ਹਨੀ ਸਿੰਘ ਦੇ ਮਾਮਲੇ ਨੂੰ ਲੈ ਕੇ ਹੁਣ ਪੁਲਸ ਅਧਿਕਾਰੀ ਝਾੜ ਰਹੇ ਨੇ ਇਕ-ਦੂਜੇ ''ਤੇ ਪੱਲਾ

11/12/2019 11:00:23 AM

ਮੋਹਾਲੀ (ਰਾਣਾ) - ਪੰਜਾਬੀ ਗੀਤ 'ਮੱਖਣਾ' ਵਿਚ ਗਾਇਕ ਹਨੀ ਸਿੰਘ ਵਲੋਂ ਔਰਤਾਂ ਦੇ ਬਾਰੇ ਵਿਚ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਮਾਮਲੇ ਵਿਚ ਮਟੌਰ ਥਾਣਾ ਪੁਲਸ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ ਗੁਲਾਟੀ ਅਤੇ ਪੰਜਾਬ ਦੇ ਡੀ. ਜੀ. ਪੀ. ਦੇ ਪ੍ਰੈਸ਼ਰ ਤੋਂ ਬਾਅਦ ਹਨੀ ਸਿੰਘ ਅਤੇ ਟੀ-ਸੀਰੀਜ਼ ਦੇ ਮਾਲਕ ਖਿਲਾਫ ਕੇਸ ਤਾਂ ਦਰਜ ਕਰ ਲਿਆ ਪਰ 4 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਅਜੇ ਤਕ ਇਸ ਕੇਸ ਦੀ ਜਾਂਚ ਕਰ ਕੌਣ ਰਿਹਾ ਹੈ, ਇਸ ਦਾ ਥਾਣਾ ਪੁਲਸ ਤੋਂ ਲੈ ਕੇ ਅਫਸਰਾਂ ਤਕ ਨੂੰ ਵੀ ਨਹੀਂ ਪਤਾ ਹੈ। ਜਦੋਂਕਿ ਹੋਰ ਸਨੈਚਿੰਗ ਅਤੇ ਛੇੜਛਾੜ ਦੇ ਮਾਮਲੇ ਵਿਚ ਪੁਲਸ ਸ਼ਿਕਾਇਤ ਮਿਲਦੇ ਹੀ ਮੁਲਜ਼ਮ ਦੀ ਤਲਾਸ਼ ਵਿਚ ਛਾਪੇਮਾਰੀ ਸ਼ੁਰੂ ਕਰ ਦਿੰਦੀ ਹੈ ਪਰ ਲਗਦਾ ਹੈ ਕਿ ਇਸ ਕੇਸ ਨੂੰ ਪੁਲਸ ਨੇ ਠੰਡੇ ਬਸਤੇ ਵਿਚ ਪਾ ਦਿੱਤਾ ਹੈ।

ਕੀ ਸਿਰਫ ਕੇਸ ਦਰਜ ਕਰਨ ਤਕ ਸੀਮਤ ਸੀ ਪੁਲਸ?
ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਹਨੀ ਸਿੰਘ ਵਲੋਂ ਗਾਏ ਗਏ ਗੀਤ ਵਿਚ ਭੱਦੀ ਸ਼ਬਦਾਵਲੀ ਦੀ ਵਰਤੋਂ ਹੋਣ ਦੀ ਸ਼ਿਕਾਇਤ ਮਹਿਲਾ ਕਮਿਸ਼ਨ ਦੀ ਮਨੀਸ਼ ਗੁਲਾਟੀ ਦੇ ਕੋਲ ਪਹੁੰਚੀ ਸੀ, ਜਿਸ ਤੋਂ ਬਾਅਦ ਚੇਅਰਪਰਸਨ ਵਲੋਂ ਇਸ 'ਤੇ ਕਾਰਵਾਈ ਕਰਨ ਲਈ ਪੰਜਾਬ ਦੇ ਡੀ. ਜੀ. ਪੀ. ਨੂੰ ਪੱਤਰ ਲਿਖਿਆ ਗਿਆ। ਇਸ 'ਤੇ ਡੀ. ਜੀ. ਪੀ. ਵਲੋਂ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ। ਇਸ ਕੇਸ ਵਿਚ ਹਨੀ ਸਿੰਘ ਅਤੇ ਟੀ-ਸੀਰੀਜ਼ ਦੇ ਮਾਲਕ ਦੇ ਖਿਲਾਫ ਥਾਣਾ ਮਟੌਰ ਪੁਲਸ ਸਟੇਸ਼ਨ ਵਿਚ ਜੁਲਾਈ 2019 ਦੀ ਸ਼ੁਰੂਆਤ ਵਿਚ ਹੀ ਕੇਸ ਦਰਜ ਕਰ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਥਾਣਾ ਪੁਲਸ ਨੇ ਇਹ ਕਹਿੰਦੇ ਹੋਏ ਪੱਲਾ ਝਾੜ ਲਿਆ ਕਿ ਇਸ ਦੀ ਜਾਂਚ ਹੁਣ ਸਾਈਬਰ ਸੈੱਲ ਦੇ ਕੋਲ ਹੈ। ਸਾਈਬਰ ਸੈੱਲ ਦਾ ਜਵਾਬ ਸੀ ਕਿ ਹੁਣ ਉਨ੍ਹਾਂ ਕੋਲ ਇਸ ਕੇਸ ਦੀ ਜਾਂਚ ਨਹੀਂ ਹੈ। ਹਨੀ ਸਿੰਘ ਦੇ ਕੇਸ ਦਾ ਕੀ ਸਟੇਟਸ ਹੈ, ਇਸ ਦਾ ਜਵਾਬ ਦੇਣ ਤੋਂ ਬਚਦੇ ਹੋਏ ਸਾਰੇ ਪੁਲਸ ਅਧਿਕਾਰੀ ਆਪਣਾ ਪੱਲਾ ਝਾੜਦੇ ਹੋਏ ਨਜ਼ਰ ਆਏ।

