ਬੇਸਬਰੀ ਨਾਲ ਉਡੀਕਿਆ ਜਾ ਰਿਹੈ ''ਮੰਜੇ ਬਿਸਤਰੇ 2'' ਦਾ ਟਰੇਲਰ

Tuesday, March 12, 2019 9:45 AM
ਬੇਸਬਰੀ ਨਾਲ ਉਡੀਕਿਆ ਜਾ ਰਿਹੈ ''ਮੰਜੇ ਬਿਸਤਰੇ 2'' ਦਾ ਟਰੇਲਰ

ਜਲੰਧਰ (ਰਾਹੁਲ ਸਿੰਘ) — ਆਮ ਤੌਰ 'ਤੇ ਕਿਸੇ ਫਿਲਮ ਦੀ ਪ੍ਰਮੋਸ਼ਨ ਉਸ ਦੇ ਟੀਜ਼ਰ ਤੇ ਫਿਲਮ ਟਰੇਲਰ ਤੋਂ ਸ਼ੁਰੂ ਹੁੰਦੀ ਹੈ। ਟੀਜ਼ਰ ਤੇ ਟਰੇਲਰ ਨੂੰ ਮਿਲ ਰਹੇ ਪਿਆਰ ਤੋਂ ਬਾਅਦ ਫਿਲਮ ਦੇ ਗੀਤ ਰਿਲੀਜ਼ ਕੀਤੇ ਜਾਂਦੇ ਹਨ ਪਰ ਗਿੱਪੀ ਗਰੇਵਾਲ ਆਪਣੀ ਆਗਾਮੀ ਫਿਲਮ 'ਮੰਜੇ ਬਿਸਤਰੇ 2' ਲਈ ਕੁਝ ਵੱਖਰਾ ਕਰ ਰਹੇ ਹਨ। ਜੀ ਹਾਂ, ਗਿੱਪੀ ਗਰੇਵਾਲ ਨੇ ਫਿਲਮ 'ਮੰਜੇ ਬਿਸਤਰੇ 2' ਦੇ ਟੀਜ਼ਰ ਤੋਂ ਬਾਅਦ ਇਸ ਦੇ 2 ਗੀਤ ਰਿਲੀਜ਼ ਕੀਤੇ ਹਨ। ਇਨ੍ਹਾਂ 'ਚੋਂ ਇਕ ਗੀਤ ਫਿਲਮ ਦਾ ਟਾਈਟਲ ਟਰੈਕ ਹੈ, ਜਿਸ ਨੂੰ ਨਛੱਤਰ ਗਿੱਲ ਨੇ ਆਵਾਜ਼ ਦਿੱਤੀ ਹੈ, ਜਦਕਿ ਦੂਜੇ ਗੀਤ 'ਕਰੰਟ' ਨੂੰ ਗਿੱਪੀ ਗਰੇਵਾਲ ਤੇ ਸੁਦੇਸ਼ ਕੁਮਾਰੀ ਵਲੋਂ ਗਾਇਆ ਗਿਆ ਹੈ। ਬੇਸ਼ੱਕ ਫਿਲਮ ਦੇ ਟੀਜ਼ਰ ਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪਰ ਦਰਸ਼ਕ ਫਿਲਮ ਦੇ ਟਰੇਲਰ ਦੀ ਵੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਦਰਸ਼ਕਾਂ ਦੀ ਇਹ ਉਡੀਕ ਗਿੱਪੀ ਬਹੁਤ ਜਲਦ ਖਤਮ ਕਰਨ ਜਾ ਰਹੇ ਹਨ ਕਿਉਂਕਿ ਫਿਲਮ ਦੇ ਟਰੇਲਰ ਨੂੰ ਰਿਲੀਜ਼ ਕਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

ਫਿਲਮ ਦੀ ਗੱਲ ਕਰੀਏ ਤਾਂ 'ਮੰਜੇ ਬਿਸਤਰੇ 2' ਦੁਨੀਆ ਭਰ 'ਚ 12 ਅਪ੍ਰੈਲ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਿੱਪੀ ਗਰੇਵਾਲ, ਸਿਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ ਤੇ ਹੌਬੀ ਧਾਲੀਵਾਲ ਸਮੇਤ ਕਈ ਉੱਘੇ ਕਲਾਕਾਰ ਨਜ਼ਰ ਆਉਣਗੇ। ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਲਿਖਣ ਦੇ ਨਾਲ-ਨਾਲ ਇਸ ਨੂੰ ਪ੍ਰੋਡਿਊਸ ਵੀ ਗਿੱਪੀ ਗਰੇਵਾਲ ਨੇ ਕੀਤਾ ਹੈ। ਫਿਲਮ ਦੇ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ। ਹੁਣ ਦਰਸ਼ਕ ਫਿਲਮ ਦੇ ਟੀਜ਼ਰ ਤੇ ਗੀਤਾਂ ਦਾ ਆਨੰਦ ਮਾਣਨ ਤੋਂ ਬਾਅਦ ਇਸ ਦੇ ਟਰੇਲਰ ਨੂੰ ਕਿੰਨਾ ਪਿਆਰ ਦਿੰਦੇ ਹਨ, ਇਹ ਤਾਂ ਟਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।


Edited By

Sunita

Sunita is news editor at Jagbani

Read More