ਪੰਜਾਬੀ ਸਿਨੇਮਾ ’ਚ ਦਬੰਗ ਪੁਲਸ ਅਫਸਰ ਦੇ ਕਿਰਦਾਰ ’ਚ ਹੋਵੇਗੀ ਮਾਹੀ ਗਿੱਲ ਦੀ ਵਾਪਸੀ

1/29/2020 8:54:34 AM

ਜਲੰਧਰ : ਪੰਜਾਬੀ ਅਤੇ ਹਿੰਦੀ ਫ਼ਿਲਮ ਇੰਡਸਟਰੀ ਦੀ ਨਾਮਵਰ ਅਦਾਕਾਰਾ ਮਾਹੀ ਗਿੱਲ ਦਰਸ਼ਕਾਂ ਨੂੰ ਹੁਣ ਦਬੰਗ ਪੁਲਸ ਅਫ਼ਸਰ ਦੇ ਕਿਰਦਾਰ ’ਚ ਨਜ਼ਰ ਆਵੇਗੀ। 6 ਮਾਰਚ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਜੋਰਾ : ਦਿ ਸੈਕਿੰਡ ਚੈਪਟਰ’ ਵਿਚ ਮਾਹੀ ਗਿੱਲ ਨੇ ਜ਼ਿਲਾ ਬਠਿੰਡਾ ਦੀ ਦਬੰਗ ਤੇ ਈਮਾਨਦਾਰ ਪੁਲਸ ਕਮਿਸ਼ਨਰ ਰਾਜਵੀਰ ਰੰਧਾਵਾ ਦਾ ਕਿਰਦਾਰ ਨਿਭਾਇਆ ਹੈ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਮਾਹੀ ਗਿੱਲ ਨੇ ਦੱਸਿਆ ਕਿ ਉਸ ਨੂੰ ਲੰਮੇ ਸਮੇਂ ਬਾਅਦ ਪਰਦੇ ’ਤੇ ਇਸ ਤਰ੍ਹਾਂ ਦੀ ਦਮਦਾਰ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਉਸ ਮੁਤਾਬਕ ਪੰਜਾਬੀ ਫ਼ਿਲਮਾਂ ’ਚ ਆਮ ਤੌਰ ’ਤੇ ਕੁੜੀਆਂ ਦੇ ਹਿੱਸੇ ਕੋਈ ਬਹੁਤੇ ਸ਼ਾਨਦਾਰ ਕਿਰਦਾਰ ਨਹੀਂ ਆਉਂਦੇ ਪਰ ਨਿਰਦੇਸ਼ਕ ਤੇ ਲੇਖਕ ਅਮਰਦੀਪ ਸਿੰਘ ਗਿੱਲ ਦੀ ਇਸ ਫ਼ਿਲਮ ਵਿਚ ਨਾਇਕ ਦੇ ਨਾਲ-ਨਾਲ ਨਾਇਕਾ ਨੂੰ ਵੀ ਬਰਾਬਰ ਦੀ ਸਕ੍ਰੀਨ ਸਾਂਝੀ ਕਰਨ ਦਾ ਮੌਕਾ ਮਿਲਿਆ ਹੈ।

