ਸਤਵਿੰਦਰ ਬਿੱਟੀ ਦੀ ਇਤਰਾਜ਼ਯੋਗ ਵੀਡੀਓ ਅਪਲੋਡ ਕਰਨ ਵਾਲਾ ਕਾਂਗਰਸੀ ਆਗੂ ਗ੍ਰਿਫਤਾਰ

5/6/2017 1:51:24 PM

ਸਾਹਨੇਵਾਲ— ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਅਤੇ ਹਲਕਾ ਸਾਹਨੇਵਾਲ ਤੋਂ ਵਿਧਾਨ ਸਭਾ ਦੀ ਚੋਣ ਲੜਨ ਵਾਲੀ ਬੀਬੀ ਸਤਵਿੰਦਰ ਕੌਰ ਬਿੱਟੀ ਦੀ ਚੋਣਾਂ ਮੌਕੇ ਇਕ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ''ਤੇ ਅਪਲੋਡ ਕਰਨ ਦੇ ਦੋਸ਼ਾਂ ਤਹਿਤ ਪੁਲਸ ਨੇ ਇਕ ਲੋਕਲ ਕਾਂਗਰਸੀ ਆਗੂ ਨੂੰ ਨਾਮਜ਼ਦ ਕੀਤਾ ਹੈ, ਜਿਸ ਨੂੰ ਗ੍ਰਿਫਤਾਰ ਕਰ ਕੇ ਪੁਲਸ ਵੱਲੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਥਾਣਾ ਕੂੰਮਕਲਾਂ ਦੀ ਪੁਲਸ ਨੇ ਸਤਵਿੰਦਰ ਕੌਰ ਬਿੱਟੀ ਪਤਨੀ ਕੁਲਰਾਜ ਸਿੰਘ ਵਾਸੀ ਕੂੰਮ ਖੁਰਦ ਦੀ ਸ਼ਿਕਾਇਤ ''ਤੇ ਜ਼ਿਲਾ ਪੱਧਰ ਦੇ ਕਾਂਗਰਸੀ ਆਗੂ ਅਤੇ ਪ੍ਰਾਪਰਟੀ ਡੀਲਰ ਮੋਹਣ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਚੰਡੀਗੜ੍ਹ ਰੋਡ ਦੇ ਖਿਲਾਫ ਵੂਮੈਨ ਪ੍ਰੀਵੈਂਸ਼ਨ ਐਕਟ ਅਤੇ ਆਈ. ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਆਪਣੇ ਮੋਬਾਇਲ ਫੋਨ ਤੋਂ ਇਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ''ਤੇ ਫੈਲਾਉਣ ''ਤੇ ਨਾਮਜ਼ਦ ਕੀਤਾ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਕਤ ਵਿਅਕਤੀ ਵੱਲੋਂ ਕੀਤੀ ਗਈ ਇਸ ਹਰਕਤ ਨਾਲ ਉਨ੍ਹਾਂ ਦੇ ਅਕਸ ਨੂੰ ਠੇਸ ਪੁੱਜੀ ਹੈ। ਪੀੜਤਾ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ ਇਹ ਹਰਕਤ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤੀ ਹੈ। ਮਾਮਲੇ ਸਬੰਧੀ ਏ. ਡੀ. ਸੀ. ਪੀ.-4 ਸੰਦੀਪ ਸ਼ਰਮਾ ਨੇ ਕਿਹਾ ਕਿ ਪੁਲਸ ਨੇ ਨਾਮਜ਼ਦ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਅਪਲੋਡ ਕੀਤੀ ਗਈ ਵੀਡਿਓ ਦੀ ਵੀ ਸਾਈਬਰ ਸੈੱਲ ਤੋਂ ਜਾਂਚ ਕਰਵਾਈ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News