ਹਨੀ ਸਿੰਘ ਨੇ ਕੀਤਾ ਆਪਣੇ ਸਭ ਤੋਂ ਵਧੀਆ ਆਲੋਚਕ ਦਾ ਖੁਲਾਸਾ

4/8/2019 9:16:28 PM

ਮੁੰਬਈ (ਬਿਊਰੋ) : ਪੰਜਾਬੀ ਤੇ ਹਿੰਦੀ ਸੰਗੀਤ ਜਗਤ 'ਚ ਆਪਣੀ ਉਮਦਾ ਪਛਾਣ ਬਣਾਉਣ ਵਾਲੇ ਗਾਇਕ ਤੇ ਸੰਗੀਤਕਾਰ ਯੋ ਯੋ ਹਨੀ ਸਿੰਘ ਨੇ ਆਪਣੇ ਸਭ ਤੋਂ ਵੱਡੇ ਆਲੋਚਕ ਦਾ ਖੁਲਾਸਾ ਕੀਤਾ ਹੈ। ਹਨੀ ਸਿੰਘ ਅਨੁਸਾਰ ਉਸ ਦਾ ਪਰਿਵਾਰ ਹੀ ਉਸ ਦਾ ਸਭ ਤੋਂ ਵੱਡਾ ਆਲੋਚਕ ਹੈ ਕਿਉਂਕਿ ਹਨੀ ਸਿੰਘ ਨੂੰ ਆਪਣੇ ਪਰਿਵਾਰ ਤੋਂ ਵੱਡਾ ਸਹਾਰਾ ਮਿਲਿਆ ਹੈ। ਪਰਿਵਾਰ ਦੀ ਆਲੋਚਨਾ ਕਾਰਨ ਹੀ ਉਨ੍ਹਾਂ ਨੂੰ ਸੰਗੀਤ ਬਣਾਉਣ 'ਚ ਮਦਦ ਮਿਲਦੀ ਹੈ।

ਹਨੀ ਸਿੰਘ ਦਾ ਕਹਿਣਾ ਹੈ, 'ਸਾਲ 2014 ਦੌਰਾਨ ਜਦੋਂ ਮੈਂ ਬ੍ਰੇਕ ਲਿਆ ਤਾਂ ਮੈਂ ਸੰਗੀਤ ਤਿਆਰ ਨਹੀ ਸੀ ਕਰ ਪਾ ਰਿਹਾ ਪਰ ਮੇਰੇ ਪਰਿਵਾਰ ਨੇ ਮੇਰੀ ਕਾਫੀ ਮਦਦ ਕੀਤੀ ਤਾਂ ਹੀ ਮੈਂ 2017-18 'ਚ ਚੰਗੇ ਗੀਤ ਬਣਾਉਣ 'ਚ ਸਫਲ ਹੋਇਆ। ਮੇਰੇ ਪਿਤਾ ਬਹੁਤ ਚੰਗੀ ਤਰ੍ਹਾਂ ਭਵਿੱਖਬਾਣੀ ਕਰਦੇ ਹਨ। ਉਹ ਝੱਟ ਦੱਸ ਦਿੰਦੇ ਸਨ ਕਿ ਕਿਹੜਾ ਗੀਤ ਹਿੱਟ ਹੋਵੇਗਾ ਜਾਂ ਕਿਹੜਾ ਨਹੀਂ।'

ਹਨੀ ਸਿੰਘ ਦਾ ਇਹ ਵੀ ਕਹਿਣਾ ਹੈ, 'ਜਦੋਂ ਮੈਂ 'ਬਾਈਪੋਲਰ ਡਿਸਆਰਡਰ' ਬੀਮਾਰੀ ਨਾਲ ਜੂਝ ਰਿਹਾ ਸੀ ਤਾਂ ਉਦੋਂ ਉਨ੍ਹਾਂ ਦੇ ਮਾਤਾ ਜੀ ਨੇ ਉਨ੍ਹਾਂ ਦੇ ਗੀਤ 'ਧੀਰੇ ਧੀਰੇ' ਤਿਆਰ ਕਰਨ 'ਚ ਕਾਫੀ ਮਦਦ ਕੀਤੀ। ਆਪਣੀ ਪਤਨੀ ਬਾਰੇ ਗੱਲ ਕਰਦੇ ਹਨੀ ਸਿੰਘ ਦੱਸਦੇ ਹਨ, 'ਅਸੀਂ 17 ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਾਂ ਉਸ ਨੇ ਮੇਰੇ ਮਾੜੇ ਦੌਰ 'ਚ ਵੀ ਮੇਰੀ ਬਹੁਤ ਮਦਦ ਕੀਤੀ ਹੈ। ਇਕ ਚੰਗੀ ਪਤਨੀ ਹੋਣ ਦੇ ਨਾਲ-ਨਾਲ ਉਹ ਮੇਰੀ ਇਕ ਚੰਗੀ ਆਲੋਚਕ ਵੀ ਹੈ। ਉਹ ਹਮੇਸ਼ਾ ਮੇਰੇ ਗਾਣਿਆਂ ਦੀ ਤਾਰੀਫ ਨਹੀਂ ਕਰਦੀ।'

ਹਨੀ ਸਿੰਘ ਦਾ ਕਹਿਣਾ ਹੈ, 'ਮੈਨੂੰ ਖੁਸ਼ੀ ਹੈ ਕਿ ਮੇਰਾ ਪਰਿਵਾਰ ਮੇਰੀ ਹਰ ਸੰਭਵ ਮਦਦ ਕਰਦਾ ਹੈ ਤੇ ਚੰਗੇ-ਮਾੜੇ ਬਾਰੇ ਦੱਸਦਾ ਹੈ। ਬਾਕੀ ਲੋਕ ਤਾਂ ਸਿਰਫ ਰਾਹਗੀਰ ਹੀ ਹੁੰਦੇ ਹਨ।' ਹਨੀ ਸਿੰਘ ਨੇ ਆਪਣੇ ਗੀਤ 'ਮੱਖਣਾ' ਰਾਹੀਂ ਕਮਬੈਕ ਕੀਤਾ। ਉਹ ਅੱਜਕਲ ਆਪਣੇ ਨਵੇਂ ਗਾਣਿਆਂ ਦੀ ਤਿਆਰੀ 'ਚ ਰੁੱਝੇ ਹੋਏ ਹਨ। ਹਨੀ ਸਿੰਘ ਦੇ ਫੈਨਜ਼ ਨੂੰ ਉਨ੍ਹਾਂ ਦੇ ਨਵੇਂ ਗਾਣਿਆਂ ਦੀ ਉਡੀਕ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News