Year Ender 2019 : ਪੰਜਾਬੀ ਕਲਾਕਾਰਾਂ ਲਈ ਵਿਵਾਦਾਂ ਨਾਲ ਭਰਿਆ ਰਿਹਾ ਸਾਲ 2019

12/31/2019 1:21:16 PM

ਜਲੰਧਰ (ਰਾਹੁਲ ਸਿੰਘ/ਲਖਨ ਪਾਲ) — ਸਾਲ 2019 ਕੁਝ ਦਿਨਾਂ 'ਚ ਖਤਮ ਹੋਣ ਜਾ ਰਿਹਾ ਹੈ। ਇਸ ਸਾਲ ਜਿਥੇ ਸਾਨੂੰ ਪੰਜਾਬੀ ਕਲਾਕਾਰਾਂ ਦੀ ਤਰੱਕੀ ਦੇਖਣ ਨੂੰ ਮਿਲੇ, ਉਥੇ ਕਈ ਕਲਾਕਾਰਾਂ ਆਪਣੀਆਂ ਕੰਟਰੋਵਰਸੀਜ਼ ਕਰਕੇ ਸਾਰਾ ਸਾਲ ਲੋਕਾਂ ਦੀਆਂ ਨਜ਼ਰਾਂ 'ਚ ਰਹੇ। ਵਿਵਾਦਾਂ ਦਾ ਸਿਲਸਿਲਾ ਜਨਵਰੀ ਮਹੀਨੇ ਤੋਂ ਹੀ ਸ਼ੁਰੂ ਹੋ ਗਿਆ ਸੀ ਤੇ ਇਹ ਵਿਵਾਦ ਦਸੰਬਰ ਮਹੀਨੇ ਤਕ ਵੀ ਚੱਲਦੇ ਆ ਰਹੇ ਹਨ। ਇਸ ਸਾਲ ਸਭ ਤੋਂ ਵੱਧ ਵਿਵਾਦ ਸਤੰਬਰ ਮਹੀਨੇ 'ਚ ਹੋਏ। ਇਸ ਮਹੀਨੇ 1 ਨਹੀਂ, 2 ਨਹੀਂ, ਸਗੋਂ 5-5 ਵਿਵਾਦ ਦੇਖਣ ਨੂੰ ਮਿਲੇ। ਆਓ ਨਜ਼ਰ ਮਾਰਦੇ ਹਾਂ 2019 ਦੇ ਮੁੱਖ ਵਿਵਾਦਾਂ 'ਤੇ : —

ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਣਾ
ਸਾਲ ਦੀ ਸ਼ੁਰੂਆਤ 'ਚ ਹਿਮਾਂਸ਼ੀ ਖੁਰਾਣਾ ਆਪਣੇ ਗੀਤ 'ਆਈ ਲਾਈਕ ਇਟ' ਕਰਕੇ ਚਰਚਾ 'ਚ ਆਈ। ਹਿਮਾਂਸ਼ੀ ਦੇ ਇਸ ਗੀਤ ਦਾ ਮਾਡਲ ਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਇਕ ਵੀਡੀਓ 'ਚ ਮਜ਼ਾਕ ਬਣਾ ਦਿੱਤਾ। ਦੋਵਾਂ ਵਿਚਾਲੇ ਇਸ ਵੀਡੀਓ ਨੂੰ ਲੈ ਕੇ ਇੰਨਾ ਹੰਗਾਮਾ ਹੋਇਆ ਕਿ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਸ਼ਹਿਨਾਜ਼ ਤੇ ਹਿਮਾਂਸ਼ੀ ਨੇ ਇਕ-ਦੂਜੇ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਰਾ-ਭਲਾ ਕਿਹਾ। ਇਹੀ ਨਹੀਂ ਇਕ-ਦੂਜੇ ਖਿਲਾਫ ਭੜਾਸ ਕੱਢਣ ਲਈ ਦੋਵਾਂ ਨੇ ਆਪਣੇ ਵਲੋਂ ਗੀਤ ਵੀ ਰਿਲੀਜ਼ ਕੀਤੇ। ਹਿਮਾਂਸ਼ੀ ਨੇ ਜਿਥੇ 'ਅੱਗ' ਗੀਤ ਨਾਲ ਸ਼ਹਿਨਾਜ਼ ਨੂੰ ਜਵਾਬ ਦਿੱਤਾ, ਉਥੇ ਸ਼ਹਿਨਾਜ਼ ਨੇ 'ਆਂਟੀ-ਆਂਟੀ' ਗੀਤ ਹਿਮਾਂਸ਼ੀ ਨੂੰ ਜਵਾਬ ਦਿੱਤਾ। ਦੋਵਾਂ ਦਾ ਵਿਵਾਦ ਸਾਨੂੰ ਨੈਸ਼ਨਲ ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਵੀ ਦੇਖਣ ਨੂੰ ਮਿਲਿਆ। ਬਿੱਗ ਬੌਸ ਦੇ ਘਰ 'ਚ ਸ਼ਹਿਨਾਜ਼ ਤੇ ਹਿਮਾਂਸ਼ੀ ਵਿਚਾਲੇ ਖੂਬ ਗਰਮਾ-ਗਰਮੀ ਚੱਲੀ। ਹਾਲਾਂਕਿ ਜਦੋਂ ਹਿਮਾਂਸ਼ੀ ਬਿੱਗ ਬੌਸ ਦੇ ਘਰੋਂ ਬਾਹਰ ਨਿਕਲੀ ਤਾਂ ਉਹ ਜਾਂਦੇ ਸਮੇਂ ਸ਼ਹਿਨਾਜ਼ ਨੂੰ ਗਲੇ ਮਿਲ ਕੇ ਗਈ ਤੇ ਸੋਸ਼ਲ ਮੀਡੀਆ 'ਤੇ ਵੀ ਹੁਣ ਉਸ ਦੀਆਂ ਪੋਸਟਾਂ ਤੋਂ ਇੰਝ ਲੱਗਦਾ ਹੈ ਕਿ ਉਹ ਸ਼ਹਿਨਾਜ਼ ਨੂੰ ਮੁਆਫ ਕਰ ਚੁੱਕੀ ਹੈ।
