''ਦਿ ਐਕਸੀਡੈਂਟਲ...'' ਦਾ ਡਾਇਰੈਕਟਰ ਕਰੋੜਾਂ ਦੇ ਜੀ. ਐੱਸ. ਟੀ. ਘਪਲੇ ''ਚ ਗ੍ਰਿਫਤਾਰ

1/3/2019 9:45:12 AM

ਲੁਧਿਆਣਾ (ਪੰਕਜ ਸ਼ਾਰਦਾ) : ਰਿਲੀਜ਼ਿੰਗ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਦਾ ਡਾਇਰੈਕਟਰ ਵਿਜੇ ਆਰ ਗੁੱਟੂ ਮੁੰਬਈ 'ਚ ਕਰੋੜਾਂ ਰੁਪਏ ਦੇ ਜੀ. ਐੱਸ. ਟੀ. ਘਪਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੂੰ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਵੱਲੋਂ ਲਿਖੀ ਕਿਤਾਬ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' 'ਤੇ ਅਦਾਕਾਰ ਅਨੁਪਮ ਖੇਰ ਨੂੰ ਲੀਡ ਰੋਲ 'ਚ ਲੈ ਕੇ ਫਿਲਮ ਬਣਾਉਣ ਵਾਲੇ ਵਿਜੇ ਆਰ ਗੁੱਟੂ ਨੂੰ ਜਾਅਲੀ ਦਸਤਾਵੇਜ਼ਾਂ ਰਾਹੀਂ ਜੀ. ਐੱਸ. ਟੀ. ਦੇ ਘਪਲੇ 'ਚ ਮੁੰਬਈ ਦੇ ਡਾਇਰੈਕਟਰ ਜਨਰਲ ਆਫ ਗੁਡਜ਼ ਐਂਡ ਸਰਵਿਸਿਜ਼ ਟੈਕਸ ਇੰਟੈਲੀਜੈਂਸ (ਡੀ. ਜੀ. ਜੀ. ਐੱਸ. ਟੀ. ਆਈ.) ਨੇ ਹਿਰਾਸਤ 'ਚ ਲੈ ਕੇ ਮੁੰਬਈ ਦੀ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਗੁੱਟੂ ਮੁੰਬਈ ਦੇ ਪ੍ਰਸਿੱਧ ਖੰਡ ਦੇ ਵਪਾਰੀ ਅਤੇ ਭਾਜਪਾ ਦੇ ਕਰੀਬੀ ਰਤਨਾਕਰ ਗੁੱਟੂ ਦੇ ਪੁੱਤਰ ਹਨ, ਜਿਸ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਫਰਮ ਵੀ. ਆਰ. ਜੀ. ਡਿਜੀਟਲ ਪ੍ਰਾਈਵੇਟ ਲਿਮਟਿਡ ਦੇ ਨਾਂ ਦੇ ਹੋਰੀਜਨ ਆਊਟਸੋਰਸਿਜ਼ ਸਾਲਿਊਸ਼ਨ ਨਾਂ ਦੀ ਫਰਮ ਤੋਂ ਐਨੀਮੇਸ਼ਨ ਅਤੇ ਜਨ ਸ਼ਕਤੀ ਸੇਵਾਵਾਂ ਲਈ 34 ਕਰੋੜ ਦੇ ਨਕਲੀ ਜੀ.ਐੱਸ.ਟੀ. ਚਲਾਨ ਹਾਸਲ ਕੀਤੇ ਅਤੇ ਕੇਂਦਰੀ ਧੋਖਾਦੇਹੀ ਕ੍ਰੈਡਿਟ ਤਹਿਤ 28 ਕਰੋੜ ਦੇ ਰੀਫੰਡ ਦਾ ਦਾਅਵਾ ਕੀਤਾ ਸੀ, ਜੋ ਇਨਵਾਇਸ ਲਈ ਇਕ ਸਾਲ ਤੋਂ ਵੱਧ ਲਈ ਲਿਆ ਗਿਆ ਸੀ। ਗੁੱਟੂ 'ਤੇ ਵਿਭਾਗ ਨੇ ਫਰਜ਼ੀ ਢੰਗ ਨਾਲ ਸਰਕਾਰ ਨੂੰ ਧੋਖਾ ਦੇਣ ਦੇ ਦੋਸ਼ ਲਾ ਕੇ ਗ੍ਰਿਫਤਾਰ ਕੀਤਾ।

