''ਜੇ ਕਾਰਵਾਈ ਨਹੀਂ ਕਰਨੀ ਤਾਂ ਸਿੱਧੂ ਮੂਸੇ ਵਾਲਾ ਨੂੰ ਡੀ. ਜੀ. ਪੀ. ਲਾ ਦਿਓ''

6/9/2020 8:31:50 PM

ਲੁਧਿਆਣਾ (ਬਿਊਰੋ)— ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਖ਼ਿਲਾਫ਼ ਪੁਲਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਵਿਰੋਧ ਪ੍ਰਗਟਾਉਂਦਿਆਂ ਪੰਜਾਬ ਦੇ ਸਮਾਜਿਕ ਕਾਰਕੁੰਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਨੂੰ ਇੰਨਾ ਹੀ ਇੱਜ਼ਤ-ਮਾਣ ਦੇਣਾ ਹੈ ਤਾਂ ਉਸ ਨੂੰ ਡੀ. ਜੀ. ਪੀ. ਬਣਾ ਕੇ ਪੰਜਾਬ ਪੁਲਸ ਦਾ ਮੁਖੀ ਥਾਪ ਦੇਣਾ ਚਾਹੀਦਾ ਹੈ। ਐਡਵੋਕੇਟ ਹਾਕਮ ਸਿੰਘ, ਆਰ. ਟੀ. ਆਈ. ਐਕਟੀਵਿਸਟ ਕੁਲਦੀਪ ਸਿੰਘ ਖਹਿਰਾ, ਪਰਵਿੰਦਰ ਸਿੰਘ ਕਿੱਤਣਾ ਤੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਵਲੋਂ ਭੇਜੇ ਗਏ ਪੱਤਰ 'ਚ ਪੰਜਾਬ ਪੁਲਸ ਦੀ ਮੂਸੇ ਵਾਲਾ 'ਤੇ ਮਿਹਰਬਾਨੀ ਤੇ ਮਿਲੀਭੁਗਤ ਦੀਆਂ ਕਈ ਉਦਾਹਰਣਾਂ ਦਿੱਤੀਆਂ ਗਈਆਂ ਹਨ।

ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਸਰਕਾਰ 'ਤੇ ਵਿਅੰਗ ਕੱਸਦਿਆਂ ਲਿਖਿਆ ਗਿਆ ਹੈ, 'ਆਪ ਜੀ ਤੇ ਆਪ ਜੀ ਦੀ ਸਰਕਾਰ ਵਲੋਂ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਤੇ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਕੰਮ ਕੀਤੇ ਜਾ ਰਹੇ ਹਨ, ਉਸ ਦੇ ਮੁਤਾਬਕ ਆਪ ਜੀ ਨੂੰ ਯੋਗ ਸੁਝਾਅ ਦੇਣਾ ਸਾਡਾ ਵੀ ਫ਼ਰਜ਼ ਬਣਦਾ ਹੈ। ਸਿੱਧੂ ਮੂਸੇ ਵਾਲਾ ਬਾਰੇ ਆਪ ਜਾਣਦੇ ਹੋਵੋਗੇ। ਜੇ ਆਪ ਨਹੀਂ ਜਾਣਦੇ ਤਾਂ ਤੁਹਾਡੀ ਪੁਲਸ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ। ਪੰਜਾਬ 'ਚ ਕੋਰੋਨਾ ਲਈ ਇਕ ਖ਼ਾਸ ਵਰਗ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦਾ ਗੀਤ ਗਾਉਣ ਕਰਕੇ ਸਿੱਧੂ ਮੂਸੇ ਵਾਲਾ ਦੇ ਨਾਲ-ਨਾਲ ਪੁਲਸ ਅਧਿਕਾਰੀਆਂ ਦੀ ਵੀ ਖੂਬ ਚਰਚਾ ਹੋਈ ਸੀ। ਇਸ ਗੀਤ ਦੇ ਸ਼ੁਰੂ 'ਚ ਸਿੱਧੂ ਮੂਸੇ ਵਾਲਾ ਨੇ ਪੰਜਾਬ ਪੁਲਸ ਦੇ ਲੋਗੋ ਦੀ ਵਰਤੋਂ ਵੀ ਕੀਤੀ ਸੀ। ਪੰਜਾਬ ਪੁਲਸ ਦੇ ਡੀ. ਜੀ. ਪੀ. ਸਾਹਿਬ ਨੇ ਉਸ ਦਾ ਗਾਇਆ ਗੀਤ ਸੋਸ਼ਲ ਮੀਡੀਆ 'ਤੇ ਆਪ ਸ਼ੇਅਰ ਕੀਤਾ ਸੀ। ਅਸੀਂ ਵੀ ਸਿੱਧੂ ਮੂਸੇ ਵਾਲਾ ਨੂੰ ਪਹਿਲਾਂ ਨਹੀਂ ਸੀ ਜਾਣਦੇ। ਅਸੀਂ ਤਾਂ ਪੰਜਾਬ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਉਸ ਵਲੋਂ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਜਾਣ ਕਰਕੇ ਉਸ ਖ਼ਿਲਾਫ਼ ਸ਼ਿਕਾਇਤਾਂ ਕਰਦੇ ਸੀ। ਸਾਨੂੰ ਸਮਝਦਾਰ ਲੋਕਾਂ ਨੇ ਬਹੁਤ ਸਮਝਾਇਆ ਕਿ ਸਿੱਧੂ ਮੂਸੇ ਵਾਲੇ ਦੀਆਂ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰ ਲਓ, ਪੁਲਸ ਨੇ ਉਸ ਖਿਲਾਫ ਕਾਰਵਾਈ ਨਹੀਂ ਕਰਨੀ ਪਰ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਸਾਡਾ ਕਾਨੂੰਨ 'ਚ ਵਿਸ਼ਵਾਸ ਸੀ ਕਿਉਂਕਿ ਅਸੀਂ ਤਾਂ ਸੁਣਿਆ ਸੀ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਹਨ। ਇਹ ਤਾਂ ਸਾਨੂੰ ਹੁਣ ਪਤਾ ਲੱਗਾ ਹੈ ਕਿ ਸਿੱਧੂ ਮੂਸੇਵਾਲਾ ਦਾ ਕੱਦ ਜ਼ਿਆਦਾ ਉੱਚਾ ਹੈ ਤੇ ਪੰਜਾਬ ਪੁਲਸ ਦੇ ਅਫਸਰਾਂ ਦਾ ਬਹੁਤ ਛੋਟਾ, ਜਿਨ੍ਹਾਂ ਦੇ ਮੋਢੇ ਚੜ੍ਹ ਕੇ ਵੀ ਕਾਨੂੰਨ ਦੇ ਹੱਥ ਸਿੱਧੂ ਮੂਸੇ ਵਾਲਾ ਤੱਕ ਨਹੀਂ ਪਹੁੰਚਦੇ। ਸਿੱਧੂ ਮੂਸੇ ਵਾਲਾ ਦੀ ਇੰਨੀ ਇੱਜ਼ਤ ਜ ਉਸ ਦਾ ਇੰਨਾ ਡਰ ਕਿ ਪੰਜਾਬ ਪੁਲਸ ਹਾਈ ਕੋਰਟ ਦੀਆਂ ਹਿਦਾਇਤਾਂ ਦੀ ਵੀ ਪ੍ਰਵਾਹ ਨਹੀਂ ਕਰਦੀ।'

ਪੱਤਰ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਡਵੋਕੇਟ ਐੱਚ. ਸੀ. ਅਰੋੜਾ ਦੀ ਸ਼ਿਕਾਇਤ 'ਤੇ ਸਿੱਧੂ ਮੂਸੇ ਵਾਲਾ ਖ਼ਿਲਾਫ਼ ਮਾਨਸਾ ਜ਼ਿਲਾ 'ਚ ਪਰਚਾ ਦਰਜ ਹੋਣ, ਜ਼ਿਲਾ ਬਰਨਾਲਾ ਤੇ ਸੰਗਰੂਰ 'ਚ ਉਸ ਖ਼ਿਲਾਫ਼ ਫਾਇਰਿੰਗ ਕਰਨ ਦੇ ਮੁਕੱਦਮੇ ਦਰਜ ਹੋਣ, ਐਡਵੋਕੇਟ ਰਵੀ ਜੋਸ਼ੀ ਦੀ ਜਨਹਿੱਤ ਪਟੀਸ਼ਨ ਦੇ ਜਵਾਬ 'ਚ ਆਰਮਜ਼ ਐਕਟ ਲਗਾਉਣ ਤੇ ਪਟਿਆਲਾ ਦੇ ਨਾਭਾ ਥਾਣੇ ਦੀ ਪੁਲਸ ਵਲੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਥਾਂ ਸਿਰਫ਼ ਚਾਲਾਨ ਕੱਟ ਕੇ ਛੱਡਣ ਦੀਆਂ ਘਟਨਾਵਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ।

