''ਹਿੰਦੀ ਭਾਸ਼ਾ'' ''ਤੇ ਕਮਲ ਹਾਸਨ ਦਾ ਵਿਵਾਦਿਤ ਬਿਆਨ

10/3/2019 3:15:05 PM

ਮੁੰਬਈ (ਬਿਊਰੋ) — ਫਿਲਮਾਂ ਤੋਂ ਰਾਜਨੀਤੀ 'ਚ ਆਉਣ ਵਾਲੇ ਕਮਲ ਹਾਸਨ ਨੇ ਮੰਗਲਵਾਰ ਨੂੰ ਤਮਿਲ ਤੇ ਸੰਸਕ੍ਰਿਤ ਵਰਗੀਆਂ ਪੁਰਾਣੀਆਂ ਭਾਸ਼ਾਵਾਂ ਦੀ ਤੁਲਨਾ 'ਚ ਹਿੰਦੀ ਭਾਸ਼ਾ ਨੂੰ 'ਡਾਇਪਰ 'ਚ ਛੋਟਾ ਬੱਚਾ' ਕਿਹਾ। ਚੇਨਈ ਦੇ ਲੋਇਲਾ ਕਾਲਜ 'ਚ ਮੰਗਲਵਾਰ ਨੂੰ ਕਮਲ ਹਾਸਨ ਤੋਂ ਭਾਸ਼ਾਵਾਂ 'ਤੇ ਚੱਲ ਰਹੀ ਰਾਜਨੀਤੀ 'ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ, ''ਭਾਸ਼ਾਵਾਂ ਦੇ ਪਰਿਵਾਰ 'ਚ, ਸਭ ਤੋਂ ਛੋਟੀ ਭਾਸ਼ਾ ਹਿੰਦੀ ਹੈ। ਇਹ ਡਾਇਪਰ 'ਚ ਇਕ ਛੋਟਾ ਬੱਚਾ ਹੈ। ਸਾਨੂੰ ਇਸ ਦਾ ਧਿਆਨ ਰੱਖਣਾ ਹੋਵੇਗਾ। ਹਿੰਦੀ-ਤਮਿਲ, ਸੰਸਕ੍ਰਿਤ ਤੇ ਤੇਲੁਗੂ ਦੀ ਤੁਲਨਾ 'ਚ, ਇਹ ਹਾਲੇ ਵੀ ਸਭ ਤੋਂ ਛੋਟੀ ਭਾਸ਼ਾ ਹੈ।'' ਉਨ੍ਹਾਂ ਨੇ ਕਿਹਾ, ''ਹਿੰਦੀ ਇਕ ਭਾਸ਼ਾ ਹੈ ਪਰ ਇਸ ਨੂੰ ਥੋਪਿਆ ਨਹੀਂ ਜਾਣਾ ਚਾਹੀਦਾ। ਮੈਂ ਹਿੰਦੀ ਦਾ ਅਪਮਾਨ ਨਹੀਂ ਕਰਦਾ ਪਰ ਇਸ ਨੂੰ ਜ਼ਬਰਦਸਤੀ ਸਾਡੇ ਗਲੇ ਨਾ ਪਾਓ।''

ਦੱਸਣਯੋਗ ਹੈ ਕਿ ਇਕ ਭਾਸ਼ਾ 'ਤੇ ਰਾਜਨੀਤੀ ਦਾ ਖੇਡ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਇਕ ਬਿਆਨ ਤੋਂ ਸ਼ੁਰੂ ਹੋਇਆ, ਜਿਸ 'ਚ ਉਹ ਆਖਦੇ ਹਨ 'ਇਕ ਦੇਸ਼, ਇਕ ਭਾਸ਼ਾ'। ਇਸ ਤੋਂ ਪਹਿਲਾਂ ਵੀ ਕਮਲ ਹਾਸਨ ਨੇ ਸ਼ਾਹ ਦੇ ਇਸ ਬਿਆਨ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕੋਈ ਸ਼ਾਹ, ਸੁਲਤਾਨ ਜਾਂ ਸਮਰਾਟ ਹਿੰਦੀ ਭਾਸ਼ਾ ਨੂੰ ਸਾਡੇ 'ਤੇ ਥੋਪ ਨਹੀਂ ਸਕਦੇ।

ਰਜਨੀਕਾਂਤ ਨੇ ਵੀ ਕੀਤਾ ਵਿਰੋਧ
ਮਸ਼ਹੂਰ ਅਭਿਨੇਤਾ ਰਜਨੀਕਾਂਤ ਨੇ ਵੀ ਹਿੰਦੀ ਭਾਸ਼ਾ ਨੂੰ ਇਕ ਭਾਸ਼ਾ ਤੇ ਰਾਸ਼ਟਰ ਭਾਸ਼ਾ ਬਣਾਉਣ ਵਾਲੇ ਅਮਿਤ ਸ਼ਾਹ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੋਈ ਵੀ ਦੱਖਣੀ ਰਾਜ ਹਿੰਦੀ ਭਾਸ਼ਾ ਨੂੰ ਨਹੀਂ ਅਪਨਾਏਗਾ। ਉਨ੍ਹਾਂ ਨੇ ਕਿਹਾ ਕਿ ਹਿੰਦੀ ਹੋਵੇ ਜਾਂ ਕੋਈ ਹੋਰ ਭਾਸ਼ਾ, ਉਸ ਨੂੰ ਜ਼ਬਰਨ ਨਹੀਂ ਛੋਪਿਆ ਜਾਣਾ ਚਾਹੀਦਾ।

ਹਿੰਦੀ ਦਿਵਸ 'ਤੇ ਅਮਿਤ ਸ਼ਾਹ
ਅਮਿਤ ਸ਼ਾਹ ਨੇ ਹਾਲ 'ਚ ਹਿੰਦੀ ਦਿਵਸ ਦੇ ਮੌਕੇ 'ਤੇ ਕਿਹਾ ਸੀ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਸਰਦਾਰ ਵਲੱਭ ਭਾਈ ਪਟੇਲ ਦੇ ਸੁਪਨਿਆਂ 'ਇਕ ਦੇਸ਼ ਇਕ ਭਾਸ਼ਾ' ਨੂੰ ਸਾਕਾਰ ਕਰਨ ਲਈ ਹਿੰਦੀ ਦਾ ਇਸਤੇਮਾਲ ਵਧਾਉਣਾ ਹੋਵੇਗਾ। ਉਨ੍ਹਾਂ ਨੇ ਹਿੰਦੀ ਦਿਵਸ 'ਤੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਸਾਨੂੰ ਆਪਣੀ-ਆਪਣੀ ਮਾਂ ਬੋਲੀ ਦੇ ਪ੍ਰਯੋਗ ਨੂੰ ਵਧਾਉਣਾ ਚਾਹੀਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News