਾਟਾ ਦੇ ਕਿਰਦਾਰ ਨੇ ਜੋ ਛਾਪ ਛੱਡੀ ਉਸ ਨੂੰ ਕਾਮੇਡੀ ਦਾ ਸਿਖ਼ਰ ਆਖ ਸਕਦੇ ਹਾਂ। ਜ਼ਿਲ੍ਹਾ ਗੁਰਦਾਸਪੁਰ ਦੇ ਇਕ ਨਿੱਕੇ ਜਿਹੇ ਪਿੰਡ ਵਿਚ ਮੱਧਵਰਗੀ ਮਿਹਨਤੀ ਪਰਿਵਾਰ 'ਚ ਜਨਮੇਂ ਗੁਰਪ੍ਰੀਤ ਘੁੱਗੀ ਨੇ ਆਪਣਾ ਬਚਪਨ ਤੰਗੀਆਂ ਤਰੁਸ਼ੀਆ ਭਰੇ ਮਾਹੌਲ ਵਿਚ ਗੁਜ਼ਾਰਿਆ। ਘਰ ਦੀ ਆਰਥਿਕ ਸਥਿਤੀ ਚੰਗੀ ਨਾ ਹੋਣ ਕਾਰਨ ਉਨ੍ਹਾਂ ਨੂੰ 10ਵੀਂ ਦੀ ਪੜ੍ਹਾਈ ਕਰਨ ਮਗਰੋਂ ਕਚਹਿਰੀਆਂ ਵਿਚ ਆਰਜ਼ੀ ਨਵੀਸ ਕੋਲ ਟਾਈਪਿਸਟ ਦੀ ਨੌਕਰੀ ਵੀ ਕਰਨੀ ਪਈ। ਆਪਣੇ ਸੁਫ਼ਨਿਆਂ ਨੂੰ ਰੁਲਦਾ ਵੇਖ ਉਹ ਜ਼ਿਆਦਾ ਦੇਰ ਇਸ ਨੌਕਰੀ 'ਤੇ ਟਿਕ ਨਾ ਸਕਿਆ ਅਤੇ ਉਨ੍ਹਾਂ ਨੇ ਦੁਆਬਾ ਕਾਲਜ ਜਲੰਧਰ ਦਾਖ਼ਲਾ ਲੈ ਲਿਆ ਜਿੱਥੇ ਉਨ੍ਹਾਂ ਨੇ ਪੜਾਈ ਦੇ ਨਾਲ ਨਾਲ ਥੀਏਟਰ 'ਚ ਵੀ ਹਿੱਸਾ ਲੈਣਾ ਸ਼ੁਰੂ ਕੀਤਾ। ਇਸ ਤਰ੍ਹਾਂ ਉਨ੍ਹਾਂ ਦੀ ਕਲਾ ਦਾ ਸਫ਼ਰ ਸ਼ੁਰੂ ਹੋ ਗਿਆ। ਗੁਰਪ੍ਰੀਤ ਘੁੱਗੀ ਹੁਣ ਤੱਕ 60 ਦੇ ਕਰੀਬ ਪੰਜਾਬੀ, ਹਿੰਦੀ ਫ਼ਿਲਮਾਂ ਸਮੇਂ ਅਨੇਕਾਂ ਟੈਲੀਫਿਲਮਾਂ ਵੀ ਕਰ ਚੁੱਕਾ ਹੈ। ਕਰੀਅਰ ਦੇ ਸ਼ੁਰੂਆਤੀ ਦੌਰ 'ਚ ਗੁਰਪ੍ਰੀਤ ਦੀਆਂ ਕਈ ਕਾਮੇਡੀ ਕੈਸਿਟਾਂ ਵੀ ਆਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਇਨ੍ਹਾਂ ਕੈਸਿਟਾਂ ਨੇ ਹੀ ਉਨ੍ਹਾਂ ਨੂੰ ਕਾਮੇਡੀ ਕਲਾਕਾਰ ਵਜੋਂ ਪਛਾਣ ਹਾਸਲ ਕਰਵਾਈ। ਦੱਸਣਯੋਗ ਹੈ ਕਿ ਗੁਰਪ੍ਰੀਤ ਘੁੱਗੀ ਇਸ ਸਮੇਂ 'ਨੌਰਥ ਜੋਨ ਫ਼ਿਲਮ' ਅਤੇ 'ਟੀ. ਵੀ. ਆਰਟਿਸਟ ਅਸੋਸੀਏਸ਼ਨ' ਦੇ ਪ੍ਰਧਾਨ ਵੀ ਹਨ।
B N Sharma , , matching with look from Phone Milawaan, single ...