ਪੱਤਰ ਦੇ ਅੰਤ 'ਚ ਲਿਖਿਆ ਗਿਆ ਹੈ, 'ਸਾਰੇ ਵਰਤਾਰੇ ਤੋਂ ਇਕ ਗੱਲ ਚੰਗੀ ਤਰ੍ਹਾਂ ਸਾਬਿਤ ਹੋ ਰਹੀ ਹੈ ਕਿ ਸੰਗਰੂਰ, ਬਰਨਾਲਾ ਤੇ ਪਟਿਆਲਾ ਜਿਲਿਆਂ ਦੀ ਪੁਲਸ ਕਾਨੂੰਨ ਮੁਤਾਬਿਕ ਕੰਮ ਨਾ ਕਰਕੇ ਗਾਇਕ ਸਿੱਧੂ ਮੂਸੇ ਵਾਲਾ ਮੁਤਾਬਕ ਚੱਲ ਰਹੀ ਹੈ। ਇਹ ਸ਼ਖਸ ਹੀ ਪੰਜਾਬ ਪੁਲਸ ਦੇ ਕਈ ਜ਼ਿਲਿਆਂ ਦੀ ਪੁਲਸ ਨੂੰ ਆਪਣੀ ਇੱਛਾ ਅਨੁਸਾਰ ਚਲਾ ਰਿਹਾ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਸਿੱਧੂ ਮੂਸੇ ਵਾਲਾ ਨੂੰ ਪੰਜਾਬ ਸਰਕਾਰ ਵਲੋਂ ਇੰਨਾ ਹੀ ਕਾਬਿਲ ਤੇ ਸਨਮਾਨਯੋਗ ਸਮਝਿਆ ਜਾ ਰਿਹਾ ਹੈ ਤਾਂ ਚੰਗਾ ਹੋਵੇਗਾ ਕਿ ਇਸ ਨੂੰ ਡੀ. ਜੀ. ਪੀ. (ਡਾਇਰੈਕਟਰ ਜਨਰਲ ਆਫ਼ ਪੁਲਸ) ਬਣਾ ਕੇ ਪੂਰੀ ਪੰਜਾਬ ਪੁਲਸ ਦਾ ਮੁਖੀ ਲਗਾ ਦਿੱਤਾ ਜਾਵੇ ਤਾਂ ਜੋ ਪੰਜਾਬ ਪੁਲਸ ਦੇ ਅਧਿਕਾਰੀ ਕਾਨੂੰਨੀ ਤੌਰ 'ਤੇ ਉਸ ਨੂੰ ਇੱਜ਼ਤ-ਮਾਣ ਦੇ ਸਕਣ ਤੇ ਉਸ ਦੀ ਇੱਛਾ ਮੁਤਾਬਕ ਕੰਮ ਕਰ ਸਕਣ।'

ਇਥੇ ਦੱਸਣਯੋਗ ਹੈ ਕਿ ਇਨ੍ਹਾਂ ਸਮਾਜਿਕ ਕਾਰਕੁੰਨਾਂ ਨੇ ਸਿੱਧੂ ਮੂਸੇ ਵਾਲਾ ਖ਼ਿਲਾਫ਼ ਦਰਜ ਕੇਸਾਂ 'ਚ ਸ਼ਿਕਾਇਤਕਰਤਾ ਬਣਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਵੀ ਲਗਾਈ ਹੋਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Content Editor Rahul Singh

Related News