''ਯਾਰ ਅਣਮੁੱਲੇ ਰਿਟਰਨਜ਼'' ਦਾ ਪੋਸਟਰ ਹੋਇਆ ਰਿਲੀਜ਼, 13 ਮਾਰਚ ਨੂੰ ਬਣੇਗੀ ਸਿਨੇਮਾਘਰਾਂ ਦਾ ਸ਼ਿੰਗਾਰ

1/27/2020 8:37:16 PM

ਚੰਡੀਗੜ੍ਹ (ਬਿਊਰੋ)— 'ਸ਼੍ਰੀ ਫ਼ਿਲਮਜ਼ ਐਂਡ ਜਰਨੈਲ ਘੁਮਾਣ', 'ਬੱਤਰਾ ਸ਼ੋਅ ਬਿਜ਼' ਅਤੇ 'ਦੇ ਸੀ ਰਿਕਾਰਡਸ' ਨੇ ਅੱਜ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਯਾਰ ਅਣਮੁੱਲੇ ਰਿਟਰਨਜ਼' ਦਾ ਐਲਾਨ ਕੀਤਾ ਹੈ। ਦੋਸਤੀ ਤੇ ਰੋਮਾਂਸ ਵਾਲੀ ਇਹ ਫਿਲਮ 13 ਮਾਰਚ, 2020 ਨੂੰ ਰਿਲੀਜ਼ ਹੋਵੇਗੀ। 'ਰੱਬ ਦਾ ਰੇਡੀਓ' ਤੇ 'ਆਟੇ ਦੀ ਚਿੜੀ' ਵਰਗੀਆਂ ਫ਼ਿਲਮਾਂ ਨਾਲ ਪ੍ਰਸਿੱਧ ਹੈਰੀ ਭੱਟੀ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। 'ਯਾਰ ਅਣਮੁੱਲੇ ਰਿਟਰਨਜ਼' ਫ਼ਿਲਮ 'ਚ ਪ੍ਰਭ ਗਿੱਲ, ਯੁਵਰਾਜ ਹੰਸ, ਹਰੀਸ਼ ਵਰਮਾ, ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ ਤੇ ਜਸਲੀਨ ਸਲੈਚ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। 'ਯਾਰ ਅਣਮੁੱਲੇ ਰਿਟਰਨਜ਼' ਦੋਸਤੀ ਤੇ ਰੋਮਾਂਸ ਦੀ ਇਕ ਕਹਾਣੀ ਹੈ, ਜਿਸ 'ਚ ਕਾਮੇਡੀ ਤੇ ਸੰਗੀਤ ਦਾ ਬਹੁਤ ਹੀ ਵਧੀਆ ਮਿਸ਼ਰਣ ਦੇਖਣ ਨੂੰ ਮਿਲੇਗਾ।

ਸਾਰੇ ਪ੍ਰੋਜੈਕਟ ਨੂੰ ਅਮਨਦੀਪ ਸਿਹਾਗ, ਆਦਮਿਆ ਸਿੰਘ, ਅਮਨਦੀਪ ਸਿੰਘ, ਮਿੱਠੂ ਝਾਝਰਾ, ਡਾ. ਵਰੁਣ ਮਲਿਕ ਤੇ ਪੰਕਜ ਢਾਕਾ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫਿਲਮ ਦੇ ਕੋ-ਪ੍ਰੋਡਿਊਸਰ ਰਾਜ ਸੂਰੀ ਹਨ। ਇੰਦਰਜੀਤ ਗਿੱਲ ਫ਼ਿਲਮ ਦੇ ਕ੍ਰਿਏਟਿਵ ਪ੍ਰੋਡਿਊਸਰ ਹਨ। ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ। ਫ਼ਿਲਮ ਦਾ ਸੰਗੀਤ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