PunjabKesari
ਗੁਰਨਾਮ ਭੁੱਲਰ ਦਾ ਫੈਨ ਨਾਲ ਸਟੇਜ 'ਤੇ ਵਿਵਾਦ
ਮਈ ਮਹੀਨੇ ਗੁਰਨਾਮ ਭੁੱਲਰ ਦੀ ਇਕ ਵੀਡੀਓ ਖੂਬ ਚਰਚਾ 'ਚ ਰਹੀ, ਜਿਸ 'ਚ ਇਹ ਕਿਹਾ ਗਿਆ ਕਿ ਗੁਰਨਾਮ ਭੁੱਲਰ ਦੀ ਸ਼ੋਅ ਦੌਰਾਨ ਲੜਾਈ ਹੋਈ ਹੈ, ਜਿਸ ਦੇ ਚਲਦਿਆਂ ਗੁਰਨਾਮ ਨੂੰ ਸਟੇਜ ਤੋਂ ਭੱਜਣਾ ਪਿਆ। ਹਾਲਾਂਕਿ ਸਾਡੇ ਨਾਲ ਗੱਲਬਾਤ ਦੌਰਾਨ ਗੁਰਨਾਮ ਭੁੱਲਰ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਤੇ ਇਹ ਕਿਹਾ ਸੀ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਵੀਡੀਓ ਨੂੰ ਗਲਤ ਢੰਗ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਪੰਜਾਬੀ ਗਾਇਕ ਗੁਰਨਾਮ ਭੁੱਲਰ ਸਤੰਬਰ ਮਹੀਨੇ ਵੀ ਖੂਬ ਵਿਵਾਦਾਂ 'ਚ ਰਹੇ। ਇਕ ਸ਼ੋਅ ਦੌਰਾਨ ਗੁਰਨਾਮ ਭੁੱਲਰ ਵਲੋਂ ਸਟੇਜ 'ਤੇ ਫੈਨ ਨਾਲ ਕੀਤੇ ਦੁਰਵਿਵਹਾਰ ਦੀ ਲੋਕਾਂ ਵਲੋਂ ਖੂਬ ਨਿੰਦਿਆ ਕੀਤੀ ਗਈ। ਦਰਅਸਲ ਗੁਰਨਾਮ ਭੁੱਲਰ ਨੇ ਸਟੇਜ 'ਤੇ ਆਏ ਆਪਣੇ ਫੈਨ ਨੂੰ ਫੋਟੋ ਕਰਵਾਉਣ ਦੇ ਚਲਦਿਆਂ ਬੁਰਾ-ਭਲਾ ਕਿਹਾ, ਜਿਸ ਨੇ ਸੋਸ਼ਲ ਮੀਡੀਆ 'ਤੇ ਤੂਲ ਫੜ ਲਈ। ਹਾਲਾਂਕਿ ਗੁਰਨਾਮ ਭੁੱਲਰ ਨੇ ਆਪਣੀ ਗਲਤੀ ਦੇ ਚਲਦਿਆਂ ਉਸ ਫੈਨ ਦੇ ਘਰ ਜਾ ਕੇ ਮੁਆਫੀ ਮੰਗੀ ਤੇ ਤਸਵੀਰ ਵੀ ਖਿੱਚਵਾਈ। 
Image result for Gurnam Bhullar
ਸਿੰਗਾ ਦਾ ਨਿਊਜ਼ੀਲੈਂਡ ਦੇ ਪ੍ਰਮੋਟਰਾਂ ਨਾਲ ਵਿਵਾਦ
ਪੰਜਾਬੀ ਗਾਇਕ ਸਿੰਗਾ ਵੀ ਇਸ ਸਾਲ ਨਿਊਜ਼ੀਲੈਂਡ 'ਚ ਆਪਣੇ ਇਕ ਸ਼ੋਅ ਨੂੰ ਲੈ ਕੇ ਵਿਵਾਦਾਂ 'ਚ ਰਹੇ। ਅਸਲ 'ਚ ਸ਼ੋਅ ਦੇ ਪ੍ਰਮੋਟਰਾਂ ਨੇ ਸਿੰਗਾ 'ਤੇ ਇਲਜ਼ਾਮ ਲਗਾਇਆ ਸੀ ਕਿ ਉਹ ਸ਼ੋਅ ਲਗਾਏ ਬਿਨਾਂ ਉਥੋਂ ਭੱਜ ਗਏ ਹਨ। ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪ੍ਰਮੋਟਰਾਂ ਨੇ ਸਿੰਗਾ ਖਿਲਾਫ ਖੂਬ ਭੜਾਸ ਕੱਢੀ। ਹਾਲਾਂਕਿ ਸਿੰਗਾ ਨੇ ਇਨ੍ਹਾਂ ਵੀਡੀਓਜ਼ 'ਤੇ ਜਵਾਬ ਵੀ ਦਿੱਤਾ। ਸਿੰਗਾ ਨੇ ਕਿਹਾ ਕਿ ਸਾਡੀਆਂ ਸ਼ਰਤਾਂ 'ਤੇ ਪ੍ਰਮੋਟਰ ਪੂਰੇ ਨਹੀਂ ਉਤਰੇ ਤੇ ਉਨ੍ਹਾਂ ਨੇ ਕੋਈ ਵਾਧੂ-ਘਾਟੂ ਗੱਲ ਨਹੀਂ ਕੀਤੀ। ਸਿੰਗਾ ਨੇ ਕਿਹਾ ਕਿ ਉਹ ਭੱਜਿਆ ਨਹੀਂ ਹੈ, ਸਗੋਂ ਸਿੰਗਾ ਭਜਾਉਣ ਵਾਲਿਆਂ 'ਚੋਂ ਹੈ। 
ਸਿੰਗਾ ਦਾ ਇਸ ਸਾਲ ਇਕ ਵਿਵਾਦ ਨਹੀਂ ਰਿਹਾ, ਸਗੋਂ ਸਤੰਬਰ ਮਹੀਨੇ ਆਪਣੇ ਬਟਾਲਾ ਸ਼ੋਅ 'ਚ ਬਾਊਂਸਰਾਂ ਵਲੋਂ ਪੱਤਰਕਾਰਾਂ ਨਾਲ ਕੀਤੀ ਧੱਕਾ-ਮੁੱਕੀ ਕਰਕੇ ਵੀ ਸਿੰਗਾ ਚਰਚਾ 'ਚ ਰਹੇ। ਪੱਤਰਕਾਰਾਂ ਵਲੋਂ ਸਿੰਗਾ ਤੇ ਉਸ ਦੇ ਬਾਊਂਸਰਾਂ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਨਤੀਜਾ ਇਹ ਰਿਹਾ ਕਿ ਤਿੰਨ ਮਹੀਨਿਆਂ ਬਾਅਦ ਸਿੰਗਾ ਨੇ ਬਟਾਲਾ 'ਚ ਪੱਤਰਕਾਰਾਂ ਕੋਲੋਂ ਮੁਆਫੀ ਮੰਗੀ।
Image result for Singga
ਕੌਰ ਬੀ ਦਾ ਆਸਟਰੇਲੀਆ ਸ਼ੋਅ ਦੌਰਾਨ ਵਿਵਾਦ
ਪੰਜਾਬੀ ਗਾਇਕ ਕੌਰ ਬੀ ਵੀ ਇਸ ਸਾਲ ਵਿਵਾਦਾਂ ਦਾ ਹਿੱਸਾ ਬਣੀ ਰਹੀ। ਅਸਲ 'ਚ ਕੌਰ ਬੀ ਦਾ ਆਸਟਰੇਲੀਆ 'ਚ ਇਕ ਸ਼ੋਅ ਸੀ, ਜਿਸ ਦੇ ਮੀਟ ਐਂਡ ਗਰੀਟ ਪ੍ਰੋਗਰਾਮ ਦੌਰਾਨ ਸ਼ੋਅ ਦੇ ਪ੍ਰਮੋਟਰਾਂ ਦੇ ਕੁਝ ਵਿਅਕਤੀਆਂ ਵਲੋਂ ਕੌਰ ਬੀ, ਬਾਨੀ ਸੰਧੂ ਤੇ ਜੱਸੀ ਲੋਕਾਂ ਨਾਲ ਮਾੜਾ ਵਿਵਹਾਰ ਕੀਤਾ ਗਿਆ। ਇਸ ਗੱਲ ਦਾ ਕੌਰ ਬੀ ਨੇ ਵਿਰੋਧ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ। ਪ੍ਰਮੋਟਰਾਂ ਦੇ ਵਿਅਕਤੀਆਂ ਵਲੋਂ ਕੌਰ ਬੀ ਨਾਲ ਗਾਲੀ-ਗਲੋਚ ਵੀ ਕੀਤੀ ਗਈ, ਜਿਸ 'ਤੇ ਕੌਰ ਬੀ ਨੇ ਸਖਤ ਸ਼ਬਦਾਂ 'ਚ ਨਿੰਦਿਆ ਕੀਤੀ।
Image result for Kaur B
ਗੁਰਲੇਜ ਅਖਤਰ ਤੇ ਮੱਖਣ ਬਰਾੜ ਦਾ ਵਿਵਾਦ
ਅਗਸਤ ਮਹੀਨੇ ਗੁਰਲੇਜ ਅਖਤਰ ਤੇ ਮੱਖਣ ਬਰਾੜ ਦੀ ਕੈਨੇਡਾ ਸ਼ੋਅ ਤੋਂ ਇਕ ਵੀਡੀਓ ਕਾਫੀ ਵਾਇਰਲ ਹੋਈ। ਦੋਵਾਂ ਵਿਚਾਲੇ ਕੈਨੇਡਾ ਸ਼ੋਅ ਦੌਰਾਨ ਸਟੇਜ 'ਤੇ ਹੀ ਝਗੜਾ ਹੋ ਗਿਆ। ਜਿਸ ਦਾ ਕਾਰਨ ਗੁਰਲੇਜ ਅਖਤਰ ਵਲੋਂ ਮਿਰਜ਼ਾ ਗਾਉਣਾ ਸੀ। ਮੱਖਣ ਬਰਾੜ ਨੇ ਗੁਰਲੇਜ ਅਖਤਰ ਦੇ ਮਿਰਜ਼ਾ ਗਾਉਣ 'ਤੇ ਕੁਝ ਅਜਿਹਾ ਕਹਿ ਦਿੱਤਾ, ਜਿਸ 'ਤੇ ਗੁਰਲੇਜ ਅਖਤਰ ਭੜਕ ਗਈ। ਕੁਝ ਲੋਕਾਂ ਨੇ ਜਿਥੇ ਇਸ ਵਿਵਾਦ 'ਤੇ ਗੁਰਲੇਜ ਅਖਤਰ ਦੀ ਨਿੰਦਿਆ ਕੀਤੀ, ਉਥੇ ਕੁਝ ਨੇ ਮੱਖਣ ਬਰਾੜ ਨੂੰ ਵੀ ਗਲਤ ਦੱਸਿਆ।
