6 ਸਾਲਾਂ ਬਾਅਦ ਗਿੱਪੀ ਤੇ ਜ਼ਰੀਨ ''ਡਾਕਾ'' ਮਾਰਨ ਲਈ ਤਿਆਰ

10/24/2019 9:38:28 AM

ਪੰਜਾਬੀ ਫਿਲਮ 'ਡਾਕਾ' 1 ਨਵੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜੋ 6 ਸਾਲਾਂ ਬਾਅਦ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ਫਿਲਮ ਨੂੰ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਹਾਲ ਹੀ 'ਚ ਫਿਲਮ ਦੀ ਪ੍ਰਮੋਸ਼ਨ ਦੌਰਾਨ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਜਗ ਬਾਣੀ ਦੇ ਦਫਤਰ ਪਹੁੰਚੇ। ਇਸ ਦੌਰਾਨ ਐਂਕਰ ਨੇਹਾ ਮਨਹਾਸ ਨੇ ਫਿਲਮ ਦੀ ਟੀਮ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਫਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ?
ਗਿੱਪੀ ਗਰੇਵਾਲ :
ਮੈਂ ਇਸ ਫਿਲਮ ਲਈ ਕੁਝ ਜ਼ਿਆਦਾ ਹੀ ਉਤਸ਼ਾਹਿਤ ਹਾਂ। 'ਜੱਟ ਜੇਮਸ ਬਾਂਡ' ਵੇਲੇ ਇਕ ਤਜਰਬਾ ਕੀਤਾ ਸੀ ਕਿਉਂਕਿ ਉਸ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਨਹੀਂ ਸਨ ਪਰ ਉਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਦੁਬਾਰਾ ਉਸ ਤਰ੍ਹਾਂ ਦੀ ਫਿਲਮ ਕਿਸੇ ਨੇ ਬਣਾਈ ਨਹੀਂ ਤੇ ਅਸੀਂ ਵੀ ਕੋਸ਼ਿਸ਼ ਨਹੀਂ ਕੀਤੀ। ਹੁਣ 6 ਸਾਲਾਂ ਬਾਅਦ ਉਸ ਜ਼ੋਨਰ ਨੂੰ ਦੁਬਾਰਾ ਸੁਰਜੀਤ ਕੀਤਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਸਭ ਨੂੰ ਬਹੁਤ ਵਧੀਆ ਲੱਗੇਗੀ ਤੇ ਸਾਡੀ ਮਿਹਨਤ ਇਸ ਫਿਲਮ ਲਈ ਬਹੁਤ ਹੋਈ ਹੈ। ਅਜਿਹਾ ਵੀ ਪਹਿਲੀ ਵਾਰ ਹੋਇਆ ਹੈ ਕਿ ਮੈਂ ਆਪਣੀ ਕਿਸੇ ਫਿਲਮ ਨੂੰ ਦੇਖ ਕੇ ਉਤਸ਼ਾਹਿਤ ਹੋਇਆ ਹਾਂ।

6 ਸਾਲਾਂ ਬਾਅਦ ਪੰਜਾਬੀ ਫਿਲਮ 'ਚ ਕੰਮ ਕਰਕੇ ਕਿਵੇਂ ਦਾ ਲੱਗ ਰਿਹਾ ਹੈ?
ਜ਼ਰੀਨ ਖਾਨ :
ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਸਿਆਣੇ ਕਹਿੰਦੇ ਨੇ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਮੈਨੂੰ ਤਾਂ ਕੁਝ ਜ਼ਿਆਦਾ ਹੀ ਮਿੱਠਾ ਮਿਲ ਗਿਆ।

ਮਲਟੀ ਸਟਾਰਰ ਫਿਲਮ ਨੂੰ ਲਿਖਣਾ ਕਿੰਨਾ ਕੁ ਮੁਸ਼ਕਿਲ ਹੁੰਦਾ ਹੈ?
ਗਿੱਪੀ ਗਰੇਵਾਲ :
ਹਰ ਕਿਸੇ ਦਾ ਫਿਲਮ ਲਿਖਣ ਦਾ ਆਪਣਾ ਅੰਦਾਜ਼ ਹੁੰਦਾ ਹੈ। ਜਦੋਂ ਮੈਂ ਕਹਾਣੀ ਲਿਖਦਾ ਤਾਂ ਜ਼ਿਆਦਾ ਕਰੈਕਟਰ ਲਿਖਦਾ ਹਾਂ। ਫਿਲਮ ਦੌਰਾਨ ਸਾਨੂੰ ਕੋਈ ਵੀ ਕਿਰਦਾਰ ਪਸੰਦ ਆ ਸਕਦਾ ਹੈ ਤੇ ਜੇ ਉਹ ਕਿਰਦਾਰ ਪਾਜ਼ੇਟਿਵ ਜਾਂ ਨੈਗੇਟਿਵ ਵੀ ਹੋਵੇਗਾ ਤਾਂ ਵੀ ਲੋਕ ਉਸ ਨੂੰ ਪਸੰਦ ਕਰਨਗੇ ਕਿਉਂਕਿ ਉਹ ਕਰੈਕਟਰ ਲੋਕਾਂ ਦੇ ਦਿਮਾਗ 'ਚ ਬੈਠ ਜਾਂਦਾ ਹੈ। ਮੈਂ ਆਪਣੀਆਂ ਫਿਲਮਾਂ ਰਾਹੀਂ ਵੀ ਕਿਰਦਾਰਾਂ ਨੂੰ ਲੋਕਾਂ ਦੇ ਜ਼ਹਿਨ 'ਚ ਬਿਠਾਉਣ ਦੀ ਕੋਸ਼ਿਸ਼ ਕਰਦਾ ਹਾਂ।

ਪਿਛਲੀ ਵਾਰ ਦੀ ਲਾਲੀ ਨਾਲੋਂ ਇਸ ਵਾਰ ਦੀ ਲਾਲੀ ਕਿੰਨੀ ਵੱਖਰੀ ਹੈ?
ਜ਼ਰੀਨ ਖਾਨ :
ਜਿਸ ਤਰ੍ਹਾਂ ਦੀ ਲਾਲੀ 'ਜੱਟ ਜੇਮਸ ਬਾਂਡ' ਫਿਲਮ 'ਚ ਦੇਖਣ ਨੂੰ ਮਿਲੀ ਸੀ, ਉਸ ਨਾਲੋਂ ਹੁਣ ਉਹ ਬੋਲਡ ਹੋ ਚੁੱਕੀ ਹੈ। ਉਹ ਹੋਰ ਵੀ ਜ਼ਿਆਦਾ ਸ਼ਿੰਦਾ ਦੇ ਪਿੱਛੇ ਪਈ ਹੈ ਕਿ ਕੰਮ ਕਰੋ ਤੇ ਵਿਹਲਾਪੰਤੀ ਬੰਦ ਕਰੋ। ਉਸ ਨੇ ਮੇਰੀ ਗੱਲ ਨੂੰ ਇੰਨਾ ਸੀਰੀਅਸ ਲੈ ਲਿਆ ਕਿ ਉਸ ਨੇ ਡਾਕਾ ਹੀ ਮਾਰ ਲਿਆ।

ਜਦੋਂ ਸਕ੍ਰੀਨ 'ਤੇ ਸ਼ਿੰਦਾ ਜਾਂ ਏਕਮ ਨਾਂ ਦੇ ਕਿਰਦਾਰ ਨਿਭਾਉਂਦੇ ਹੋ ਤਾਂ ਬੱਚਿਆਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ?
ਗਿੱਪੀ ਗਰੇਵਾਲ :
ਕੁਝ ਫਿਲਮਾਂ 'ਚ ਮੇਰਾ ਨਾਂ ਏਕਮ ਹੁੰਦਾ ਹੈ ਤੇ ਕੁਝ 'ਚ ਸ਼ਿੰਦਾ। ਸ਼ਿੰਦਾ ਕਦੇ-ਕਦੇ ਏਕਮ ਨੂੰ ਇਹ ਕਹਿ ਦਿੰਦਾ ਹੈ ਕਿ ਮੇਰਾ ਨਾਂ ਜ਼ਿਆਦਾ ਫਿਲਮਾਂ 'ਚ ਰੱਖਿਆ ਜਾਂਦਾ ਹੈ ਕਿਉਂਕਿ ਮੇਰੇ ਨਾਂ ਦੀਆਂ ਫਿਲਮਾਂ ਜ਼ਿਆਦਾ ਹਿੱਟ ਹੁੰਦੀਆਂ ਹਨ। ਸ਼ਿੰਦਾ ਨੂੰ ਇਹੀ ਲੱਗਦਾ ਹੈ ਕਿ ਇਹ ਮੇਰੀ ਪ੍ਰਾਪਰਟੀ ਹੈ ਤੇ ਮੈਂ ਉਸ ਦੀ ਪ੍ਰਾਪਰਟੀ ਨੂੰ ਵਰਤ ਰਿਹਾ ਹਾਂ। ਮੇਰੇ ਪਿਤਾ ਜੀ ਦਾ ਨਾਂ ਵੀ ਸ਼ਿੰਦਾ ਸੀ ਤੇ ਮੈਂ ਉਸ ਨੂੰ ਇਹ ਕਹਿੰਦਾ ਹਾਂ ਕਿ ਮੈਂ ਆਪਣੇ ਪਿਤਾ ਦਾ ਨਾਂ ਵਰਤਦਾ ਹਾਂ।

