''ਅਕਤੂਬਰ'' ਨਾਲ ਹੈਰਾਨ ਕਰਨ ਦੀ ਤਿਆਰੀ ''ਚ ਵਰੁਣ ਧਵਨ

4/13/2018 9:17:59 AM

ਮੁੰਬਈ(ਬਿਊਰੋ)— 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੇ ਵਰੁਣ ਧਵਨ ਬਾਲੀਵੁੱਡ ਵਿਚ ਕਮਰਸ਼ੀਅਲੀ ਹਿੱਟ ਹੀਰੋ ਹਨ। 'ਜੁੜਵਾ 2' ਹੋਵੇ ਜਾਂ ਫਿਰ 'ਬਦਰੀਨਾਥ ਕੀ ਦੁਲਹਨੀਆ', ਵਰੁਣ ਆਪਣੀਆਂ ਫਿਲਮਾਂ ਵਿਚ ਵੱਖ-ਵੱਖ ਕਿਰਦਾਰ 'ਚ ਨਜ਼ਰ ਆ ਚੁੱਕੇ ਹਨ। ਅੱਜ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਅਕਤੂਬਰ' ਵਿਚ ਵਰੁਣ ਵੱਖਰੀ ਲੁੱਕ 'ਚ ਦਿਖਾਈ ਦੇਣਗੇ। ਇਹ ਲਵ ਸਟੋਰੀ ਹੋਵੇਗੀ, ਜਿਸ ਵਿਚ ਦਿਲਚਸਪ ਟਵਿਸਟ ਹੋਵੇਗਾ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਸ਼ੁਜਿਤ ਸਰਕਾਰ ਨੇ ਕੀਤਾ ਹੈ। ਇਸ ਫਿਲਮ ਨਾਲ ਅਦਾਕਾਰਾ ਬਨੀਤਾ ਸੰਧੂ ਬਾਲੀਵੁੱਡ 'ਚ ਆਪਣਾ ਸਫਰ ਸ਼ੁਰੂ ਕਰ ਰਹੀ ਹੈ। ਵਰੁਣ ਧਵਨ ਤੇ ਸ਼ੁਜਿਤ ਸਰਕਾਰ ਨੇ ਜਗ ਬਾਣੀ/ਨਵੋਦਿਆ ਟਾਈਮਸ ਨਾਲ ਖਾਸ ਗੱਲਬਾਤ ਕੀਤੀ—

ਅਕਤੂਬਰ ਨਾਂ ਕਿਉਂ?
ਵਰੁਣ : ਇਸ ਫਿਲਮ ਵਿਚ ਇਕ ਹਾਦਸਾ ਦਿਖਾਇਆ ਗਿਆ ਹੈ ਅਤੇ ਉਹ ਹਾਦਸਾ ਅਕਤੂਬਰ ਵਿਚ ਹੀ ਹੁੰਦਾ ਹੈ ਪਰ ਫਿਲਮ ਦਾ ਨਾਂ ਰੱਖਣ ਦਾ ਕਾਰਨ ਸਿਰਫ ਇਹੀ ਨਹੀਂ ਹੈ, ਸਗੋਂ ਹੋਰ ਵੀ ਕਈ ਕਾਰਨ ਹਨ ਜੋ ਕਾਫੀ ਡੂੰਘੇ ਹਨ। ਫਿਲਮ ਦੇ ਪੋਸਟਰ ਵਿਚ ਤੁਸੀਂ ਜੋ ਜੈਸਮਿਨ ਫੁੱਲ ਦੇਖ ਰਹੇ ਹੋ, ਉਹ ਵੀ ਅਕਤੂਬਰ ਦੇ ਮਹੀਨੇ ਹੀ ਆਉਂਦਾ ਹੈ। ਇਸ ਫਿਲਮ ਨੂੰ ਮੈਂ ਅਕਤੂਬਰ ਦੇ ਅਖੀਰ ਵਿਚ ਸਾਈਨ ਕੀਤਾ ਸੀ ਤਾਂ ਇਹ ਸੰਯੋਗ ਵੀ ਇਸ ਫਿਲਮ ਨਾਲ ਰਿਹਾ। ਮੈਨੂੰ ਇਹ ਫਿਲਮ ਆਫਰ ਵੀ ਅਕਤੂਬਰ 'ਚ ਹੋਈ ਅਤੇ ਸ਼ੂਟਿੰਗ ਵੀ ਅਕਤੂਬਰ 'ਚ ਹੀ ਹੋਈ। ਫਿਲਮ ਦੇ ਇਸ ਨਾਂ ਦੇ ਹੋਰ ਵੀ ਕਾਰਨ ਹਨ ਪਰ ਸ਼ੁਜਿਤ ਦਾ ਨੇ ਮੈਨੂੰ ਹਦਾਇਤ ਦਿੱਤੀ ਹੋਈ ਹੈ ਕਿ ਮੈਂ ਫਿਲਮ ਦੇ ਅੰਦਰ ਦੀ ਜਾਣਕਾਰੀ ਨਾ ਦੇਵਾਂ, ਇਸ ਲਈ ਮੈਂ ਇਸ 'ਤੇ ਹੋਰ ਜ਼ਿਆਦਾ ਨਹੀਂ ਬੋਲਾਂਗਾ।

