ਪੁਲਸ ਨੇ ਦਿਲਪ੍ਰੀਤ ਸਿੰਘ ਢਾਹਾਂ ਦੀ ਆਈ. ਡੀ. ਤੋਂ ਪਰਮੀਸ਼ ਵਰਮਾ ਨਾਲ ਸਬੰਧਤ ਪੋਸਟਾਂ ਹਟਵਾਈਆਂ

5/24/2018 5:09:13 PM

ਮੋਹਾਲੀ (ਕੁਲਦੀਪ)— ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਸਵਾ ਮਹੀਨਾ ਪਹਿਲਾਂ ਹੋਏ ਜਾਨਲੇਵਾ ਹਮਲੇ ਉਪਰੰਤ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁੱਕ ਆਈ. ਡੀ. 'ਤੇ ਦਿਲਪ੍ਰੀਤ ਵਲੋਂ ਉਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ। ਬਾਕਾਇਦਾ ਤੌਰ 'ਤੇ ਦਿਲਪ੍ਰੀਤ ਦੇ ਹੱਥ ਵਿਚ ਪਿਸਤੌਲ ਤੇ ਦੂਜੇ ਪਾਸੇ ਪਰਮੀਸ਼ ਵਰਮਾ ਦੀ ਫੋਟੋ ਲਾਈ ਗਈ ਸੀ। ਪਰਮੀਸ਼ ਦੀ ਫੋਟੋ 'ਤੇ ਲਾਲ ਰੰਗ ਨਾਲ ਕਰਾਸ ਮਾਰਿਆ ਗਿਆ ਸੀ।

ਕੀ ਸੀ ਮਾਮਲਾ
ਦੱਸਣਯੋਗ ਹੈ ਕਿ ਬੀਤੀ 14 ਅਪ੍ਰੈਲ ਦੀ ਰਾਤ ਸਾਢੇ 12 ਵਜੇ ਗਾਇਕ ਪਰਮੀਸ਼ ਵਰਮਾ 'ਤੇ ਅਣਪਛਾਤੇ ਲੋਕਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਸੀ, ਜਦੋਂ ਉਹ ਮੋਹਾਲੀ ਆਪਣੇ ਘਰ ਕਾਰ ਵਿਚ ਵਾਪਸ ਆ ਰਿਹਾ ਸੀ। ਇਸ ਹਮਲੇ ਵਿਚ ਪਰਮੀਸ਼ ਤੇ ਉਸ ਦਾ ਦੋਸਤ ਕੁਲਵੰਤ ਸਿੰਘ ਚਾਹਲ ਵੀ ਜ਼ਖ਼ਮੀ ਹੋ ਗਿਆ ਸੀ। ਪੁਲਸ ਵਲੋਂ ਕੁਲਵੰਤ ਸਿੰਘ ਨਿਵਾਸੀ ਪਿੰਡ ਡਡਹੇੜਾ ਜ਼ਿਲਾ ਪਟਿਆਲਾ ਦੇ ਬਿਆਨਾਂ 'ਤੇ ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ। ਉਸ ਹਮਲੇ ਦੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁੱਕ 'ਤੇ ਫੋਟੋ ਅਪਲੋਡ ਕਰਕੇ ਜ਼ਿੰਮੇਵਾਰੀ ਲਈ ਗਈ ਸੀ।
PunjabKesari