ਫਿਲਮ 'ਚ ਵੀ. ਐੱਫ. ਐਕਸ. ਦੀ ਕਿੰਨੀ ਵਰਤੋਂ ਕੀਤੀ ਗਈ ਹੈ?
ਗਿੱਪੀ ਗਰੇਵਾਲ :
ਫਿਲਮ 'ਚ ਐਕਸ਼ਨ ਕਾਫੀ ਜ਼ਿਆਦਾ ਹੈ ਤੇ ਕੁਝ ਅਜਿਹੀਆਂ ਚੀਜ਼ਾਂ ਫਿਲਮ 'ਚ ਹਨ, ਜਿਸ 'ਤੇ ਵੀ. ਐੱਫ. ਐਕਸ. ਹੋਣਾ ਸੀ। ਆਮ ਫਿਲਮਾਂ 'ਚ ਵੀ ਥੋੜ੍ਹਾ ਬਹੁਤ ਵੀ. ਐੱਫ. ਐਕਸ. ਹੁੰਦਾ ਹੈ ਪਰ ਇਸ ਫਿਲਮ 'ਚ ਉਨ੍ਹਾਂ ਨਾਲੋਂ ਕੁਝ ਜ਼ਿਆਦਾ ਹੈ। ਜਦੋਂ ਤੁਸੀਂ ਸ਼ੂਟ ਤੇ ਲੋਕੇਸ਼ਨ ਬਾਰੇ ਸੋਚਦੇ ਹੋ ਤਾਂ ਬਜਟ ਵੀ ਧਿਆਨ 'ਚ ਰੱਖਦੇ ਹੋ। 'ਡਾਕਾ' ਦਾ ਬਜਟ ਸਾਡੇ ਕੋਲ ਵਧੀਆ ਸੀ, ਸੋ ਜਿਥੇ-ਜਿਥੇ ਵੀ. ਐਫ. ਐਕਸ. ਦੀ ਜ਼ਰੂਰਤ ਪਈ, ਅਸੀਂ ਉਹ ਵਰਤੋਂ 'ਚ ਲਿਆਂਦੀ ਤਾਂ ਕਿ ਫਿਲਮ ਵੱਡੀ ਲੱਗੇ।

'ਡਾਕਾ' ਤੋਂ ਪਹਿਲਾਂ ਕੋਈ ਪੰਜਾਬੀ ਫਿਲਮ ਕਿਉਂ ਨਹੀਂ ਕੀਤੀ?
ਜ਼ਰੀਨ ਖਾਨ :
ਮੈਂ 'ਜੱਟ ਜੇਮਸ ਬਾਂਡ' ਨਾਲ ਪੰਜਾਬੀ ਸਿਨੇਮਾ 'ਚ ਐਂਟਰੀ ਕੀਤੀ। ਉਹ ਫਿਲਮ ਉਸ ਦੌਰਾਨ ਕਾਫੀ ਵੱਡੇ ਲੈਵਲ ਦੀ ਸੀ। ਉਸ ਤੋਂ ਬਾਅਦ ਜੇ ਮੈਂ ਕੋਈ ਪੰਜਾਬੀ ਫਿਲਮ ਕਰਨੀ ਸੀ ਤਾਂ 'ਜੱਟ ਜੇਮਸ ਬਾਂਡ' ਤੋਂ ਵੱਡੀ ਹੀ ਕਰਨੀ ਸੀ ਜਾਂ ਉਸ ਦੇ ਬਰਾਬਰ ਦੀ। 6 ਸਾਲਾਂ ਬਾਅਦ ਮੈਂ ਗਿੱਪੀ ਨਾਲ 'ਡਾਕਾ' ਰਾਹੀਂ ਪੰਜਾਬੀ ਸਿਨੇਮਾ 'ਚ ਵਾਪਸ ਆਈ ਹਾਂ। 'ਡਾਕਾ' ਤੋਂ ਪਹਿਲਾਂ ਮੈਨੂੰ ਕੁਝ ਫਿਲਮਾਂ ਦੇ ਆਫਰਜ਼ ਜ਼ਰੂਰ ਆਏ ਪਰ ਉਹ ਮੈਨੂੰ ਖਾਸ ਪਸੰਦ ਨਹੀਂ ਆਏ। 

