ਹੱਦ ਅਨਹਦ ਦਾ ਸੂਫ਼ੀ ਜਜ਼ਬਾ : ਪਿਆਰੇ ਲਾਲ ਵਡਾਲੀ

3/10/2018 1:38:16 PM

ਜਲੰਧਰ(ਬਿਊਰੋ)— ਅੰਬਰਸਰੋਂ ਸਾਡਾ ਮਿੱਤਰ ਨਵੀਨ ਦੱਸਦੈ ਕਿ ਉਹਦੇ ਪਿਤਾ ਬਿਜਲੀ ਬੋਰਡ ਮਹਿਕਮੇ 'ਚ ਨੌਕਰੀ ਕਰਦੇ ਸਨ ਜਦੋਂ ਪੂਰਨ ਚੰਦ ਵਡਾਲੀ ਅਤੇ ਪਿਆਰੇ ਲਾਲ ਵਡਾਲੀ ਆਪਣੇ ਕਿਸੇ ਸਰਪੰਚ ਰਿਸ਼ਤੇਦਾਰ ਨਾਲ ਦਫਤਰ ਆਏ ਸਨ। ਕੰਮ ਇਹ ਸੀ ਕਿ ਉਸ ਪਿੰਡ ਦੀ ਬਿਜਲੀ ਲਾਈਨ ਵਿਛਾਉਣ ਕਰਕੇ ਦੇਰੀ ਹੋ ਰਹੀ ਸੀ ਤੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਜੇ ਵਡਾਲੀ ਭਰਾ ਸਾਡੇ ਨਾਲ ਜਾਣ ਤਾਂ ਕੰਮ ਛੇਤੀ ਹੋ ਜਾਵੇਗਾ। ਨਵੀਨ ਦੇ ਪਿਤਾ ਨੂੰ ਸੰਗੀਤ ਦੇ ਖੇਤਰ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਸੀ ਪਰ ਜਦੋਂ ਉਹਨਾਂ ਵੇਖਿਆ ਕਿ ਵਡਾਲੀ ਭਰਾਵਾ ਦੁਆਲੇ ਭੀੜ ਇੱਕਠੀ ਹੋ ਉਹਨਾਂ ਨੂੰ ਮਿਲਣ ਲਈ ਖਿੱਚ ਧੁਹ ਕਰ ਰਹੀ ਹੈ ਤਾਂ ਅਹਿਸਾਸ ਹੋਇਆ ਕਿ ਇਹ ਤਾਂ ਵਡਾਲੀ ਭਰਾ ਹਨ। ਨਵੀਨ ਦੇ ਪਿਤਾ ਨੇ ਵਡਾਲੀ ਭਰਾਵਾਂ ਕੋਲ ਜਾ ਕੇ ਫੋਟੋ ਖਿਚਵਾਈ ਅਤੇ ਦੱਸਿਆ ਕਿ ਉਹਦਾ ਮੁੰਡਾ ਤੁਹਾਡਾ ਵੱਡਾ ਪ੍ਰਸ਼ੰਸ਼ਕ ਹੈ। ਯੂ ਟਿਊਬ, ਸਿੰਗਲ ਟ੍ਰੈਕ, ਫੈਨ ਫੋਲਵਿੰਗ ਦੇ ਦੌਰ ਅੰਦਰ ਵਡਾਲੀ ਭਰਾਵਾਂ ਦੀ ਸੂਫੀ ਗਾਇਕੀ ਅਤੇ ਉਸ ਗਾਇਕੀ ਦੇ ਆਸ਼ਕਾਂ ਦੀ ਆਪਣੀ ਹੀ ਤਰ੍ਹਾਂ ਦੀ ਹਾਜ਼ਰੀ ਹੈ।

ਜਦੋਂ ਸੰਗੀਤ ਖੇਤਰ ਅੰਦਰ ਜੋੜੀਆਂ ਇੱਕ ਦੌਰ ਤੋਂ ਬਾਅਦ ਟੁੱਟਦੀਆਂ ਵੇਖੀਆਂ ਹਨ ਤਾਂ ਵਡਾਲੀ ਭਰਾਵਾਂ ਨੇ ਆਪਣੀ ਜੋੜੀ ਨਾਲ ਮੇਲਜੋਲ ਅਤੇ ਪਰਿਵਾਰਕ ਕਦਰਾਂ ਕੀਮਤਾਂ ਦੀ ਮਿਸਾਲ ਵੀ ਪੇਸ਼ ਕੀਤੀ ਹੈ। ਸੂਫ਼ੀ ਤਾਂ ਹੱਦ ਅਨਹਦ ਦੀ ਅਵਸਥਾ ਹੈ। ਖ਼ੁਦ ਦੇ ਰੂ-ਬ-ਰੂ ਹੋਣਾ ਜਿਵੇਂ ਖ਼ੁਦ ਨੂੰ ਪਛਾਣ ਲੈਣਾ ਅਤੇ ਖ਼ੁਦ ਤੋਂ ਮੁਨਕਰ ਵੀ ਹੋ ਜਾਣਾ। ਇਹ ਦਾਅਵਾ ਛੱਡਣ ਦੀ ਅਵਸਥਾ ਹੈ। ਇਹ ਮੇਰਾ ਮੁਝ ਮੇਂ ਕੁਛ ਨਹੀਂ ਜੋ ਕਿਛ ਹੈ ਸੋ ਤੇਰਾ ਦੀ ਅਵਸਥਾ ਹੈ। ਇਹ ਅਵਸਥਾ ਰਾਝਾਂ ਰਾਝਾਂ ਕਰਦੀ ਹੀਰ ਦਾ ਰਾਝਾਂ ਹੋ ਜਾਣ ਦਾ ਗਾਣ ਹੈ। ਇਸ ਗਾਣ ਨੂੰ ਪੰਜਾਬ ਦੇ ਪੰਜ ਦਰਿਆਵਾਂ ਦੇ ਪਾਣੀ ਦੀ ਆਸੀਸ ਹੈ। ਪੰਜਾਬ ਦੇ ਇਸੇ ਸਾਂਝੀਵਾਲਤਾ ਨੇ ਕਦੀ ਪੰਜਾਬ ਨੂੰ ਟੁੱਟਣ ਨਹੀਂ ਦੇਣਾ।

ਇਸ ਗੱਲ 'ਚ ਬੇਹੱਦ ਵਿਸ਼ਵਾਸ਼ ਹੈ ਕਿ ਲੱਚਰ ਗਾਇਕੀ ਦਾ ਦੌਰ ਕਿੱਡਾ ਵੀ ਹੋਵੇ ਪਰ ਪੰਜਾਬ ਦੀ ਧਰਤੀ ਦੇ ਸੁੱਚੇ ਹਰਫ਼ਾਂ ਦੀ ਇੱਕ ਸਤਰ ਜ਼ਿੰਦਗੀ ਨੂੰ ਫੇਰ ਤੋਂ ਸੱਚੇ ਸੁੱਚੇ ਰੰਗਾਂ ਨਾਲ ਸਰਸ਼ਾਰ ਕਰ ਹੀ ਦੇਵੇਗੀ। ਇੱਥੇ ਗਾਉਣ ਵਾਲੇ ਅਤੇ ਲਿਖਣ ਵਾਲੇ ਉਹ ਫਨਕਾਰ ਵੀ ਹਨ ਜਿੰਨਾਂ ਗੀਤ ਨੂੰ 'ਗੀਤ' ਰਹਿਣ ਦਿੱਤਾ ਹੈ। ਬਾਬਾ ਸ਼ੇਖ਼ ਫਰੀਦ, ਬੁੱਲ੍ਹੇ ਸ਼ਾਹ, ਗੁਰੁ ਨਾਨਕ ਦੇਵ ਜੀ ਤੋਂ ਲੈਕੇ ਲਾਲਾ ਧਨੀ ਰਾਮ ਚਾਤ੍ਰਿਕ, ਸ਼ਿਵ ਕੁਮਾਰ ਬਟਾਲਵੀ ਤੱਕ ਵਿਰਾਸਤਾਂ ਇੱਕ ਹੱਥ ਤੋਂ ਦੂਜੇ ਹੱਥ ਨੂੰ ਜ਼ਿੰਮੇਵਾਰੀਆਂ ਸੌਂਪ ਇੰਝ ਹੀ ਯਕੀਨ ਨਾਲ ਤੁਰਦੀਆਂ ਰਹਿਣਗੀਆਂ। ਵਡਾਲੀ ਭਰਾਵਾਂ ਦਾ ਮੰਚ 'ਤੇ ਗਾਇਕੀ ਨੂੰ ਪੇਸ਼ ਕਰਨ ਦਾ ਰੰਗ, ਉਹਨਾਂ ਦੇ ਸ਼ੁਰਲੀ ਨੁੰਮਾ ਕਿੱਸੇ ਅਤੇ ਪਿਆਰੇ ਅਕਲਾਂ ਦਿੰਦੇ ਕਿੱਸੇ ਤੇ ਦੋਵਾਂ ਭਰਾਵਾਂ ਦੀ ਗਾਇਕੀ ਨਾਲ ਸੱਜੀ ਜੁਗਲਬੰਦੀ ਵੇਖਣ ਤੇ ਸੁਨਣ ਵਾਲਿਆਂ ਨੂੰ ਵੱਖਰਾ ਹੀ ਮਾਹੌਲ ਦਿੰਦੀ ਹੈ। ਇਸ ਤਰ੍ਹਾਂ ਦੀ ਗਾਇਕੀ ਸਾਡੇ ਲਈ ਸੋਚਣ ਦਾ ਵੇਲਾ ਵੀ ਹੈ ਕਿ ਇਸ ਗਾਇਕੀ ਦੀ ਵਿਰਾਸਤ ਨੂੰ ਅਗਲੀ ਜਵਾਨੀ ਹੁਣ ਕੌਣ ਸਾਂਭੇ?

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News