ਸੂਫੀ ਗਾਇਕ ਤੇ ਭਾਜਪਾ ਸਾਂਸਦ ਹੰਸ ਰਾਜ ਹੰਸ ਦੀ ਮਾਤਾ ਦਾ ਦਿਹਾਂਤ

12/4/2019 11:24:12 AM

ਜਲੰਧਰ (ਬਿਊਰੋ) — ਪ੍ਰਸਿੱਧ ਸੂਫੀ ਗਾਇਕ ਤੇ ਭਾਜਪਾ ਸਾਂਸਦ ਹੰਸ ਰਾਜ ਹੰਸ ਦੇ ਮਾਤਾ ਅਜੀਤ ਕੌਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮਾਤਾ ਦੇ ਦਿਹਾਂਤ 'ਤੇ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੇ ਦੁੱਖ ਪ੍ਰਗਟਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਦਿਹਾਂਤ ਰਾਤ 2.30 ਵਜੇ ਦੇ ਕਰੀਬ ਹੋਇਆ। ਹਾਲਾਂਕਿ ਉਹ ਬੀਮਾਰ ਨਹੀਂ ਸਨ ਪਰ ਮੌਤ ਕੀ ਕਾਰਨ ਹੈ ਇਸ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਹੰਸ ਰਾਜ ਹੰਸ ਨੇ ਆਪਣੀ ਮਾਤਾ ਅਜੀਤ ਕੌਰ ਦੇ ਦਿਹਾਂਤ ਦੀ ਦੁੱਖ ਭਰੀ ਗੱਲ ਦੀ ਪੁਸ਼ਟੀ ਆਪਣੇ ਟਵੀਟ ਰਾਹੀਂ ਕੀਤੀ। ਕਿਹਾ ਜਾ ਰਿਹਾ ਹੈ ਕਿ ਅਜੀਤ ਕੌਰ ਜੀ ਦਾ ਅੰਤਿਮ ਸੰਸਕਾਰ ਪਰਸੋ ਕੀਤਾ ਜਾ ਸਕਦਾ ਹੈ। ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਹੰਸ ਰਾਜ ਹੰਸ ਦੇ ਭੈਣ ਤੇ ਭਰਾ ਵਿਦੇਸ਼ 'ਚ ਰਹਿੰਦੇ ਹਨ, ਜਿਨ੍ਹਾਂ ਨੂੰ ਆਉਣ 'ਚ ਥੋੜ੍ਹਾ ਸਮਾਂ ਲੱਗ ਸਕਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੰਸ ਰਾਜ ਹੰਸ ਦੇ ਵੱਡੇ ਪੁੱਤਰ ਨਵਰਾਜ ਹੰਸ ਦਾ ਜਨਮਦਿਨ ਵੀ ਹੈ ਪਰ ਉਨ੍ਹਾਂ ਦੀ ਦਾਦੀ ਦੇ ਦਿਹਾਂਤ ਤੋਂ ਬਾਅਦ ਖੁਸ਼ੀਆਂ ਭਰਿਆ ਦਿਨ ਦੁੱਖਾਂ 'ਚ ਬਦਲ ਗਿਆ।


ਦੱਸਣਯੋਗ ਹੈ ਕਿ ਹੰਸ ਰਾਜ ਹੰਸ ਨੇ ਗਾਇਕੀ ਨੂੰ ਇਕ ਨਵੀਂ ਪਛਾਣ ਦਿੱਤੀ ਹੈ। ਉਨ੍ਹਾਂ ਦਾ ਪਿਛੋਕੜ ਗਾਇਕੀ ਦਾ ਨਹੀਂ ਸੀ ਪਰ ਨਿੱਕੀ ਉਮਰੇ ਉਨ੍ਹਾਂ ਦੀ ਗਲੀ 'ਚ ਸਿਤਾਰਾ ਸਿੰਘ ਨਾਂ ਦਾ ਵਿਅਕਤੀ ਗਾਉਣ ਲਈ ਆਉਂਦਾ ਸੀ, ਜੋ ਧਾਰਮਿਕ ਗੀਤ ਗਾਉਂਦਾ ਸੀ। ਹੰਸ ਰਾਜ ਹੰਸ ਉਨ੍ਹਾਂ ਨੂੰ ਰੋਜ਼ਾਨਾ ਸੁਣਦੇ ਸਨ। ਇਸ ਤੋਂ ਹੀ ਉਨ੍ਹਾਂ ਨੂੰ ਗਾਇਕ ਬਣਨ ਦੀ ਪ੍ਰੇਰਣਾ ਮਿਲੀ ਸੀ। ਉਨ੍ਹਾਂ ਨੇ ਫਿਲਮ 'ਕੱਚੇ ਧਾਗੇ' 'ਚ ਵੀ ਕੰਮ ਕੀਤਾ। ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਰਾਜ ਗਾਇਕ ਹੋਣ ਦਾ ਮਾਣ ਵੀ ਹਾਸਲ ਹੋਇਆ ਹੈ। ਉਨ੍ਹਾਂ ਦੀ ਲੋਕਪ੍ਰਿਯਤਾ 'ਨੀ ਵਣਜਾਰਨ ਕੁੜੀਏ' ਗੀਤ ਨਾਲ ਹੋਈ। ਇਹ ਗੀਤ ਉਨ੍ਹਾਂ ਦੇ ਕਰੀਅਰ 'ਚ ਮੀਲ ਦਾ ਪੱਥਰ ਸਾਬਤ ਹੋਇਆ। ਉਨ੍ਹਾਂ ਨੇ ਪੰਜਾਬੀ ਲੋਕ ਗੀਤਾਂ ਤੇ ਸੂਫੀ ਸੰਗੀਤ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News