ਫਿਲਮ ਰਿਲੀਜ਼ 'ਤੇ ਵਿਵਾਦ
ਗੁੱਟੂ ਵੱਲੋਂ ਨਿਰਦੇਸ਼ਤ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਨਾਂ ਦੀ ਫਿਲਮ, ਜੋ 11 ਜਨਵਰੀ ਨੂੰ ਦੇਸ਼ ਭਰ 'ਚ ਰਿਲੀਜ਼ ਹੋਣੀ ਸੀ। ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਵਿਵਾਦਾਂ 'ਚ ਉਸ ਸਮੇਂ ਘਿਰ ਗਈ ਜਦੋਂ ਕਾਂਗਰਸ ਨੇ ਇਸ ਦਾ ਵਿਰੋਧ ਸ਼ੁਰੂ ਕਰਦੇ ਹੋਏ ਇਸ ਨੂੰ ਦੇਸ਼ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਖਿਲਾਫ ਸਾਜ਼ਿਸ਼ ਕਰਾਰ ਦਿੱਤਾ। ਜਿਹੜੇ ਸੂਬਿਆਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਹੈ, ਉਥੇ ਇਸ ਫਿਲਮ ਦੇ ਰਿਲੀਜ਼ ਹੋਣ ਦਾ ਖਦਸ਼ਾ ਹੈ। ਦਰਅਸਲ ਇਹ ਫਿਲਮ ਸ਼੍ਰੀਮਤੀ ਸੋਨੀਆ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਆਪਣੇ ਪੈਰ ਪਿੱਛੇ ਖਿੱਚਣ ਅਤੇ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਦਾ ਨਾਂ ਅਚਾਨਕ ਅੱਗੇ ਕਰਨ ਦੀ ਘਟਨਾ ਨੂੰ ਲੈ ਕੇ ਬਣਾਈ ਗਈ ਹੈ, ਜਿਸ 'ਚ ਕਾਂਗਰਸ ਸਰਕਾਰ 'ਚ ਹੋਏ ਵੱਡੇ-ਵੱਡੇ ਘਪਲਿਆਂ ਅਤੇ ਦੇਸ਼ 'ਚ ਪ੍ਰਧਾਨ ਮੰਤਰੀ ਦਫਤਰ (ਪੀ.ਐੱਮ. ਓ.) ਦੇ ਬਰਾਬਰ ਚੱਲ ਰਹੀ ਸਰਕਾਰ ਬਾਰੇ ਦੱਸਿਆ ਗਿਆ ਹੈ। ਫਿਲਮ ਦੇ ਇਕ ਸੀਨ, ਜਿਸ 'ਚ ਮਨਮੋਹਨ ਸਿੰਘ ਦੇ ਰੂਪ 'ਚ ਅਨੁਪਮ ਖੇਰ ਸਰਕਾਰ 'ਚ ਹੋ ਰਹੇ ਘਪਲਿਆਂ ਤੋਂ ਪ੍ਰੇਸ਼ਾਨ ਹੋ ਕੇ ਆਪਣਾ ਅਸਤੀਫਾ ਦੇਣ ਦੀ ਗੱਲ ਕਰਦੇ ਹਨ, ਜਿਸ 'ਤੇ ਮੈਡਮ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਇਹ ਕਹਿ ਕੇ ਰੋਕਦੀ ਹੈ ਕਿ ਰਾਹੁਲ ਅਜਿਹੇ ਹਾਲਾਤ ਦਾ ਸਾਹਮਣਾ ਕਿਵੇਂ ਕਰੇਗਾ। ਕਿਤਾਬ ਲਿਖਣ ਵਾਲੇ ਸੰਜੇ ਬਾਰੂ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ 'ਚ ਉਨ੍ਹਾਂ ਦੇ ਮੀਡੀਆ ਸਲਾਹਕਾਰ ਸਨ। ਪਰਦੇ ਦੇ ਪਿੱਛੇ ਵਾਪਰੀਆਂ ਘਟਨਾਵਾਂ ਨੂੰ ਫਿਲਮ ਦੇ ਮਾਧਿਅਮ ਨਾਲ ਜਨਤਾ ਦੇ ਸਾਹਮਣੇ ਲਿਆਉਣ ਅਤੇ ਉਹ ਵੀ ਜਦੋਂ ਲੋਕ ਸਭਾ ਚੋਣਾਂ ਸਿਰ 'ਤੇ ਹਨ, ਕਾਂਗਰਸ ਦੇ ਵਿਰੋਧ ਦਾ ਕਾਰਨ ਬਣੀ ਹੋਈ ਹੈ। ਅਜਿਹੇ 'ਚ ਉਸ ਦੇ ਨਿਰਦੇਸ਼ਕ ਦਾ ਧੋਖਾਦੇਹੀ ਦੇ ਮਾਮਲੇ 'ਚ ਗ੍ਰਿਫਤਾਰ ਹੋਣਾ, ਕਈ ਸਵਾਲ ਖੜ੍ਹੇ ਕਰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News