ਸ਼ੂਗਰ, ਹਾਈਪਰਟੈਂਸ਼ਨ ਤੋਂ ਬਚਾਅ ਲਈ ਬਣਾਇਆ ਮੋਬਾਇਲ ਐਪ

6/14/2019 10:50:13 AM

ਨਵੀਂ ਦਿੱਲੀ (ਏਜੰਸੀਆਂ) : ਵਿਸ਼ਵ ਸਿਹਤ ਸੰਗਠਨ ਹੁਣ ਆਯੁਰਵੇਦ ਨੂੰ ਨਵਾਂ ਰੂਪ ਦੇਣ ਜਾ ਰਿਹਾ ਹੈ। ਡਬਲਯੂ. ਐੱਚ. ਓ. ਨੇ ਮੋਬਾਇਲ ਐਪ ਰਾਹੀਂ ਨਾ ਸਿਰਫ ਭਾਰਤ ਸਗੋਂ ਦੁਨੀਆ ਭਰ 'ਚ ਯੋਗ ਦੇ ਨਾਲ-ਨਾਲ ਸ਼ੂਗਰ ਅਤੇ ਹਾਈਪਰਟੈਂਸ਼ਨ ਵਰਗੀ ਆਧੁਨਿਕ ਜੀਵਨਸ਼ੈਲੀ ਨਾਲ ਜੁੜੇ ਰੋਗਾਂ ਬਾਰੇ ਜਾਣਕਾਰੀ ਦੇਣ ਦਾ ਫੈਸਲਾ ਲਿਆ ਹੈ। ਇਸ ਮੋਬਾਇਲ ਐਪ ਨੂੰ ਆਗਾਮੀ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਲਾਂਚ ਕੀਤਾ ਜਾ ਸਕਦਾ ਹੈ। ਦੇਸ਼ ਭਰ 'ਚ ਖੁੱਲ੍ਹ ਰਹੇ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਨੂੰ ਵੀ ਐਪ ਨਾਲ ਜੋੜਿਆ ਜਾਵੇਗਾ ਤਾਂ ਕਿ ਆਯੁਸ਼ ਮੰਤਰਾਲਾ ਦੇ ਸਾਢੇ 12 ਹਜ਼ਾਰ ਹੈਲਥ ਐਂਡ ਵੈੱਲਨੈੱਸ ਸੈਂਟਰ ਤੱਕ ਲੋਕਾਂ ਦੀ ਪਹੁੰਚ ਹੋ ਸਕੇ। ਐਪ 'ਚ ਹਰ ਕਿਸਮ ਦੇ ਯੋਗ ਆਸਣ ਤੋਂ ਇਲਾਵਾ ਸ਼ੂਗਰ ਨਾਲ ਜੁੜੇ ਭਾਰਤੀ ਵਿਗਿਆਨੀਆਂ ਦੀ ਖੋਜ ਬੀ. ਜੀ. ਆਰ.-34 ਸਮੇਤ ਆਯੁਰਵੇਦ ਦਵਾਈਆਂ ਦੀ ਜਾਣਕਾਰੀ ਮਿਲੇਗੀ।