ਬੀ. ਐੱਨ. ਸ਼ਰਮਾ
ਕੋਈ ਨਹੀਂ ਸੀ ਚਾਹੁੰਦਾ ਕਿ ਹਿੰਦੂ ਪਰਿਵਾਰ 'ਚ ਜੰਮਿਆ ਮੁੰਡਾ ਭੋਲੇ ਨਾਥ ਸ਼ਰਮਾ (ਬੀਐੱਨ ਸ਼ਰਮਾ) ਕਲਾਕਾਰੀ ਖੇਤਰ ਵਿਚ ਜਾਵੇ। ਉਸ ਦੇ ਪੂਰੇ ਪਰਿਵਾਰ ਸਮੇਤ ਰਿਸ਼ਤੇਦਾਰ ਵੀ ਇਸ ਦੇ ਸਖ਼ਤ ਖ਼ਿਲਾਫ਼ ਸਨ। ਆਪਣੇ ਇਸ ਸ਼ੌਕ ਨੂੰ ਪੂਰਾ ਕਰਦਿਆਂ ਬਚਪਨ 'ਚ ਕਈ ਵਾਰ ਘਰਦਿਆਂ ਤੋਂ ਝਿੜਕਾਂ ਵੀ ਖਾਣੀਆਂ ਪਈਆਂ ਪਰ ਬੀ. ਐੱਨ. ਸ਼ਰਮਾ 'ਤੇ ਅਦਾਕਾਰੀ ਦਾ ਭੂਤ ਸਵਾਰ ਸੀ, ਜਿਸ ਕਰਕੇ ਉਹ ਘਰਦਿਆਂ ਤੋਂ ਬਾਗ਼ੀ ਹੋ ਦਿੱਲੀ ਤੋਂ ਚੰਡੀਗੜ੍ਹ ਪਹੁੰਚ ਗਿਆ। ਫਿਰ ਚੰਡੀਗੜ੍ਹ ਰਹਿੰਦੇ ਬੀ. ਐੱਨ. ਸ਼ਰਮਾ ਦੇ ਮਾਮੇ ਨੇ ਉਸ ਨੂੰ ਪੰਜਾਬ ਪੁਲਸ 'ਚ ਭਰਤੀ ਕਰਵਾ ਦਿੱਤਾ। ਨੌਕਰੀ ਕਰਦਿਆਂ ਵੀ ਉਹ ਰੰਗਮੰਚ ਨਾਲ ਜੁੜਿਆ ਰਿਹਾ।

ਜ਼ਿਕਰਯੋਗ ਹੈ ਕਿ ਦਿੱਲੀ ਰਹਿੰਦਿਆਂ ਵੀ ਉਸ ਨੇ ਰੰਗਮੰਚ ਨਾਲ ਜੁੜੇ ਹੋਣ ਕਾਰਨ ਕਈ ਨਾਟਕਾਂ 'ਚ ਕੰਮੀ ਕੀਤਾ। ਸ਼ੁਰੂਆਤੀ ਦੌਰ 'ਚ ਬੀਐੱਨ ਸ਼ਰਮ ਨੇ ਕੁਝ ਟੀਵੀ ਸੀਰੀਅਲਜ਼ ਵੀ ਕੀਤੇ। ਉਸ ਨੇ ਪਹਿਲੀ ਵਾਰ ਦੂਰਦਰਸ਼ਨ ਦੇ ਪੰਜਾਬੀ ਨਾਟਕ 'ਜੇਬ ਕਤਰੇ' ਵਿਚ ਨੈਗੇਟਿਵ ਕਿਰਦਾਰ ਨਿਭਾਇਆ। 