ਨਿਰਦੇਸ਼ਕ ਹੈਰੀ ਭੱਟੀ ਨੇ ਕਿਹਾ, 'ਅਸੀਂ ਸਾਰੇ ਜਾਣਦੇ ਹਾਂ ਕਿ 'ਯਾਰ ਅਣਮੁੱਲੇ' ਸੀਰੀਜ਼ ਦਾ ਲੋਕਾਂ ਤੇ ਪੰਜਾਬੀ ਫ਼ਿਲਮ ਇੰਡਸਟਰੀ ਉੱਪਰ ਕੀ ਪ੍ਰਭਾਵ ਹੈ। ਇਸ ਲਈ ਇਸ ਫ਼ਿਲਮ ਦੇ ਤੀਜੇ ਭਾਗ 'ਤੇ ਨਵੇਂ ਚਿਹਰਿਆਂ ਨਾਲ ਕੰਮ ਕਰਨਾ ਚੁਣੌਤੀ ਭਰਪੂਰ ਸੀ ਕਿਉਂਕਿ ਇਸ ਫ਼ਿਲਮ ਦੇ ਨਾਮ ਨਾਲ ਹੀ ਦਰਸ਼ਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ। ਹਾਲਾਂਕਿ ਅਸੀਂ ਸਾਰੀ ਕਾਸਟ ਤੇ ਸਾਰੀ ਟੀਮ ਨੇ ਇਸ ਫ਼ਿਲਮ ਨਾਲ ਇਨਸਾਫ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਹੁਣ ਫ਼ਿਲਮ ਦਾ ਪੋਸਟਰ ਰਿਲੀਜ਼ ਹੋਇਆ ਹੈ ਤਾਂ ਮੈਂ ਆਸ ਕਰਦਾ ਹਾਂ ਕਿ ਲੋਕ ਇਸ ਨੂੰ ਪਸੰਦ ਕਰਨਗੇ ਤੇ ਇਸ ਪੂਰੀ ਪ੍ਰਕਿਰਿਆ 'ਚ ਸਾਡਾ ਸਮਰਥਨ ਕਰਨਗੇ।'

ਫ਼ਿਲਮ ਦੇ ਨਿਰਮਾਤਾਵਾਂ ਨੇ ਕਿਹਾ, 'ਅਜਿਹੇ ਪ੍ਰੋਜੈਕਟ 'ਚ ਨਿਵੇਸ਼ ਕਰਨਾ, ਜਿਸ ਦੇ ਪਹਿਲਾਂ ਹੀ ਪ੍ਰਸ਼ੰਸਕ ਹੋਣ ਤੇ ਦਰਸ਼ਕਾਂ ਨੂੰ ਉਸ ਪ੍ਰੋਜੈਕਟ ਤੋਂ ਉਮੀਦਾਂ ਹੋਣ, ਜੋਖਮ ਭਰਿਆ ਹੁੰਦਾ ਹੈ ਕਿ ਲੋਕ ਇਸ ਨੂੰ ਸਵੀਕਾਰ ਕਰਨਗੇ ਜਾਂ ਨਹੀਂ। ਹਾਲਾਂਕਿ ਅਸੀਂ ਆਪਣੇ ਪ੍ਰੋਜੈਕਟ ਬਾਰੇ ਕਾਫ਼ੀ ਭਰੋਸਾ ਰੱਖਦੇ ਹਾਂ। ਫ਼ਿਲਮ ਦੇ ਇਸ ਅਧਿਕਾਰਕ ਪੋਸਟਰ 'ਚ ਦਰਸ਼ਕਾਂ ਨੂੰ ਫ਼ਿਲਮ ਦੀ ਇਕ ਝਲਕ ਦਿਖੇਗੀ। ਅਸੀਂ ਆਸ ਕਰਦੇ ਹਾਂ ਕਿ ਦਰਸ਼ਕ ਇਸ ਪ੍ਰੋਜੈਕਟ ਨੂੰ ਪਿਆਰ ਦੇਣਗੇ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Edited By Rahul Singh

Related News