Image result for Gurlez Akhtar and Makhan Brar
ਰੰਮੀ ਰੰਧਾਵਾ ਤੇ ਐਲੀ ਮਾਂਗਟ ਦੀ ਲੜਾਈ
ਇਸ ਸਾਲ ਪੰਜਾਬੀ ਗਾਇਕਾਂ ਲਈ ਸਤੰਬਰ ਦਾ ਮਹੀਨਾ ਸਭ ਤੋਂ ਗਰਮ ਰਿਹਾ। ਇਸ ਮਹੀਨੇ ਵਿਵਾਦਾਂ ਦੀ ਸ਼ੁਰੂਆਤ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਤੋਂ ਹੋਈ। ਦਰਅਸਲ ਰੰਮੀ ਰੰਧਾਵਾ ਨੇ ਆਪਣੇ ਇਕ ਸ਼ੋਅ ਦੌਰਾਨ ਐਲੀ ਮਾਂਗਟ ਨੂੰ ਮਾੜਾ ਬੋਲਿਆ, ਜਿਸ 'ਤੇ ਭੜਕੇ ਐਲੀ ਮਾਂਗਟ ਨੇ ਲਾਈਵ ਹੋ ਕੇ ਰੰਮੀ ਰੰਧਾਵਾ ਤੇ ਉਸ ਦੇ ਭਰਾ ਪ੍ਰਿੰਸ ਰੰਧਾਵਾ ਨੂੰ ਗਾਲ੍ਹਾਂ ਕੱਢੀਆਂ ਤੇ ਮਾਰਨ ਤਕ ਦੀ ਧਮਕੀ ਦੇ ਦਿੱਤੀ। ਦੋਵਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਇਹ ਲੜਾਈ ਖੂਬ ਭਖਦੀ ਰਹੀ ਤੇ ਰੰਮੀ ਰੰਧਾਵਾ ਨੇ ਐਲੀ ਮਾਂਗਟ ਨੂੰ ਇੰਨਾ ਕੁ ਉਕਸਾ ਦਿੱਤਾ ਕਿ ਐਲੀ ਮਾਂਗਟ ਨੂੰ ਗੁੱਸੇ 'ਚ ਨਿਊਜ਼ੀਲੈਂਡ ਤੋਂ ਇੰਡੀਆ ਆਉਣਾ ਪਿਆ, ਜਿਸ 'ਤੇ ਪੰਜਾਬ ਪੁਲਸ ਨੇ ਐਕਸ਼ਨ ਲਿਆ ਤੇ ਐਲੀ ਮਾਂਗਟ ਨੂੰ ਹਿਰਾਸਤ 'ਚ ਲੈ ਲਿਆ। ਇਹ ਵਿਵਾਦ ਇਥੇ ਹੀ ਖਤਮ ਨਹੀਂ ਹੋਇਆ। ਐਲੀ ਮਾਂਗਟ 'ਤੇ ਪੰਜਾਬ ਪੁਲਸ ਵਲੋਂ ਹਿਰਾਸਤ ਦੌਰਾਨ ਕੀਤੇ ਗਏ ਤਸ਼ੱਦਦ ਦੀ ਵੀ ਖੂਬ ਚਰਚਾ ਰਹੀ। ਹਾਲਾਂਕਿ ਇਸ ਤੋਂ ਬਾਅਦ ਵੀ ਐਲੀ ਮਾਂਗਟ ਆਪਣੇ ਦੋਸਤ ਦੀ ਜਨਮਦਿਨ ਪਾਰਟੀ 'ਚ ਹਵਾਈ ਫਾਇਰ ਕਰਨ ਨੂੰ ਲੈ ਕੇ ਚਰਚਾ 'ਚ ਰਹੇ ਤੇ ਇਕ ਹੋਰ ਪੁਲਸ ਕੇਸ 'ਚ ਫਸੇ ਰਹੇ।
Image result for rami randhawa and elly mangat
ਗੁਰਦਾਸ ਮਾਨ ਦਾ ਵਿਵਾਦਿਤ ਬਿਆਨ
ਪੰਜਾਬ ਦੇ ਦਿੱਗਜ ਗਾਇਕ ਗੁਰਦਾਸ ਮਾਨ ਵੀ ਇਸ ਸਾਲ ਕੰਟਰੋਵਰਸੀ 'ਚ ਘਿਰੇ ਰਹੇ। ਗੁਰਦਾਸ ਮਾਨ ਨੇ ਹਿੰਦੀ ਭਾਸ਼ਾ ਦੀ ਆਪਣੇ ਇਕ ਰੇਡੀਓ ਇੰਟਰਵਿਊ ਦੌਰਾਨ ਹਮਾਇਤ ਕੀਤੀ ਸੀ, ਜਿਸ ਦਾ ਨਤੀਜੇ ਉਨ੍ਹਾਂ ਨੂੰ ਕੈਨੇਡਾ 'ਚ ਆਪਣੇ ਇਕ ਸ਼ੋਅ ਦੌਰਾਨ ਭੁਗਤਣਾ ਪਿਆ। ਭਾਸ਼ਾ ਨੂੰ ਲੈ ਕੇ ਦਿੱਤੇ ਗਏ ਗੁਰਦਾਸ ਮਾਨ ਦਾ ਵਿਵਾਦ ਇੰਨਾ ਭਖ ਗਿਆ ਕਿ ਲੋਕਾਂ ਨੇ ਉਨ੍ਹਾਂ ਦੇ ਸ਼ੋਅਜ਼ 'ਚ ਜਾ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਰੋਧ ਦੌਰਾਨ ਗੁੱਸੇ 'ਚ ਆਏ ਗੁਰਦਾਸ ਮਾਨ ਨੇ ਸਟੇਜ 'ਤੇ ਅਪਸ਼ਬਦ ਵਰਤੇ ਤੇ ਮਸਲਾ ਹੋਰ ਭਖ ਗਿਆ। ਗੁਰਦਾਸ ਮਾਨ ਦਾ ਵਿਦੇਸ਼ਾਂ 'ਚ ਹੀ ਨਹੀਂ, ਸਗੋਂ ਪੰਜਾਬ 'ਚ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ। ਹਾਲਾਂਕਿ ਗੁਰਦਾਸ ਮਾਨ ਨੇ ਇਸ ਵਿਵਾਦ 'ਤੇ ਆਪਣੀ ਰਾਏ ਵੀ ਰੱਖੀ ਤੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ ਤੇ ਇਸ ਨੂੰ ਬਿਨਾਂ ਵਜ੍ਹਾ ਤੂਲ ਦਿੱਤੀ ਜਾ ਰਹੀ ਹੈ। ਕੈਨੇਡਾ ਤੋਂ ਸ਼ੁਰੂ ਹੋਇਆ ਵਿਵਾਦ ਗੁਰਦਾਸ ਮਾਨ ਦੇ ਪੰਜਾਬ ਆਉਣ 'ਤੇ ਵੀ ਖਤਮ ਨਹੀਂ ਹੋਇਆ।
Image result for Gurdas Maan
ਕੇ. ਐੱਸ. ਮੱਖਣ ਦਾ ਕਕਾਰ ਤਿਆਗਣ ਨੂੰ ਲੈ ਕੇ ਵਿਵਾਦ
ਜਿਥੇ ਗੁਰਦਾਸ ਮਾਨ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਰਹੇ, ਉਥੇ ਗਾਇਕ ਕੇ. ਐੱਸ. ਮੱਖਣ ਵਲੋਂ ਗੁਰਦਾਸ ਮਾਨ ਦੇ ਬਿਆਨ ਦੀ ਹਮਾਇਤ ਕਰਨੀ ਵੀ ਮਹਿੰਗੀ ਪੈ ਗਈ। ਕੇ. ਐੱਸ. ਮੱਖਣ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਗੁਰਦਾਸ ਮਾਨ ਦੀ ਰੱਜ ਕੇ ਸੁਪੋਰਟ ਕੀਤੀ। ਨਤੀਜਾ ਇਹ ਰਿਹਾ ਕਿ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਲੋਕਾਂ ਵਲੋਂ ਕੇ. ਐੱਸ. ਮੱਖਣ ਦਾ ਵੀ ਵਿਰੋਧ ਕੀਤਾ ਜਾਣ ਲੱਗਾ। ਵਿਰੋਧ ਦੇ ਚਲਦਿਆਂ ਕੇ. ਐੱਸ. ਮੱਖਣ ਨੇ ਲਾਈਵ ਹੋ ਕੇ ਆਪਣੇ ਕਕਾਰ ਤਿਆਗ ਦਿੱਤੇ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਸਿੱਖ ਹੋਣ ਦੇ ਚਲਦਿਆਂ ਉਹ ਲੋਕਾਂ ਕੋਲੋਂ ਗਾਲ੍ਹਾਂ ਨਹੀਂ ਸੁਣ ਸਕਦੇ। ਜਦੋਂ ਕੇ. ਐੱਸ. ਮੱਖਣ ਨੇ ਕਕਾਰ ਤਿਆਗੇ ਤਾਂ ਉਨ੍ਹਾਂ ਨੂੰ ਲੈ ਕੇ ਵਿਵਾਦ ਹੋਰ ਵੱਧ ਗਿਆ। ਕੇ. ਐੱਸ. ਮੱਖਣ ਨੂੰ ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਵਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ।
Image result for K. S. Makhan