ਲੋਕਾਂ ਦਾ ਕਹਿਣਾ ਹੈ ਕਿ ਟਰੇਲਰ 'ਚ ਪੂਰੀ ਕਹਾਣੀ ਦੱਸ ਦਿੱਤੀ। ਕੀ ਤੁਹਾਨੂੰ ਵੀ ਇਹ ਲੱਗਦਾ ਹੈ?
ਗਿੱਪੀ ਗਰੇਵਾਲ :
ਜਦੋਂ ਅਸੀਂ ਟਰੇਲਰ 'ਚ ਜ਼ਿਆਦਾ ਚੀਜ਼ਾਂ ਦਿਖਾਉਂਦੇ ਹਾਂ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਟਰੇਲਰ 'ਚ ਸਾਰੀ ਕਹਾਣੀ ਦੱਸ ਦਿੱਤੀ। ਜੇ ਅਸੀਂ ਘੱਟ ਚੀਜ਼ਾਂ ਦਿਖਾਉਂਦੇ ਹਾਂ ਤਾਂ ਲੋਕ ਕਹਿੰਦੇ ਨੇ ਕਿ ਤੁਸੀਂ ਕਹਾਣੀ ਦਿਖਾਈ ਨਹੀਂ ਪਰ ਮੈਂ 'ਡਾਕਾ' ਦਾ ਟਰੇਲਰ ਬਹੁਤ ਧਿਆਨ ਨਾਲ ਕੱਟਿਆ ਹੈ। ਫਿਲਮ ਦਾ ਜੋ ਪਲਾਟ ਤੇ ਮੁੱਦੇ ਨੇ, ਉਹ ਟਰੇਲਰ 'ਚ ਬਿਲਕੁਲ ਵੀ ਟੱਚ ਨਹੀਂ ਕੀਤੇ ਗਏ।

'1 ਨਵੰਬਰ ਨੂੰ 'ਡਾਕਾ' ਫਿਲਮ ਆ ਰਹੀ ਹੈ ਤੇ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ ਵਾਲੀ ਫਿਲਮ ਨਾਲੋਂ ਵਧੀਆ ਬਣਾਈ ਜਾਵੇ। 'ਜੱਟ ਜੇਮਸ ਬਾਂਡ' ਹੁਣ ਤਕ ਦੀ ਸਾਡੀ ਫੇਵਰੇਟ ਫਿਲਮ ਹੈ ਤੇ ਜਿਨ੍ਹਾਂ ਨੇ ਇਹ ਫਿਲਮ ਦੇਖੀ ਹੈ, ਉਨ੍ਹਾਂ ਨੂੰ 'ਡਾਕਾ' ਜ਼ਰੂਰ ਵਧੀਆ ਲੱਗੇਗੀ। ਜਿਨ੍ਹਾਂ ਨੇ ਨਹੀਂ ਦੇਖੀ, ਉਹ ਵੀ ਜ਼ਰੂਰ ਦੇਖਣ। ਉਨ੍ਹਾਂ ਨੂੰ ਵੀ ਇਹ ਫਿਲਮ ਬਹੁਤ ਪਸੰਦ ਆਏਗੀ।' —ਗਿੱਪੀ ਗਰੇਵਾਲ

'ਗਿੱਪੀ ਤੇ ਮੈਂ 6 ਸਾਲਾਂ ਬਾਅਦ ਇਕੱਠੇ ਨਜ਼ਰ ਆ ਰਹੇ ਹਾਂ। ਅਸੀਂ ਬਹੁਤ ਪਿਆਰ ਨਾਲ ਤੇ ਮਿਹਨਤ ਕਰਕੇ ਇਹ ਫਿਲਮ ਬਣਾਈ ਹੈ। ਅਜਿਹਾ ਸਿਨੇਮਾ ਬਹੁਤ ਘੱਟ ਬਣਦਾ ਹੈ, ਸੋ ਇਹ ਫਿਲਮ ਤੁਸੀਂ ਜ਼ਰੂਰ ਦੇਖਣ ਜਾਓ, ਤੁਹਾਨੂੰ 'ਡਾਕਾ' ਨਿਰਾਸ਼ ਨਹੀਂ ਕਰੇਗੀ।' —ਜ਼ਰੀਨ ਖਾਨ
  
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News