1987 'ਚ ਆਈ ਪੰਜਾਬੀ ਫਿਲਮ 'ਵਿਸਾਖੀ' ਵਿਚ ਉਸਨੇ ਪਹਿਲੀ ਵਾਰ ਵੱਡੇ ਪਰਦੇ ਲਈ ਕੰਮ ਕੀਤਾ। ਇਸੇ ਦੌਰਾਨ ਜਸਪਾਲ ਭੱਟੀ ਦੇ ਚਰਚਿਤ ਕਾਮੇਡੀ ਸ਼ੋਅ 'ਫਲਾਪ ਸ਼ੋਅ' 'ਉਲਟਾ ਪੁਲਟਾ', 'ਪ੍ਰੋਫੈਸਰ ਮਨੀ ਪਲਾਟ' ਨੇ ਬੀ. ਐੱਨ. ਸ਼ਰਮਾ ਨੂੰ ਇਕ ਨਵੀਂ ਪਛਾਣ ਦਿੱਤੀ। ਪੰਜਾਬ ਦੇ ਰੋਪੜ ਸ਼ਹਿਰ ਨੇੜਲੇ ਆਪਣੇ ਨਾਨਕੇ ਪਿੰਡ ਭਰਤਗੜ੍ਹ ਵਿਚ ਜਨਮੇਂ ਬੀਐੱਨ ਸ਼ਰਮਾ ਨੇ ਆਪਣੀ ਮਿਹਨਤ ਸਦਕਾ ਅੱਜ ਪਾਲੀਵੁੱਡ 'ਚ ਵੱਖਰੀ ਪਛਾਣ ਕਾਇਮ ਕੀਤੀ ਹੈ। ਪੰਜਾਬੀ ਫਿਲਮ ' ਮਾਹੌਲ ਠੀਕ ਹੈ' ਵਿਚ ਉਸ ਨੇ ਬਿੱਲੂ ਬੱਕਰੇ ਦਾ ਜਬਰਦਸਤ ਕਿਰਦਾਰ ਨਿਭਾਇਆ ਜੋ ਦਰਸ਼ਕਾਂ ਦੇ ਦਿਲਾਂ ਵਿਚ ਵਸ ਗਿਆ। ਇਸ ਤੋਂ ਬਾਅਦ ਉਸ ਲਈ ਪੰਜਾਬੀ ਸਿਨੇਮਾ ਦੇ ਸਾਰੇ ਬੰਦ ਦਰਵਾਜ਼ੇ ਖੁੱਲ੍ਹ ਗਏ। ਚੰਡੀਗੜ੍ਹ ਰਹਿੰਦਿਆਂ ਬੀ. ਐੱਨ. ਸ਼ਰਮਾ ਨੇ 20 ਦੇ ਕਰੀਬ ਨਾਟਕਾਂ ਵਿਚ ਯਾਦਗਰੀ ਕਿਰਦਾਰ ਨਿਭਾਉਦਿਆਂ ਕਈ ਇਨਾਮ ਵੀ ਜਿੱਤੇ। ਬੀ. ਐੱਨ. ਸ਼ਰਮਾ ਹੁਣ ਤਕ 100 ਤੋਂ ਵੱਧ ਪੰਜਾਬੀ ਅਤੇ ਹਿੰਦੀ ਫਿਲਮਾਂ ਵਿਚ ਦਮਦਾਰ ਕਿਰਦਾਰ ਨਿਭਾ ਚੁੱਕਾ ਹੈ। ਉਹ ਇਕ ਕਾਮੇਡੀਅਨ ਵੀ ਹੈ ਤੇ ਨੈਗੇਟਿਵ ਕਿਰਦਾਰਾਂ ਨੂੰ ਨਿਭਾਉਣ ਵਾਲਾ ਦਮਦਾਰ ਖਲਨਾਇਕ ਵੀ। ਉਹ ਆਪਣੇ ਨਿਭਾਏ ਹਰ ਕਿਰਦਾਰ ਨਾਲ ਧੁਰ ਅੰਦਰ ਤੀਕ ਜੁੜਿਆ ਪ੍ਰਤੀਤ ਹੁੰਦਾ ਹੈ। ਮੌਜੂਦਾ ਦੌਰ ਦੇ ਪੰਜਾਬੀ ਸਿਨੇਮਾ ਵਿਚ ਬੀ. ਐੱਨ. ਸ਼ਰਮਾ ਇਕ ਕਾਮੇਡੀਅਨ ਦੇ ਰੂਪ 'ਚ ਜ਼ਿਆਦਾ ਜਾਣਿਆ ਜਾਣ ਲੱਗਾ ਹੈ।

ਜਸਵਿੰਦਰ ਭੱਲਾ
ਕਿਸੇ ਵੇਲੇ 'ਛਣਕਾਟੇ ਵਾਲੇ ਭੱਲਾ' ਵਜੋਂ ਮਸ਼ਹੂਰ ਹੋਇਆ ਪ੍ਰੋ. ਜਸਵਿੰਦਰ ਸਿੰਘ ਭੱਲਾ ਅੱਜ ਪੰਜਾਬੀ ਫ਼ਿਲਮਾਂ ਦਾ ਸਫ਼ਲ ਕਾਮੇਡੀਅਨ ਹੈ। ਜਸਪਾਲ ਭੱਟੀ ਦੀ ਫ਼ਿਲਮ 'ਮਾਹੌਲ ਠੀਕ ਹੈ' ਨਾਲ ਪੰਜਾਬੀ ਪਰਦੇ ਵੱਲ ਵਧਿਆ ਜਸਵਿੰਦਰ ਭੱਲਾ ਕਦਮ-ਦਰ-ਕਦਮ ਫ਼ਿਲਮੀ ਮਾਰਗ 'ਤੇ ਪੈੜਾਂ ਪਾਉਂਦਾ ਸ਼ੁਹਰਤ ਦੀਆਂ ਮੰਜ਼ਲਾਂ ਵੱਲ ਵਧਦਾ ਗਿਆ। ਸਵਰਗੀ ਪੰਜਾਬੀ ਹੀਰੋ ਵਰਿੰਦਰ ਦੇ ਦੌਰ ਦੀਆਂ ਪੰਜਾਬੀ ਫਿਲਮਾਂ ਵਿਚ ਕਾਮੇਡੀਅਨ ਮੇਹਰ ਮਿੱਤਲ ਦੀ ਬੇਹੱਦ ਅਹਿਮੀਅਤ ਹੁੰਦੀ ਸੀ। ਮੇਹਰ ਮਿੱਤਲ ਇਕ ਅਜਿਹਾ ਕਲਾਕਾਰ ਸੀ ਜਿਸ ਦੇ ਬਿਨਾਂ ਬਣੀ ਫ਼ਿਲਮ ਨੂੰ ਕੋਈ ਵਾਰ ਫ਼ਿਲਮ ਡਿਸਟਰੀਬਿਊਟਰ ਵੀ ਹੱਥ ਨਹੀਂ ਸੀ ਪਾਉਂਦਾ। ਹਰੇਕ ਪੰਜਾਬੀ ਫ਼ਿਲਮ 'ਚ ਉਸ ਦੀ ਹਾਜ਼ਰੀ ਅਹਿਮ ਹੁੰਦੀ ਸੀ। ਠੀਕ ਉਸੇ ਤਰ੍ਹਾਂ ਮੌਜੂਦਾ ਪੰਜਾਬੀ ਸਿਨੇਮਾ ਵਿਚ ਜਸਵਿੰਦਰ ਭੱਲਾ ਦੀ ਹਾਜ਼ਰੀ ਲਾਜ਼ਮੀ ਹੁੰਦੀ ਜਾ ਰਹੀ ਹੈ। ਭੱਲਾ ਦੀ ਗੱਲ ਕਹਿਣ ਦਾ ਅੰਦਾਜ਼ ਅਤੇ ਦਿੱਖ ਦਰਸ਼ਕਾਂ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ। ਉਸ ਨੇ ਸਮਾਜ ਨਾਲ ਜੁੜੇ ਲੁਕੇ ਹੋਏ ਸੱਚ ਨੂੰ ਵਿਅੰਗਮਈ ਤਰੀਕੇ ਨਾਲ ਬਹੁਤ ਖ਼ੂਬਸੂਰਤੀ ਨਾਲ ਪਰਦੇ 'ਤੇ ਲਿਆਂਦਾ ਹੈ। ਸਾਡੇ ਸਮਾਜ ਵਿਚ ਅਜਿਹੇ ਪਾਤਰ ਅੱਜ ਵੀ ਜਿਊਂਦੇ ਹਨ, ਜਿਨ੍ਹਾਂ ਨੂੰ ਜਸਵਿੰਦਰ ਭੱਲਾ ਨੇ ਆਪਣੇ ਕਿਰਦਾਰਾਂ ਰਾਹੀਂ ਪਰਦੇ 'ਤੇ ਉਤਾਰਣ ਦਾ ਜ਼ੇਰਾ ਕੀਤਾ ਹੈ। ਉਸ ਦੀ ਅਦਾਕਾਰੀ ਵਿਚ ਇਕ ਖ਼ਾਸ ਖਿੱਚ ਹੁੰਦੀ ਹੈ ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਦੀ ਹੈ। ਵੱਡੀ ਗੱਲ ਕਿ ਫਿਲਮ ਦੀ ਸਕ੍ਰਿਪਟ ਲਿਖਣ ਵੇਲੇ ਫ਼ਿਲਮ ਲੇਖਕ ਜਸਵਿੰਦਰ ਭੱਲਾ ਦੇ ਕਿਰਦਾਰ ਦੀ ਚੋਣ ਦਾ ਖ਼ਾਸ ਧਿਆਨ ਰੱਖਦਾ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਕਬਾ ਦੇ ਜੰਮਪਲ ਪ੍ਰੋ. ਜਸਵਿੰਦਰ ਭੱਲਾ ਲੰਬਾ ਸਮਾਂ 'ਪੰਜਾਬ ਖੇਤੀਬਾੜੀ ਯੂਨੀਵਰਸਿਟੀ' 'ਚ ਨੌਕਰੀ ਕਰਨ ਉਪਰੰਤ ਕੁਝ ਦਿਨ ਪਹਿਲਾਂ ਹੀ 'ਖੇਤੀਬਾੜੀ ਪ੍ਰਸਾਰ ਵਿਭਾਗ' ਤੋਂ 'ਹੈੱਡ ਆਫ ਦੀ ਡਿਪਾਰਟਮੈਂਟ' ਸੇਵਾਮੁਕਤ ਹੋਏ ਹਨ।

ਦੱਸਣਯੋਗ ਹੈ ਕਿ ਜਸਵਿੰਦਰ ਭਲਾ ਨੇ ਕਰੀਅਰ ਦੀ ਸ਼ੁਰੂਆਤ ਤਾਂ ਗਾਇਕੀ ਤੋਂ ਕੀਤੀ ਸੀ ਪਰ ਉਨ੍ਹਾਂ ਨੂੰ ਸਫਲਤਾ ਕਾਮੇਡੀ ਕਲਾਕਾਰ ਵਜੋਂ ਜ਼ਿਆਦਾ ਮਿਲੀ। ਕੈਸਿਟ ਕਲਚਰ ਦੌਰਾਨ ਉਨ੍ਹਾਂ ਨੇ 1988 ਤੋਂ ਸ਼ੁਰੂ ਹੋ ਕੇ 'ਛਣਕਾਟਾ' ਲੜੀ ਤਹਿਤ 27 ਕਾਮੇਡੀ ਭਰਪੂਰ ਕੈਸਿਟਾਂ ਸਰੋਤਿਆਂ ਦੀ ਝੋਲੀ ਪਾਈਆਂ। ਛਣਕਾਟਾ ਐਲਬਮਜ਼ ਵਾਂਗ ਹੀ ਉਨ੍ਹਾਂ ਦੇ ਤਕੀਏ ਕਲਾਮ ਪੰਜਾਬੀ ਫਿਲਮਾਂ ਵਿਚ ਵੀ ਬੇਹੱਦ ਮਕਬੂਲ ਹੋਏ ਹਨ। 