ਹਾਲੇ ਇਹ ਜਵਾਬ ਵੀ ਬਾਕੀ
ਮੋਹਾਲੀ ਪੁਲਸ ਨੇ ਹਨੀ ਸਿੰਘ ਦੇ ਖਿਲਾਫ ਕੇਸ ਤਾਂ ਦਰਜ ਕਰ ਲਿਆ ਪਰ ਹੁਣ ਤੱਕ ਕੇਸ ਨਾਲ ਸਬੰਧਤ ਕਈ ਪਹਿਲੂ ਅਣਸੁਲਝੇ ਹਨ, ਜਿਵੇਂ ਕਿ ਜਿਸ ਗੀਤ 'ਤੇ ਬਵਾਲ ਚੱਲ ਰਿਹਾ ਹੈ, ਉਹ ਗੀਤ ਕਿਸ ਸਟੂਡੀਓ ਵਿਚ ਰਿਕਾਰਡ ਕੀਤਾ ਅਤੇ ਇਸ ਦੀ ਰਿਕਾਰਡਿੰਗ ਦੌਰਾਨ ਉੱਥੇ ਕਿੰਨੇ ਲੋਕ ਮੌਜੂਦ ਸਨ?

ਕਾਰਵਾਈ ਲਈ ਖੁਦ ਐੱਸ. ਐੱਸ. ਪੀ. ਵੀ ਬੋਲ ਚੁੱਕੇ ਹਨ
ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਪਹਿਲਾਂ ਹੀ ਪੰਜਾਬੀ ਗਾਇਕਾਂ ਨੂੰ ਬੁਲਾਇਆ ਸੀ, ਜਿਸ ਵਿਚ ਉਨ੍ਹਾਂ ਨੇ ਸਾਰਿਆਂ ਨੂੰ ਕਿਹਾ ਸੀ ਕਿ ਜੋ ਗਾਣੇ ਉਹ ਗਾਉਂਦੇ ਹਨ, ਉਨ੍ਹਾਂ ਵਿਚ ਹਥਿਆਰਾਂ ਦਾ ਜ਼ਿਕਰ ਅਤੇ ਅਸ਼ਲੀਲਤਾ ਨਾ ਹੋਵੇ। ਇਸ ਦਾ ਬਾਕਾਇਦਾ ਸਰਕਾਰੀ ਪ੍ਰੈੱਸ ਨੋਟ ਵੀ ਜਾਰੀ ਕੀਤਾ ਗਿਆ ਸੀ, ਜਿਸ ਵਿਚ ਸਪੱਸ਼ਟ ਕੀਤਾ ਗਿਆ ਸੀ ਕਿ ਜੇਕਰ ਕੋਈ ਪੰਜਾਬੀ ਗਾਇਕ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਹੁਣ ਵੀ ਯੂਟਿਊਬ 'ਤੇ ਚੱਲ ਰਿਹੈ ਗੀਤ
ਜਾਣਕਾਰੀ ਅਨੁਸਾਰ ਜਿਸ ਗਾਣੇ ਨੂੰ ਲੈ ਕੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਸ਼ਿਕਾਇਤ 'ਤੇ ਮੋਹਾਲੀ ਪੁਲਸ ਨੇ ਹਨੀ ਸਿੰਘ ਖਿਲਾਫ ਕੇਸ ਦਰਜ ਕੀਤਾ ਸੀ, ਉਹ ਗੀਤ ਹੁਣ ਵੀ ਯੂਟਿਊਬ 'ਤੇ ਚੱਲ ਰਿਹਾ ਹੈ। ਇਹ ਗੀਤ ਹਨੀ ਸਿੰਘ ਅਤੇ ਇਕ ਮਹਿਲਾ ਕਲਾਕਾਰ ਵਲੋਂ ਤਿਆਰ ਕੀਤਾ ਗਿਆ ਸੀ, ਇਹ ਗੀਤ ਪੂਰਾ ਹੋਣ ਤੋਂ ਬਾਅਦ ਹੀ ਇਸ ਨੂੰ ਯੂ-ਟਿਊਬ 'ਤੇ ਪਾ ਦਿੱਤਾ ਗਿਆ ਸੀ, ਜਿਸ ਨੂੰ ਕਾਫੀ ਮਾਤਰਾ ਵਿਚ ਲੋਕਾਂ ਵਲੋਂ ਲਾਈਕ ਵੀ ਮਿਲ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News