ਦਰਸ਼ਕਾਂ ਨੇ ਦਬੰਗ ਪੁਲਸ ਅਫ਼ਸਰ ਤਾਂ ਸ਼ਾਇਦ ਪਹਿਲਾਂ ਵੀ ਫ਼ਿਲਮਾਂ ਵਿਚ ਦੇਖੇ ਹੋਣਗੇ ਪਰ ਇਕ ਦਬੰਗ ਲੇਡੀ ਪੁਲਸ ਅਫ਼ਸਰ ਨੂੰ ਦਰਸ਼ਕ ਪਹਿਲੀ ਵਾਰ ਇਸ ਤਰ੍ਹਾਂ ਦੇ ਸ਼ਾਨਦਾਰ ਕਿਰਦਾਰ 'ਚ ਦੇਖਣਗੇ। ਕੁੜੀਆਂ ਉਸ ਦੇ ਇਸ ਕਿਰਦਾਰ ’ਤੇ ਮਾਣ ਮਹਿਸੂਸ ਕਰਨਗੀਆਂ। ਮਾਹੀ ਗਿੱਲ ਮੁਤਾਬਕ ਹੁਣ ਸਿਨੇਮੇ ਦੀ ਇਹ ਮੰਗ ਹੈ ਕਿ ਫ਼ੀਮੇਲ ਕਲਾਕਾਰਾਂ ਨੂੰ ਵੀ ਪਰਦੇ 'ਤੇ ਉਭਾਰਿਆ ਜਾਵੇ। ਇਸ ਦੀ ਸ਼ੁਰੂਆਤ ‘ਜੋਰਾ : ਦਿ ਸੈਕਿੰਡ ਚੈਪਟਰ’ ਤੋਂ ਹੋ ਰਹੀ ਹੈ। ‘ਬਠਿੰਡੇ ਵਾਲੇ ਬਾਈ ਫ਼ਿਲਮਜ਼’ ਤੇ ‘ਲਾਊਡ ਰੌਰ ਫ਼ਿਲਮਜ਼’ ਦੀ ਪੇਸ਼ਕਸ਼ ਨਿਰਮਾਤਾ ਮਨਦੀਪ ਸਿੰਘ ਸਿੱਧੂ, ਹਰਪ੍ਰੀਤ ਸਿੰਘ ਦੇਵਗਨ, ਜੈਰੀ ਬਰਾੜ, ਵਿਮਲ ਚੋਪੜਾ ਤੇ ਅਮਰਿੰਦਰ ਸਿੰਘ ਰਾਜੂ ਦੀ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਪਸੰਦ ਬਣੇਗੀ।

ਮਾਹੀ ਗਿੱਲ ਨੇ ਦੱਸਿਆ ਕਿ ਅਮਰਦੀਪ ਸਿੰਘ ਵਰਗੇ ਸੁਲਝੇ ਹੋਏ ਲੇਖਕ-ਨਿਰਦੇਸ਼ਕ ਨਾਲ ਕੰਮ ਕਰਦਿਆਂ ਉਸ ਨੂੰ ਜਿਥੇ ਕਈ ਨਵੇਂ ਅਨੁਭਵ ਹੋਏ, ਉਥੇ ਹੀ ਫ਼ਿਲਮ ਦੇ ਨਾਇਕ ਦੀਪ ਸਿੱਧੂ ਨਾਲ ਸਕ੍ਰੀਨ ਸਾਂਝੀ ਕਰਦਿਆਂ ਵੀ ਉਸ ਨੂੰ ਬੇਹੱਦ ਖੁਸ਼ੀ ਹੋਈ। ਉਸ ਮੁਤਾਬਕ ਦੀਪ ਸਿੱਧੂ ਵਰਗੇ ਕਲਾਕਾਰਾਂ ਤੋਂ ਹੀ ਇਹ ਉਮੀਦ ਰੱਖੀ ਜਾ ਸਕਦੀ ਹੈ ਕਿ ਉਹ ਮਨੋਰੰਜਨ ਦੇ ਨਾਲ-ਨਾਲ ਪੰਜਾਬ ਦੇ ਮੁੱਦਿਆਂ ਨੂੰ ਪਰਦੇ ’ਤੇ ਉਭਾਰਨ 'ਚ ਆਪਣਾ ਬਣਦਾ ਯੋਗਦਾਨ ਪਾਉਣਗੇ। ਮਾਹੀ ਮੁਤਾਬਕ ਇਹ ਫ਼ਿਲਮ ਉਸ ਨੂੰ ਪੰਜਾਬੀ ਦਰਸ਼ਕਾਂ ਦੇ ਦਿਲਾਂ ’ਚ ਮੁੜ ਤੋਂ ਉਹ ਸਥਾਨ ਦੇਵੇਗੀ, ਜਿਸ ਦੀ ਉਹ ਹਮੇਸ਼ਾ ਹੱਕਦਾਰ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News