ਨਜ਼ਰ ਆਵੇਗਾ ਨਵਾਂ ਅਵਤਾਰ
ਇਹ ਫਿਲਮ ਮੇਰੇ ਦਿਲ ਦੇ ਬੇਹੱਦ ਨੇੜੇ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਸ਼ੁਜਿਤ ਦਾ ਦੇ ਕੰਮ ਦਾ ਫੈਨ ਰਿਹਾ ਹਾਂ ਅਤੇ ਹਮੇਸ਼ਾ ਤੋਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਸੀ। ਅਕਤੂਬਰ 'ਚ ਖੂਬਸੂਰਤ ਕਹਾਣੀ ਹੈ, ਜਿਸ ਵਿਚ ਮੈਂ ਇਕ ਅਜਿਹੇ ਕਿਰਦਾਰ ਨੂੰ ਨਿਭਾ ਰਿਹਾ ਹਾਂ, ਜਿਸ ਵਿਚ ਤੁਹਾਨੂੰ ਕਈ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਣਗੇ। ਇਸ ਕਿਰਦਾਰ ਨੂੰ ਨਿਭਾਉਣਾ ਕਾਫੀ ਮੁਸ਼ਕਿਲ ਸੀ। ਮੈਂ ਆਪਣੇ ਕਿਰਦਾਰ ਵਿਚ ਜਾਨ ਭਰਨ ਲਈ 100 ਫੀਸਦੀ ਦਿੱਤਾ ਹੈ ਅਤੇ ਇਸ ਫਿਲਮ ਵਿਚ ਲੋਕਾਂ ਨੂੰ ਮੇਰਾ ਨਵਾਂ ਰੂਪ ਦੇਖਣ ਨੂੰ ਮਿਲੇਗਾ। ਇਸ ਫਿਲਮ ਵਿਚ ਲੋਕਾਂ ਨੂੰ ਮੇਰੇ ਵਿਅਕਤੀਤਵ ਦਾ ਅਣਦੇਖਿਆ ਹਿੱਸਾ ਦੇਖਣ ਨੂੰ ਮਿਲੇਗਾ। ਸ਼ੁਜਿਤ ਦਾ, ਰੋਨੀ ਤੇ ਜੂਹੀ ਨੇ ਹਮੇਸ਼ਾ ਚੰਗੀ ਫਿਲਮ ਬਣਾਈ ਹੈ ਅਤੇ ਉਨ੍ਹਾਂ ਦੀ ਟੀਮ ਨਾਲ ਜੁੜ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ।

ਜ਼ਿੰਦਗੀ 'ਤੇ ਡੂੰਘਾ ਅਸਰ
ਇਸ ਫਿਲਮ ਦੇ ਕਿਰਦਾਰ ਵਿਚ ਮੈਂ ਇੰਨਾ ਗੁਆਚ ਗਿਆ ਸੀ ਕਿ ਮੇਰੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ 'ਤੇ ਕਾਫੀ ਅਸਰ ਪਿਆ। ਸ਼ੂਟਿੰਗ ਤੋਂ ਬਾਅਦ ਵੀ ਮੈਂ ਆਪਣੇ ਕਿਰਦਾਰ ਤੋਂ ਬਾਹਰ ਨਹੀਂ ਨਿਕਲ ਸਕਿਆ। ਲਗਭਗ 2 ਹਫਤਿਆਂ ਤੱਕ ਮੈਂ ਸੌਂ ਨਹੀਂ ਸਕਿਆ, ਸੋਸ਼ਲ ਮੀਡੀਆ 'ਤੇ ਕੁਨੈਕਟ ਨਹੀਂ ਹੋ ਸਕਿਆ। ਇਹੀ ਨਹੀਂ, ਮੈਨੂੰ ਕਿਸੇ ਨਾਲ ਗੱਲ ਤੱਕ ਕਰਨਾ ਚੰਗਾ ਨਹੀਂ ਲੱਗਦਾ ਸੀ ਅਤੇ ਇਕੱਲੇ ਰਹਿਣ ਦਾ ਮਨ ਕਰਦਾ ਸੀ। ਫਿਲਮ ਵਿਚ ਤੁਹਾਨੂੰ ਗ੍ਰੇ ਸ਼ੇਡ ਕਿਰਦਾਰ ਦੇਖਣ ਨੂੰ ਮਿਲੇਗਾ।