ਸਿੱਧੂ ਮੂਸੇ ਵਾਲਾ ਦੇ ਗੀਤ ਨੂੰ ਲੈ ਕੇ ਵਿਵਾਦ
ਇਸ ਸਾਲ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਨੂੰ ਲੈ ਕੇ ਜਿਥੇ ਚਰਚਾ 'ਚ ਬਣੇ ਰਹੇ, ਉਥੇ ਇਕ ਗੀਤ 'ਜੱਟੀ ਜਿਊਣੇ ਮੌੜ ਵਰਗੀ' ਨੂੰ ਲੈ ਕੇ ਵਿਵਾਦਾਂ 'ਚ ਵੀ ਘਿਰੇ ਰਹੇ। ਅਸਲ 'ਚ ਸਿੱਧੂ ਦੇ ਇਸ ਗੀਤ 'ਚ ਮਾਈ ਭਾਗੋ ਜੀ ਦਾ ਜ਼ਿਕਰ ਸੀ, ਜਿਸ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਵਲੋਂ ਸਿੱਧੂ ਮੂਸੇ ਵਾਲਾ ਦਾ ਸਖਤ ਵਿਰੋਧ ਕੀਤਾ ਗਿਆ। ਵਿਰੋਧ ਦੇ ਚਲਦਿਆਂ ਸਿੱਧੂ ਮੂਸੇ ਵਾਲਾ ਨੂੰ ਕਾਫੀ ਕੁਝ ਭੁਗਤਣਾ ਪਿਆ। ਇਸ ਵਿਰੋਧ ਦੇ ਚਲਦਿਆਂ ਜਿਥੇ ਸਿੱਧੂ ਮੂਸੇ ਵਾਲਾ ਦਾ ਇਟਲੀ ਵਿਖੇ ਸ਼ੋਅ ਰੱਦ ਹੋਇਆ, ਉਥੇ ਦੂਜੇ ਪਾਸੇ ਪੰਜਾਬ 'ਚ ਸਿੱਧੂ ਦੇ ਘਰਦਿਆਂ ਨੂੰ ਵੀ ਸਿੱਖ ਜਥੇਬੰਦੀਆਂ ਕੋਲੋਂ ਮੁਆਫੀ ਮੰਗਣੀ ਪਈ। ਹਾਲਾਂਕਿ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਈ ਵਾਰ ਮੁਆਫੀ ਮੰਗੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਵੀ ਆਪਣਾ ਲਿਖਤੀ ਮੁਆਫੀਨਾਮਾ ਭੇਜਿਆ। ਜਿਸ ਗੀਤ ਨੂੰ ਲੈ ਕੇ ਵਿਵਾਦ ਹੋਇਆ ਸੀ, ਉਸ ਗੀਤ 'ਚੋਂ ਮਾਈ ਭਾਗੋ ਦੇ ਜ਼ਿਕਰ ਵਾਲੀ ਲਾਈਨ ਵੀ ਕੱਟ ਦਿੱਤੀ ਸੀ।
Image result for Sidhu Moose Wala
ਅਰਸ਼ ਬੈਨੀਪਾਲ ਦਾ ਮਾਡਲ ਨਾਲ ਵਿਵਾਦ
ਅਕਤੂਬਰ ਮਹੀਨੇ ਪੰਜਾਬੀ ਗਾਇਕ ਅਰਸ਼ ਬੈਨੀਪਾਲ ਮਾਡਲ ਬਿਸ਼ੰਬਰਦਾਸ ਨਾਲ ਵਿਵਾਦਾਂ 'ਚ ਘਿਰੇ ਰਹੇ। ਦਰਅਸਲ ਮਾਡਲ ਬਿਸ਼ੰਬਰਦਾਸ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ 'ਚ ਇਕ ਲੜਕੀ ਅਰਸ਼ ਬੈਨੀਪਾਲ 'ਤੇ ਪੈਸਿਆਂ ਦੇ ਲੈਣ-ਦੇਣ ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾ ਰਹੀ ਸੀ। ਬਿਸ਼ੰਬਰਦਾਸ ਵਲੋਂ ਉਕਤ ਲੜਕੀ ਦੀ ਸੁਪੋਰਟ ਕੀਤੀ ਗਈ ਤੇ ਅਰਸ਼ ਬੈਨੀਪਾਲ ਖਿਲਾਫ ਸੋਸ਼ਲ ਮੀਡੀਆ 'ਤੇ ਪ੍ਰਦਰਸ਼ਨ ਕੀਤਾ ਗਿਆ। ਬਿਸ਼ੰਬਰਦਾਸ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਅਰਸ਼ ਬੈਨੀਪਾਲ ਇਕੋ ਵਾਰ ਲਾਈਵ ਹੋਏ ਤੇ ਉਸ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਹੀ ਸ਼ੁਰੂ ਹੋਇਆ ਤੇ ਕੁਝ ਦਿਨਾਂ ਬਾਅਦ ਸੋਸ਼ਲ ਮੀਡੀਆ 'ਤੇ ਹੀ ਠੰਡਾ ਪੈ ਗਿਆ।