'ਕੈਰੀ ਆਨ ਜੱਟਾ', 'ਡੈਡੀ ਕੂਲ ਮੁੰਡੇ ਫੂਲ', 'ਲੱਕੀ ਦੀ ਅਣਲੱਕੀ ਸਟੋਰੀ', 'ਮਿਸਟਰ ਐਂਡ ਮਿਸਜ਼ 420', 'ਵੇਖ ਬਰਾਤਾਂ ਚੱਲੀਆਂ' ਵਰਗੀਆਂ ਫਿਲਮਾਂ ਵਿਚਲੇ ਕਿਰਦਾਰਾਂ ਨੇ ਜਸਵਿੰਦਰ ਭਲਾ ਦੀ ਫਿਲਮੀ ਪਰਦੇ 'ਤੇ ਬੱਲੇ-ਬੱਲੇ ਕਰਵਾ ਦਿੱਤੀ। ਜਸਵਿੰਦਰ ਭੱਲਾ ਦੀ ਅਦਾਕਾਰੀ ਦਾ ਸਫ਼ਰ ਅੱਜ ਵੀ ਜਾਰੀ ਹੈ।

ਹਰਬੀ ਸੰਘਾ
ਹਰਬੀ ਸੰਘਾ ਪੰਜਾਬੀ ਫਿਲਮਾਂ ਦਾ ਇਕ ਅਜਿਹਾ ਸਰਗਰਮ ਕਾਮੇਡੀ ਕਲਾਕਾਰ ਹੈ, ਜਿਸ ਨੇ ਲੰਬਾ ਸੰਘਰਸ਼ ਕਰਨ ਮਗਰੋਂ ਸ਼ੌਹਰਤ ਦੀਆਂ ਸਿਖ਼ਰਾਂ ਨੂੰ ਹਾਸਲ ਕੀਤਾ ਹੈ। ਉਨ੍ਹਾਂ ਨੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸੌ-ਸੌ ਪਾਪੜ ਵੇਲੇ ਪਰ ਕਦੇ ਹਾਰ ਨਹੀਂ ਮੰਨੀ। ਅੱਜ ਹਰਬੀ ਸੰਘਾ ਪੰਜਾਬੀ ਫ਼ਿਲਮਾਂ ਦਾ ਸਿਰਕੱਢ ਕਾਮੇਡੀਅਨ ਹੈ। ਵੱਡੀ ਗੱਲ ਇਹ ਹੈ ਕਿ ਉਹ ਹਰ ਤਰ੍ਹਾਂ ਦੇ ਕਿਰਦਾਰਾਂ ਵਿਚ ਫਿੱਟ ਰਹਿਣ ਵਾਲਾ ਕਲਾਕਾਰ ਹੈ। ਇਹੋ ਕਾਰਨ ਹੈ ਕਿ ਉਹ ਹਰ ਦੂਜੀ ਪੰਜਾਬੀ ਫ਼ਿਲਮ 'ਚ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹੁੰਦਾ ਹੈ। ਬਹੁਤੇ ਕਿਰਦਾਰਾਂ ਵਿਚ ਉਸ ਦੇ ਸੰਵਾਦਾਂ ਨਾਲੋਂ ਉਸ ਦੀ ਸਰੀਰਕ ਬਣਤਰ ਦੇ ਹਾਵ-ਭਾਵ ਹੀ ਅਦਾਕਾਰੀ ਦਾ ਹਿੱਸਾ ਹੁੰਦੇ ਹਨ। ਨਕੋਦਰ ਨੇੜਲੇ ਪਿੰਡ ਸੰਘਾ ਜ਼ਗੀਰੇ ਦਾ ਜੰਮਪਲ ਹਰਬਿਲਾਸ ਸੰਘਾ ਨੂੰ ਕਲਾਕਾਰੀ ਦਾ ਸ਼ੌਕ ਬਚਪਨ ਤੋਂ ਹੀ ਸੀ। ਸਕੂਲ ਸਮੇਂ ਉਹ ਵਧੀਆ ਅਦਾਕਾਰ ਤੇ ਗਾਇਕ ਵਜੋਂ ਉੱਭਰ ਕੇ ਸਾਹਮਣੇ ਆਇਆ ਪਰ ਘਰ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਾ ਹੋਣ ਕਰ ਕੇ ਉਸ ਨੂੰ ਜ਼ਿੰਦਗੀ ਨਾਲ ਕਈ ਵੱਡੇ ਸਮਝੋਤੇ ਕਰਨੇ ਪਏ। ਸ਼ੁਰੂਆਤੀ ਦੌਰ 'ਚ ਉਹ ਆਰਕੈਸਟਰਾਂ ਦੇ ਗਰੁੱਪਾਂ ਨਾਲ ਵੀ ਬਤੌਰ ਕਾਮੇਡੀਅਨ ਜਾਂਦਾ ਰਿਹਾ। ਹਰਬੀ ਆਪਣੇ ਔਖੇ ਦਿਨਾਂ ਦੀ ਕਹਾਣੀ ਨੂੰ ਕਦੇ ਨਹੀਂ ਭੁੱਲਦਾ ਜਿਸ ਨੇ ਉਸ ਨੂੰ ਮਿਹਨਤ ਦਾ ਪੱਲਾਂ ਫੜ੍ਹਾ ਕੇ ਸਫਲਤਾ ਦੇ ਰਾਹ ਤੋਰਿਆ। ਲੰਬੇ ਸੰਘਰਸ਼ ਤੋਂ ਬਾਅਦ ਜਦ ਉਸ ਦਾ ਮੇਲ ਗੁਰਪ੍ਰੀਤ ਘੁੱਗੀ ਨਾਲ ਹੋਇਆ ਤਾਂ ਉਸ ਦੀ ਕਲਾ ਜ਼ਿੰਦਗੀ 'ਚ ਇਕ ਨਵਾਂ ਮੋੜ ਆਇਆ। ਇਸ ਤਰ੍ਹਾਂ ਉਸ ਦੇ ਦਿਨ ਬਦਲਣ ਲੱਗੇ।

ਘੁੱਗੀ ਨਾਲ ਉਸ ਨੇ ਦੂਰਦਰਸ਼ਨ ਦੇ ਕਈ ਲੜੀਵਾਰਾਂ ਵਿਚ ਕੰਮ ਕੀਤਾ। ਗੁਰਪ੍ਰੀਤ ਘੁੱਗੀ ਦੀ ਹੱਲਾਸ਼ੇਰੀ ਸਦਕਾ ਹੀ ਉਹ ਫਿਲਮਾਂ ਵਾਲੇ ਪਾਸੇ ਆਇਆ। ਸੰਘਰਸ਼ ਦੇ ਪੈਂਡੇ ਤੈਅ ਕਰਦਿਆਂ ਸਹਿਜੇ-ਸਹਿਜੇ ਉਸ ਦੀ ਕਾਬਲੀਅਤ ਨੂੰ ਬੂਰ ਪੈਣ ਲੱਗਾ ਤੇ ਉਸ ਨੂੰ 