ਜਦੋਂ ਪਰਿਵਾਰ ’ਤੇ ਹੋਵੇ ਵਾਰ ਤਾਂ ਇਨਸਾਨ ਕਰੇ ਹਰ ਹੱਦ ਨੂੰ ਪਾਰ

2/25/2020 9:29:09 AM

ਹਰਿਦੁਆਰ(ਸ਼ੀਤਲ ਜੋਸ਼ੀ)- ਜ਼ੀ. ਟੀ. ਵੀ. ’ਤੇ 25 ਫਰਵਰੀ ਤੋਂ ਪ੍ਰਾਈਮ ਟਾਈਮ ’ਤੇ ਰਾਤ 10 ਵਜੇ ਨਵਾਂ ਸੀਰੀਅਲ ‘ਕੁਰਬਾਨ ਹੂਆ’ ਸ਼ੁਰੂ ਹੋਣ ਜਾ ਰਿਹਾ ਹੈ। ਇਹ ਕਹਾਣੀ ਹੈ ਦੋ ਲੋਕਾਂ ਦੀ, ਜੋ ਆਪਣੇ ਪਰਿਵਾਰ ਨਾਲ ਬੇਹੱਦ ਪਿਆਰ ਕਰਦੇ ਹਨ ਅਤੇ ਪਿਆਰ ਦੇ ਸਨਮਾਨ ਲਈ ਤਕਦੀਰ ਨਾਲ ਉਲਝ ਜਾਂਦੇ ਹਨ। ਸੀਰੀਅਲ ਦੀ ਕਹਾਣੀ ਦੇਵਪ੍ਰਯਾਗ ਦੀ ਪਵਿੱਤਰ ਧਰਤੀ ਤੋਂ ਅਾਰੰਭ ਹੁੰਦੀ ਹੈ। ਅਲਕਨੰਦਾ ਅਤੇ ਗੰਗਾ ਦੇ ਸੁਭਾਅ ਦੀ ਤਰ੍ਹਾਂ ਪ੍ਰੋਗਰਾਮ ਦੇ ਮੁੱਖ ਕਿਰਦਾਰਾਂ ਵਜੋਂ ਕਰਨ ਜੋਤਵਾਨੀ (ਨੀਲ) ਅਤੇ ਪ੍ਰਤਿਭਾ (ਚਾਹਤ) ਨਜ਼ਰ ਆਉਣਗੇ। ਦੋਵਾਂ ਦਾ ਪਰਿਵਾਰਕ ਪਿਛੋਕੜ ਅਤੇ ਸੰਸਕ੍ਰਿਤੀ ਵੱਖ ਹੋਣ ਦੇ ਬਾਵਜੂਦ ਉਨ੍ਹਾਂ ਦੀ ਜ਼ਿੰਦਗੀ ਵਿਚ ਕੁਝ ਅਜਿਹਾ ਵਾਪਰਦਾ ਹੈ ਜਿਸ ਕਾਰਣ ਉਨ੍ਹਾਂ ਨੂੰ ਆਪਸ ਵਿਚ ਪਿਆਰ ਨਾ ਹੁੰਦੇ ਹੋਏ ਵੀ ਵਿਆਹ ਦੇ ਬੰਧਨ ’ਚ ਬੱਝਣਾ ਪੈਂਦਾ ਹੈ।

