ਹਨੀ ਸਿੰਘ ਖਿਲਾਫ ਆਵਾਜ਼ ਚੁੱਕਣ ਵਾਲਿਆਂ ਨੂੰ ਮਿਲ ਰਹੀਆਂ ਨੇ ਸ਼ਰੇਆਮ ਧਮਕੀਆਂ

7/10/2019 3:46:48 PM

ਚੰਡੀਗੜ੍ਹ/ਜਲੰਧਰ (ਬਿਊਰੋ) : ਆਪਣੇ ਗੀਤ ਵਿਚ ਔਰਤਾਂ ਦੇ ਪ੍ਰਤੀ ਲੱਚਰਤਾ ਅਤੇ ਗਲਤ ਸ਼ਬਦਾਵਲੀ ਪਰੋਸਣ ਵਾਲੇ 'ਯੋ ਯੋ ਹਨੀ ਸਿੰਘ' ਦੀਆਂ ਮੁਸ਼ਕਿਲਾਂ ਉਸ ਸਮੇਂ ਵੱਧ ਗਈਆਂ ਜਦੋਂ ਉਸ ਦੇ ਖਿਲਾਫ ਮੋਹਾਲੀ ਦੇ ਮਟੌਰ ਪੁਲਸ ਸਟੇਸ਼ਨ ਵਿਚ ਕੇਸ ਦਰਜ ਕਰ ਲਿਆ ਗਿਆ। ਇਹ ਕੇਸ 'ਮੱਖਣਾ' ਗੀਤ ਵਿਚ ਵਰਤੀ ਗਈ ਔਰਤਾਂ ਦੇ ਖਿਲਾਫ ਅਭਦਰ ਸ਼ਬਦਾਵਲੀ ਅਤੇ ਵੀਡੀਓ ਨੂੰ ਲੈ ਕੇ ਦਰਜ ਹੋਇਆ ਹੈ। ਉਸ ਦੇ ਨਾਲ ਹੀ ਗੀਤ ਲਿਖਣ ਵਾਲੇ ਲੇਖਕ ਭੂਸ਼ਣ ਕੁਮਾਰ ਨੂੰ ਵੀ ਕੇਸ ਵਿਚ ਸ਼ਾਮਲ ਕੀਤਾ ਗਿਆ ਹੈ। ਕੇਸ ਦਰਜ ਕਰਵਾਉਣ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਧਮਕੀਆਂ ਮਿਲ ਰਹੀਆਂ ਹਨ। ਧਮਕੀਆਂ ਤੋਂ ਬਾਅਦ ਲੱਚਰ ਗਾਇਕੀ ਨੂੰ ਠੱਲ੍ਹ ਪਾਉਣ ਲਈ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਪੰਜਾਬੀ ਗੀਤਾਂ 'ਤੇ ਵਿਸ਼ੇਸ਼ ਸੈਂਸਰ ਬੋਰਡ ਬਣਾਉਣ ਦੀ ਅਪੀਲ ਵੀ ਕੀਤੀ ਹੈ। ਉਥੇ ਹੀ ਬੀਤੇ ਦਿਨ ਪੰਜਾਬੀ ਗਾਇਕ ਹਨੀ ਸਿੰਘ ਦੇ ਖਿਲਾਫ ਮੋਹਾਲੀ ਪੁਲਸ ਨੂੰ ਸ਼ਿਕਾਇਤ ਦੇਣ ਵਾਲੇ ਸ਼ਿਕਾਇਤਕਰਤਾ ਪੰਡਿਤ ਰਾਓ ਧਰੇਨਵਰ ਨੇ ਵੀ ਬੀਤੇ ਦਿਨੀਂ ਐੱਸ. ਐੱਸ. ਪੀ. ਮੋਹਾਲੀ ਨੂੰ ਇਕ ਅਤੇ ਪੱਤਰ ਭੇਜ ਕਰ ਹਨੀ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ ਹੈ ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਹਨੀ ਸਿੰਘ ਦੇ ਗੀਤਾਂ ਖਿਲਾਫ ਸੂ ਮੋਟੋ ਨੋਟਿਸ ਲੈਣ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਭਰੇ ਫੋਨ ਆਉਣ ਲੱਗੇ। ਉਨ੍ਹਾਂ ਇਸ ਦੀ ਸ਼ਿਕਾਇਤ ਪੰਜਾਬ ਪੁਲਸ ਮੁੱਖੀ ਨੂੰ ਕਰ ਦਿੱਤੀ ਹੈ। ਗੁਲਾਟੀ ਨੇ ਕਿਹਾ ਕਿ ਧਮਕੀ ਦੇਣ ਵਾਲੇ ਨੇ ਉਨ੍ਹਾਂ ਨੂੰ ਮਾਮਲੇ ਤੋਂ ਪਿੱਛੇ ਹੱਟਣ ਦੀ ਸਲਾਹ ਦਿੱਤੀ ਹੈ। ਇਸ ਮਾਮਲੇ ਦੀ ਜਾਂਚ-ਪੜਤਾਲ ਵੀ ਪੁਲਸ ਨੇ ਸ਼ੁਰੂ ਕਰ ਦਿੱਤੀ ਹੈ। ਗੁਲਾਟੀ ਨੇ ਇਹ ਵੀ ਕਿਹਾ ਕਿ ਜੇਕਰ ਹਨੀ ਸਿੰਘ ਆਪਣੀ ਜ਼ਮਾਨਤ ਲਈ ਚਾਰਾਜੋਈ ਕਰੇਗਾ ਤਾਂ ਮਹਿਲਾ ਕਮਿਸ਼ਨ ਇਸ ਦੀ ਖਿਲਾਫਤ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਨਗੇ ਕਿ ਪੰਜਾਬੀ ਗੀਤਾਂ 'ਚ ਔਰਤਾਂ ਖਿਲਾਫ ਵਰਤੀ ਜਾਣ ਵਾਲੀ ਭੱਦੀ ਸ਼ਬਦਾਵਲੀ ਨੂੰ ਰੋਕਣ ਲਈ ਸੈਂਸਰ ਬੋਰਡ ਬਣਾਇਆ ਜਾਵੇ।

ਦੱਸਣਯੋਗ ਹੈ ਕਿ ਯੋ-ਯੋ ਹਨੀ ਸਿੰਘ ਅਤੇ ਗੀਤ ਦੇ ਲੇਖਕ ਭੂਸ਼ਣ ਕੁਮਾਰ ਖਿਲਾਫ ਆਈ. ਪੀ. ਸੀ. ਦੀ ਧਾਰਾ 294, 509, ਇੰਫਾਰਮੇਸ਼ਨ ਟੈਕਨਾਲੋਜੀ ਐਕਟ (ਆਈ. ਟੀ.) ਦੀ ਧਾਰਾ 67 ਅਤੇ ਇੰਡੈਸੇਂਟ ਰਿਪ੍ਰੈਜੈਂਟੇਸ਼ਨ ਆਫ ਵੂਮੈਨ ਪ੍ਰੋਹਿਬਸ਼ਨ ਐਕਟ ਦੀ ਧਾਰਾ 6 ਦੇ ਤਹਿਤ ਕੇਸ ਦਰਜ ਕਰ ਲਿਆ ਹੈ । ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਹੈ, ਮਾਮਲੇ ਦੀ ਜਾਂਚ ਜਾਰੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News