ਸਾਈਬਰ ਕ੍ਰਾਈਮ ਦੀ ਟੀਮ ਨੇ ਫੇਸਬੁੱਕ 'ਤੇ ਰੱਖੀ ਸੀ ਨਜ਼ਰ
ਫੇਸਬੁੱਕ 'ਤੇ ਅਪਲੋਡ ਕੀਤੀ ਗਈ ਉਸ ਫੋਟੋ 'ਤੇ ਬਹੁਤ ਸਾਰੇ ਲੜਕੇ-ਲੜਕੀਆਂ ਆਪਣੇ-ਆਪਣੇ ਢੰਗ ਨਾਲ ਕੁਮੈਂਟਸ ਦੇ ਰਹੇ ਸਨ। ਉਸ ਤੋਂ ਬਾਅਦ ਪੁਲਸ ਨੇ ਫੇਸਬੁੱਕ 'ਤੇ ਸਖਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਤੇ ਬਾਕਾਇਦਾ ਫੇਸਬੁੱਕ ਦੀ ਜਾਂਚ ਲਈ ਸਾਈਬਰ ਕ੍ਰਾਈਮ ਦੇ ਅਧਿਕਾਰੀਆਂ ਦੀ ਇਕ ਟੀਮ ਗਠਿਤ ਕੀਤੀ ਗਈ। ਟੀਮ ਨੇ ਦੋ-ਤਿੰਨ ਦਿਨਾਂ ਵਿਚ ਹੀ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਸੁਲਤਾਨ ਵਾਲਾ ਦੇ ਵਸਨੀਕ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਨੇ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਵਿਚ ਦੱਸਿਆ ਸੀ ਕਿ ਉਹ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁੱਕ ਪ੍ਰੋਫਾਈਲ ਅਪਡੇਟ ਕਰਦਾ ਸੀ । ਪੁਲਸ ਨੇ ਕੁਲਦੀਪ ਦੇ ਕਬਜ਼ੇ ਵਿਚੋਂ ਮੋਬਾਇਲ ਫੋਨ ਤੇ ਲੈਪਟਾਪ ਵੀ ਬਰਾਮਦ ਕੀਤੇ ਸਨ ਤੇ ਉਸ ਖਿਲਾਫ ਪੁਲਸ ਸਟੇਸ਼ਨ ਫੇਜ਼-1 ਮੋਹਾਲੀ ਵਿਚ ਕੇਸ ਦਰਜ ਕਰ ਲਿਆ ਸੀ। ਮੋਹਾਲੀ ਅਦਾਲਤ ਨੇ ਮੁਲਜ਼ਮ ਕੁਲਦੀਪ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਸੀ।

ਪੁਲਸ ਨੇ ਦਿਲਪ੍ਰੀਤ ਦੀ ਫੇਸਬੁੱਕ ਆਈ. ਡੀ. ਕੀਤੀ ਬਲਾਕ
ਪੁਲਸ ਨੇ ਫੇਸਬੁੱਕ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁੱਕ ਆਈ. ਡੀ. ਤੋਂ ਉਹ ਸਾਰੀਆਂ ਪੋਸਟਾਂ ਹਟਾ ਦਿੱਤੀਆਂ ਹਨ, ਜੋ ਕਿ ਪਰਮੀਸ਼ ਵਰਮਾ ਨਾਲ ਸਬੰਧਤ ਸਨ। ਇਹ ਵੀ ਪਤਾ ਲੱਗਾ ਹੈ ਕਿ 15,354 ਫਾਲੋਅਰਸ ਤੇ 4857 ਫਰੈਂਡਸ ਵਾਲੀ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁੱਕ ਆਈ. ਡੀ. ਨੂੰ ਪੁਲਸ ਵਲੋਂ ਬਲਾਕ ਵੀ ਕਰ ਦਿੱਤਾ ਗਿਆ ਹੈ ਤਾਂ ਕਿ ਕੋਈ ਵੀ ਵਿਅਕਤੀ ਉਸ ਆਈ. ਡੀ. 'ਤੇ ਪੋਸਟ ਅਪਲੋਡ ਨਾ ਕਰ ਸਕੇ। ਇਸ ਸਮੇਂ 24 ਦਸੰਬਰ 2017 ਤੋਂ ਬਾਅਦ ਉਸ ਆਈ. ਡੀ. 'ਤੇ ਕੋਈ ਵੀ ਨਵੀਂ ਪੋਸਟ ਵਿਖਾਈ ਨਹੀਂ ਦੇ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News