ਫੁੱਲ ਹਾਉੂਸ ਮੀਡੀਆ ਦੀ ਪ੍ਰੋਡਿਊਸਰ ਸੋਨਾਲੀ ਜ਼ਾਫਰ ਨੇ ਦੱਸਿਆ ਕਿ ਭਾਰਤ ’ਚ ਲੋਕਾਂ ਲਈ ਪਰਿਵਾਰ ਸਭ ਤੋਂ ਅਹਿਮ ਹੁੰਦਾ ਹੈ। ਕਹਾਣੀ ਦੇ ਕਿਰਦਾਰ ਨੀਲ ਅਤੇ ਚਾਹਤ ਦੋਵੇਂ ਵੱਖ-ਵੱਖ ਪਰਿਵਾਰਾਂ ਅਤੇ ਧਰਮ ਤੋਂ ਹਨ ਪਰ ਪਰਿਵਾਰ ਲਈ ਬੇਹੱਦ ਰੱਖਿਆਤਮਕ ਹਨ। ਕਹਾਣੀ ਦੇ ਹੋਰ ਕਿਰਦਾਰਾਂ ’ਚ ਆਯਾਮ ਮਹਿਤਾ, ਸੰਜੇ ਗੁਰਬਕਸ਼ਾਨੀ, ਸੋਨਾਲੀ ਨਿਕਮ, ਨਿਤਿਨ ਭਸੀਨ, ਨਿਸ਼ਾਦ ਵੈਦ, ਨੀਲਮ ਪਠਾਨੀਆ ਅਤੇ ਹੋਰ ਕਲਾਕਾਰ ਵੀ ਹਨ। ਕਰਨ ਜੋਤਵਾਨੀ (ਨੀਲ) ਦਾ ਕਿਰਦਾਰ ਹਿੰਦੂ ਰੂੜ੍ਹੀਵਾਦੀ ਪਰਿਵਾਰ ਤੋਂ ਹੈ, ਜੋ ਪੇਸ਼ੇ ਤੋਂ ਇਕ ਸਫਲ ਸ਼ੈੱਫ ਹੈ। ਆਪਣੀ ਭੂਮਿਕਾ ਬਾਰੇ ਦੱਸਦੇ ਹੋਏ ਕਿਹਾ ਕਿ ਕਹਾਣੀ ਦੇ ਕਿਰਦਾਰਾਂ ਦੀ ਜ਼ਿੰਦਗੀ ਵਿਚ ਵੀ ਦੇਵਪ੍ਰਯਾਗ ਦੀ ਗੰਗਾ ਦੇ ਸੰਗਮ ਦੀ ਉਥਲ-ਪੁਥਲ ਬਣੀ ਰਹਿੰਦੀ ਹੈ। ਨੀਲ ਆਪਣੀ ਭੈਣ ਨਾਲ ਬੇਹੱਦ ਪਿਆਰ ਕਰਦਾ ਹੈ, ਉਸ ਦੀ ਮੌਤ ਦਾ ਜ਼ਿੰਮੇਵਾਰ ਉਹ ਚਾਹਤ ਦੇ ਪਿਤਾ ਨੂੰ ਮੰਨਦਾ ਹੈ। ਭੈਣ ਦੀ ਮੌਤ ਦਾ ਬਦਲਾ ਲੈਣ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ।

ਉਥੇ ਦੂਜੇ ਪਾਸੇ ਪ੍ਰਤਿਭਾ (ਚਾਹਤ) ਆਪਣੇ ਅੱਬੂ ਨੂੰ ਨਿਰਦੋਸ਼ ਸਾਬਤ ਕਰਨ ਲਈ ਨੀਲ ਦੇ ਗ਼ੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੀ ਹੈ। ਉਸ ਨੂੰ ਭਰੋਸਾ ਹੈ ਕਿ ਨੀਲ ਦੀ ਭੈਣ ਦੀ ਮੌਤ ’ਚ ਉਸ ਦੇ ਅੱਬੂ ਦਾ ਕੋਈ ਹੱਥ ਨਹੀਂ ਹੈ। ਜ਼ੀ. ਟੀ. ਵੀ. ਦੀ ਬਿਜ਼ਨੈੱਸ ਹੈੱਡ ਅਪਰਣਾ ਭੌਂਸਲੇ ਨੇ ਕਿਹਾ ਕਿ ਜਦੋਂ ਪਰਿਵਾਰ ਦੇ ਹਿੱਤਾਂ ਦੀ ਰੱਖਿਆ ਲਈ ਕਹਾਣੀ ਦੇ ਕਿਰਦਾਰ ਸਾਰੀਆਂ ਹੱਦਾਂ ਪਾਰ ਕਰਨ ਨੂੰ ਤਿਆਰ ਹੋਣ ਤਾਂ ਇਹ ਵੇਖਣਾ ਰੋਚਕ ਹੋਵੇਗਾ ਕਿ ਇਨ੍ਹਾਂ ਦੋਵਾਂ ਵਲੋਂ ਆਪਣੇ ਪਰਿਵਾਰ ਪ੍ਰਤੀ ਪਿਆਰ ਅਤੇ ਸਨਮਾਨ ਨੂੰ ਬਣਾਈ ਰੱਖਣ ਲਈ ਕਹਾਣੀ ਕੀ ਮੋੜ ਲੈਂਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News