ਸੀ. ਐੱਸ. ਆਈ. ਆਰ. ਦੇ ਵਿਗਿਆਨੀਆਂ ਨੇ ਹਿਮਾਚਲ ਦੀਆਂ 500 ਦਵਾਈਆਂ 'ਤੇ ਖੋਜ ਤੋਂ ਬਾਅਦ ਇਸ ਦਵਾਈ ਨੂੰ ਤਿਆਰ ਕੀਤਾ ਸੀ। ਇਸ ਤੋਂ ਇਲਾਵਾ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਇਸ ਬਾਰੇ ਲੋਕਾਂ ਨੂੰ ਪਤਾ ਲੱਗ ਸਕੇਗਾ। ਕੇਂਦਰ ਸਰਕਾਰ ਦੇ ਨਵੀਂ ਦਿੱਲੀ ਸਥਿਤ ਮੋਰਾਰਜੀ ਦੇਸਾਈ ਯੋਗ ਇੰਸਟੀਚਿਊਟ ਦੇ ਡਾਇਰੈਕਟਰ ਅਤੇ ਆਯੋਜਨ ਕਮੇਟੀ ਨਾਲ ਜੁੜੇ ਡਾ. ਬੀ. ਐੱਸ. ਰੈੱਡੀ ਨੇ ਦੱਸਿਆ ਕਿ ਡਬਲਯੂ. ਐੱਚ. ਓ. ਨੇ ਪਹਿਲੀ ਵਾਰ ਆਯੂਸ਼ ਮੰਤਰਾਲਾ ਨਾਲ ਆਯੁਰਵੇਦ ਨੂੰ ਲੈ ਕੇ ਕਰਾਰ ਕੀਤਾ ਹੈ। ਉਨ੍ਹਾਂ ਦੇ ਸੰਸਥਾਨ ਨਾਲ ਵੀ ਡਬਲਯੂ. ਐੱਚ. ਓ. ਦਾ ਕਰਾਰ ਹੋਇਆ ਹੈ। ਮੋਬਾਇਲ ਐਪ ਰਾਹੀਂ ਯੋਗ ਦੇ ਸਾਰੇ ਆਸਣਾਂ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ।


ਡਾ. ਰੈੱਡੀ ਮੁਤਾਬਕ ਪੀ. ਐੱਮ. ਮੋਦੀ ਦੀ ਪਹਿਲ ਤੋਂ ਬਾਅਦ ਆਯੂਸ਼ ਮੰਤਰਾਲਾ ਨੂੰ ਐਨੀਮੇਟਿਡ ਯੋਗ ਵੀਡੀਓ ਦਾ ਕਾਫੀ ਚੰਗਾ ਨਤੀਜਾ ਦੇਖਣ ਨੂੰ ਮਿਲਿਆ ਹੈ। ਇਸ ਲਈ ਸਾਰੇ ਯੋਗ ਆਸਣਾਂ ਨੂੰ ਐਨੀਮੇਟਿਡ ਵੀਡੀਓ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਆਯੂਸ਼ ਮੰਤਰਾਲਾ ਮੁਤਾਬਕ 21 ਜੂਨ ਨੂੰ ਰਾਂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 30 ਹਜ਼ਾਰ ਲੋਕ ਯੋਗਾ ਕਰ ਸਕਦੇ ਹਨ। ਆਯੂਸ਼ ਮੰਤਰੀ ਸ਼੍ਰੀਪਦ ਨਾਇਕ ਨੇ ਹਾਲ ਹੀ 'ਚ ਕਿਹਾ ਸੀ ਕਿ ਸਾਰੇ ਹੈਲਥ ਐਂਡ ਵੈੱਲਨੈੱਸ ਸੈਂਟਰ 'ਚ ਆਯੂਸ਼ ਡਾਕਟਰ ਦੀ ਤਾਇਨਾਤੀ ਕਰਨ ਦੀ ਤਿਆਰੀ ਹੈ। 2016 'ਚ ਰਾਜਸਥਾਨ ਦੇ ਭੀਲਵਾੜਾ, ਗੁਜਰਾਤ ਦੇ ਸੁਰਿੰਦਰ ਨਗਰ ਅਤੇ ਬਿਹਾਰ ਦੇ ਗਯਾ 'ਚ ਇਸ ਦਾ ਪ੍ਰਾਜੈਕਟ ਵੀ ਚੱਲਿਆ ਸੀ। ਇਨ੍ਹਾਂ ਜ਼ਿਲਿਆਂ 'ਚ ਡਾਇਬਟੀਜ਼ ਰੋਧੀ ਬੀ. ਜੀ. ਆਰ-34 ਵਰਗੀਆਂ ਦਵਾਈਆਂ ਦੇ ਨਾਲ ਰੋਗੀਆਂ ਦਾ ਇਲਾਜ ਕੀਤਾ ਗਿਆ ਸੀ, ਜਿਸ ਦੀ ਸਫਲਤਾ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News