Image result for Aarsh Benipal

ਜੱਸ ਮਾਣਕ 'ਤੇ ਲੱਗੇ ਗੀਤ ਚੋਰੀ ਦੇ ਇਲਜ਼ਾਮ
ਛੋਟੀ ਉਮਰ 'ਚ ਗੀਤਕਾਰੀ ਤੇ ਗਾਇਕੀ 'ਚ ਆਇਆ ਜੱਸ ਮਾਣਕ ਵੀ ਇਸ ਸਾਲ ਵਿਵਾਦਾਂ 'ਚ ਘਿਰਿਆ ਰਿਹਾ। ਜੱਸ ਮਾਣਕ 'ਤੇ ਜਿਥੇ ਸਿੱਧੂ ਮੂਸੇ ਵਾਲਾ ਨੇ ਤਰਜ਼ਾਂ ਚੋਰੀ ਕਰਨ ਦੇ ਇਲਜ਼ਾਮ ਲਗਾਏ, ਉਥੇ ਹੀ ਗਾਇਕ ਮਨਿੰਦਰ ਬੁੱਟਰ ਵਲੋਂ ਜੱਸ ਮਾਣਕ 'ਤੇ 'ਲਹਿੰਗਾ' ਗੀਤ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ। ਸਿੱਧੂ ਮੂਸੇ ਵਾਲਾ ਵਲੋਂ ਆਪਣੇ ਸ਼ੋਅਜ਼ ਦੌਰਾਨ ਜਿਥੇ ਤਰਜ਼ਾਂ ਚੋਰੀ ਕਰਨ ਦੇ ਇਲਜ਼ਾਮ ਲਗਾਏ ਗਏ, ਉਥੇ ਮਨਿੰਦਰ ਬੁੱਟਰ ਨੇ ਆਪਣੇ ਲਾਈਵ ਸ਼ੋਅਜ਼, ਇੰਟਰਵਿਊਜ਼ ਤੇ ਇੰਸਟਾਗ੍ਰਾਮ ਲਾਈਵ ਦੌਰਾਨ ਵੀ ਖੂਬ ਭੜਾਸ ਕੱਢੀ। ਹਾਲਾਂਕਿ ਇਨ੍ਹਾਂ ਦੋਵਾਂ ਮਾਮਲਿਆਂ 'ਚ ਜੱਸ ਮਾਣਕ ਦਾ ਨਾਂ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ ਪਰ ਲੋਕਾਂ ਨੇ ਜੱਸ ਮਾਣਕ ਤੇ ਉਸ ਦੀ ਕੰਪਨੀ ਨੂੰ ਵਿਵਾਦਾਂ 'ਚ ਘੇਰੀ ਰੱਖਿਆ।
Image result for Jass Manak
ਪ੍ਰੀਤ ਹਰਪਾਲ ਦਾ ਸਿੱਧੂ ਮੂਸੇ ਵਾਲਾ ਨਾਲ ਵਿਵਾਦ
ਨਵੰਬਰ ਮਹੀਨੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਵੀ ਵਿਵਾਦਾਂ 'ਚ ਰਹੇ। ਸਾਡੇ ਨਾਲ ਕੀਤੇ ਆਪਣੇ ਇੰਟਰਵਿਊ ਦੌਰਾਨ ਪ੍ਰੀਤ ਹਰਪਾਲ ਅਸਿੱਧੇ ਤੌਰ 'ਤੇ ਸਿੱਧੂ ਮੂਸੇ ਵਾਲਾ ਬਾਰੇ ਬੋਲ ਗਏ। ਪ੍ਰੀਤ ਹਰਪਾਲ ਨੇ ਇੰਟਰਵਿਊ 'ਚ ਕਿਹਾ ਸੀ ਕਿ 20 ਸਾਲ ਦਾ ਜਵਾਕ ਲੈਜੰਡ ਕਿਵੇਂ ਹੋ ਸਕਦਾ ਹੈ। ਇਸ ਗੱਲ ਦਾ ਜਿਥੇ ਕੁਝ ਲੋਕਾਂ ਵਲੋਂ ਸਮਰਥਨ ਕੀਤਾ ਗਿਆ, ਉਥੇ ਕੁਝ ਲੋਕਾਂ ਵਲੋਂ ਨਿੰਦਿਆ ਵੀ ਕੀਤੀ ਗਈ। ਸੋਸ਼ਲ ਮੀਡੀਆ 'ਤੇ ਪ੍ਰੀਤ ਹਰਪਾਲ ਦੇ ਇਸ ਬਿਆਨ ਦੀ ਖੂਬ ਚਰਚਾ ਰਹੀ, ਜੋ ਹੌਲੀ-ਹੌਲੀ ਠੰਡੀ ਪੈ ਗਈ।
Image result for Preet Harpal
ਕਰਨ ਔਜਲਾ ਦਾ ਵਿਵਾਦ
ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਪੰਜਾਬ 'ਚ ਹੈ। ਹਾਲਾਂਕਿ ਪੰਜਾਬ ਆਉਂਦਿਆਂ ਹੀ ਕਰਨ ਔਜਲਾ ਨੇ ਆਪਣਾ ਨਾਂ ਵਿਵਾਦਾਂ 'ਚ ਦਰਜ ਕਰਵਾ ਲਿਆ। ਦਰਅਸਲ ਜਦੋਂ ਕਰਨ ਔਜਲਾ ਪੰਜਾਬ ਆਇਆ ਤਾਂ ਮੋਹਾਲੀ ਏਅਰਪੋਰਟ ਤੋਂ ਉਹ ਗੱਡੀਆਂ ਦੀ ਡਾਰ ਲੈ ਕੇ ਰਵਾਨਾ ਹੋਇਆ। ਇਹ ਡਾਰ ਕਰਨ ਔਜਲਾ ਨੂੰ ਮਹਿੰਗੀ ਪੈ ਗਈ। ਕਰਨ ਔਜਲਾ ਨੇ ਟ੍ਰੈਫਿਕ ਨਿਯਮਾਂ ਦੀ ਰੱਜ ਕੇ ਧੱਜੀਆਂ ਉਡਾਈਆਂ। ਇਸ 'ਤੇ ਟ੍ਰੈਫਿਕ ਪੁਲਸ ਵਲੋਂ ਕਰਨ ਔਜਲਾ ਦੇ 5 ਚਲਾਨ ਕੱਟੇ ਗਏ। ਇੰਨਾ ਹੀ ਨਹੀਂ, ਜਦੋਂ ਕਰਨ ਔਜਲਾ ਟ੍ਰੈਫਿਕ ਪੁਲਸ ਕੋਲ ਪੇਸ਼ ਹੋਣ ਆਇਆ ਤਾਂ ਉਸ ਨੇ ਇਥੋਂ ਤਕ ਕਹਿ ਦਿੱਤਾ ਕਿ ਚਲਾਨ ਹੀ ਹੋਇਆ ਹੈ, ਕੋਈ ਬੰਦਾ ਤਾਂ ਨਹੀਂ ਮਾਰ ਦਿੱਤਾ। ਇਸ ਤੋਂ ਬਾਅਦ ਕਰਨ ਔਜਲਾ ਹਾਲ ਹੀ 'ਚ ਆਪਣੇ ਸ਼ੋਅ ਨੂੰ ਲੈ ਕੇ ਫਿਰ ਵਿਵਾਦਾਂ 'ਚ ਘਿਰ ਗਏ। ਲਾਈਵ ਸ਼ੋਅ ਦੌਰਾਨ ਕਰਨ ਔਜਲਾ ਨੇ ਕਿਸੇ ਗਾਇਕ ਨੂੰ ਗਲਤ ਬੋਲ ਦਿੱਤਾ, ਜਿਸ ਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਛਿੜੀ ਰਹੀ।
Image result for Karan Aujla
ਸਿੱਪੀ ਗਿੱਲ ਦਾ ਵਿਵਾਦ
ਸਾਲ ਦਾ ਅਖੀਰਲਾ ਵਿਵਾਦ ਸਿੱਪੀ ਗਿੱਲ ਨੂੰ ਲੈ ਕੇ ਬਣਿਆ ਰਿਹਾ। ਸਿੱਪੀ ਗਿੱਲ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਉਹ ਕਿਸੇ ਗਾਇਕ ਖਿਲਾਫ ਭੜਕਦੇ ਨਜ਼ਰ ਆਏ। ਹਾਲਾਂਕਿ ਸਿੱਪੀ ਨੇ ਆਪਣੀ ਵੀਡੀਓ 'ਚ ਸਿੱਧੇ ਤੌਰ 'ਤੇ ਕਿਸੇ ਗਾਇਕ ਦਾ ਨਾਂ ਨਹੀਂ ਲਿਆ ਪਰ ਲੋਕਾਂ ਨੇ ਸਿੱਪੀ ਦੀ ਇਸ ਵੀਡੀਓ ਨੂੰ ਅਲੱਗ-ਅਲੱਗ ਨਜ਼ਰੀਏ ਤੋਂ ਦੇਖਣਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੇ ਸਿੱਪੀ ਦੀ ਹਮਾਇਤ ਕੀਤੀ ਤਾਂ ਕਈਆਂ ਨੇ ਸਿੱਪੀ ਦਾ ਵਿਰੋਧ ਵੀ ਕੀਤਾ। ਸਿੱਪੀ ਗਿੱਲ ਨਾ ਸਿਰਫ ਸੋਸ਼ਲ ਮੀਡੀਆ 'ਤੇ ਸਗੋਂ ਲਾਈਵ ਸ਼ੋਅ ਦੌਰਾਨ ਵੀ ਉਕਤ ਗਾਇਕ ਨੂੰ ਅਵਾ-ਤਵਾ ਬੋਲਦੇ ਨਜ਼ਰ ਆਏ। ਇਕ ਸਿੰਘ ਵਲੋਂ ਸਿੱਪੀ ਗਿੱਲ ਦੇ ਇਨ੍ਹਾਂ ਬਿਆਨਾਂ ਦੀ ਖੂਬ ਨਿੰਦਿਆ ਕੀਤੀ ਗਈ।
 Image result for Sippy Gill ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News