'ਦਿਲਦਾਰੀਆਂ', 'ਛੇਵਾਂ ਦਰਿਆ', 'ਪ੍ਰੋਪਰ ਪਟੋਲਾ', 'ਨੌਟੀ ਜੱਟਸ', 'ਕੈਰੀ ਆਨ ਜੱਟਾ', 'ਬੰਬੂਕਾਟ', 'ਲਵ ਪੰਜਾਬ', 'ਅਰਦਾਸ', 'ਨਿੱਕਾ ਜੈਲਦਾਰ', 'ਕਿਸਮਤ', 'ਪਾਹੁਣਾ', 'ਕੁੜਮਾਈਆ', 'ਲਾਵਾਂ-ਫੇਰੇ' ਸਮੇਤ ਅਣਗਿਣਤ ਫਿਲਮਾਂ ਵਿਚ ਅਹਿਮ ਕਿਰਦਾਰ ਨਿਭਾਉਣ ਲਈ ਮਿਲੇ। ਫਿਲਮਾਂ 'ਚ ਹਰਬੀ ਸੰਘਾ ਨੇ ਲੰਬਾਈ ਪੱਖੋ ਛੋਟੇ ਕਿਰਦਾਰ ਵੀ ਇੰਨੀ ਰੀਝ ਤੇ ਲਗਨ ਨਾਲ ਨਿਭਾਏ ਕਿ ਦਰਸ਼ਕ ਉਸ ਦੇ ਅੰਦਰ ਬੈਠੇ ਵੱਡੇ ਕਲਾਕਾਰ ਤੋਂ ਜਾਣੂ ਹੋ ਗਏ। ਫਿਲਮ 'ਨਿੱਕਾ ਜੈਲਦਾਰ 2', 'ਰੱਬ ਦਾ ਰੇਡਿਓ', 'ਮੰਜੇ ਬਿਸਤਰੇ' ਵਿਚ ਉਸ ਵੱਲੋ ਪੇਸ਼ ਵਿਅੰਗਮਈ ਕਿਰਦਾਰਾਂ ਨੇ ਉਸ ਦੀ ਫਿਲਮੀ ਜੜ੍ਹ ਹੋਰ ਡੂੰਘੀ ਕਰ ਦਿੱਤੀ। ਫਿਲਮ 'ਲਾਂਵਾਂ ਫੇਰੇ' ਵਿਚ ਲੀਡਰ ਜੀਜੇ ਦਾ ਰੋਲ ਉਸ ਦੀ ਅਦਾਕਾਰੀ ਉੱਪਰ ਸਫਲਤਾ ਦੀ ਵੱਡੀ ਮੋਹਰ ਲਾ ਗਿਆ। ਕੁਝ ਸਮਾਂ ਪਹਿਲਾਂ ਆਈਆਂ ਫਿਲਮਾਂ 'ਮੰਜੇ ਬਿਸਤਰੇ 2' ਤੇ 'ਵਧਾਈਆਂ ਜੀ ਵਧਾਈਆਂ' 'ਚ ਵੀ ਉਸ ਨੇ ਹਾਸਿਆਂ ਦੇ ਵਧੀਆ ਰੰਗ ਬਿਖੇਰੇ। ਕਾਮੇਡੀਅਨ ਦੇ ਨਾਲ ਨਾਲ ਹਰਬੀ ਸੰਘਾ ਸਮਾਜ ਨਾਲ ਜੁੜਿਆ ਹੋਇਆ ਇਕ ਵਧੀਆ ਗਾਇਕ ਵੀ ਹੈ। ਉਸ ਦੇ ਗਾਏ ਗੀਤ ਅਕਸਰ ਹੀ ਚਰਚਾ ਵਿਚ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News