ਅਸਲ ਜ਼ਿੰਦਗੀ ਦੀ ਕਹਾਣੀ
ਸ਼ੁਜਿਤ : ਇਹ ਅਜਿਹੀ ਫਿਲਮ ਹੈ, ਜਿਸ ਨੂੰ ਮੈਂ ਪਿਛਲੇ ਕਾਫੀ ਸਮੇਂ ਤੋਂ ਬਣਾਉਣਾ ਚਾਹੁੰਦਾ ਸੀ। ਭਾਰਤੀ ਸਿਨੇਮਾ ਵਿਚ ਲਵ ਸਟੋਰੀ ਦਾ ਆਪਣਾ ਮਹੱਤਵ ਹੈ ਅਤੇ ਇਸ ਫਿਲਮ ਵਿਚ ਸਟੋਰੀ ਦੇ ਨਾਲ ਭਰਪੂਰ ਇਮੋਸ਼ਨ ਹੈ, ਜਿਸ ਨੂੰ ਦਰਸ਼ਕ ਆਪਣੇ ਮੁਤਾਬਕ ਮਹਿਸੂਸ ਕਰ ਸਕਣਗੇ। ਜੂਹੀ ਅਤੇ ਮੈਂ ਹਮੇਸ਼ਾ ਤੋਂ ਅਸਲ ਜ਼ਿੰਦਗੀ ਦੀ ਕਹਾਣੀ ਤੋਂ ਪ੍ਰੇਰਨਾ ਲੈ ਕੇ ਫਿਲਮ ਬਣਾਉਂਦੇ ਆਏ ਹਨ। 'ਅਕਤੂਬਰ' ਵੀ ਇਕ ਅਜਿਹੀ ਹੀ ਕੋਸ਼ਿਸ਼ ਹੈ, ਜਿਸ ਵਿਚ ਅਸੀਂ ਅਸਲ ਜ਼ਿੰਦਗੀ ਦੇ ਹਾਲਾਤ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਵੱਖਰੇ ਵਰੁਣ ਨੂੰ ਦੇਖੋਗੇ
ਮੈਂ ਇਸ ਫਿਲਮ ਤੋਂ ਪਹਿਲਾਂ ਤੱਕ ਵਰੁਣ ਨੂੰ ਨਿੱਜੀ ਤੌਰ 'ਤੇ ਨਹੀਂ ਮਿਲਿਆ ਸੀ। ਉਨ੍ਹਾਂ ਦੀਆਂ ਫਿਲਮਾਂ ਵੀ ਨਹੀਂ ਦੇਖੀਆਂ ਸਨ। ਦਰਅਸਲ ਮੈਂ ਤਾਂ ਇਸ ਫਿਲਮ ਵਿਚ ਕਿਸੇ ਨਵੇਂ ਅਦਾਕਾਰ ਨੂੰ ਲੈਣਾ ਚਾਹੁੰਦਾ ਸੀ। ਇਤਫਾਕ ਨਾਲ ਵਰੁਣ ਇਕ ਦਿਨ ਆਫਿਸ ਆ ਗਏ। ਉਨ੍ਹਾਂ ਨੂੰ ਮਿਲਦੇ ਹੀ ਮੈਨੂੰ ਲੱਗਾ ਕਿ ਇਹ ਤਾਂ ਮੇਰੀ ਫਿਲਮ ਦਾ ਕਿਰਦਾਰ ਡੈਨ ਹੈ। ਮੈਨੂੰ ਉਨ੍ਹਾਂ ਦੀਆਂ ਅੱਖਾਂ 'ਚ ਈਮਾਨਦਾਰੀ ਅਤੇ ਚੰਗਾ ਬੱਚਾ ਨਜ਼ਰ ਆਇਆ। ਮੈਨੂੰ ਭਰੋਸਾ ਹੈ ਕਿ ਦਰਸ਼ਕ ਇਸ ਫਿਲਮ ਵਿਚ ਇਕ ਵੱਖਰੇ ਵਰੁਣ ਨੂੰ ਦੇਖਣਗੇ। ਮੈਨੂੰ ਤਾਂ ਲੱਗਦਾ ਹੈ ਕਿ ਇਹ ਇਕ ਤਰ੍ਹਾਂ ਵਰੁਣ ਦੀ ਡੈਬਿਊ ਫਿਲਮ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News