ਜਦੋਂ ਗਿੱਪੀ ਗਰੇਵਾਲ ਨੂੰ ਡਾਇਰੈਕਟਰ ਦੀਆਂ ਸੁਣਨੀਆਂ ਪਈਆਂ ਖਰੀਆਂ-ਖਰੀਆਂ

3/26/2019 4:06:45 PM

ਜਲੰਧਰ (ਬਿਊਰੋ) : ਕੋਈ ਮਿਊਜ਼ਿਕ ਵੀਡੀਓ ਹੋਵੇ ਜਾਂ ਫਿਰ ਫਿਲਮ ਗਿੱਪੀ ਗਰੇਵਾਲ ਹਮੇਸ਼ਾ ਹਰ ਕੰਮ ਪੂਰੀ ਤਨਦੇਹੀ ਤੇ ਜਾਨੂੰਨ ਨਾਲ ਕਰਦਾ ਹੈ। ਇਸ ਦਾ ਹੀ ਨਤੀਜਾ ਹੈ ਕਿ ਦਰਸ਼ਕ ਉਸ ਦੇ ਹਰ ਪ੍ਰੋਜੈਕਟ ਨੂੰ ਮਣਾਂ ਮੂੰਹੀ ਪਿਆਰ ਵੀ ਦਿੰਦੇ ਹਨ। ਇਨੀਂ ਦਿਨ੍ਹੀਂ ਆਪਣੀ ਫਿਲਮ 'ਮੰਜੇ ਬਿਸਤਰੇ 2' ਨੂੰ ਲੈ ਕੇ ਚਰਚਾ 'ਚ ਗਿੱਪੀ ਗਰੇਵਾਲ ਹਰ ਵਾਰ ਕੁਝ ਵੱਖਰਾ ਕਰਨ ਦੀ ਤਾਂਘ 'ਚ ਰਹਿੰਦਾ ਹੈ। ਇਸ ਗੱਲ ਦਾ ਸਬੂਤ ਉਸ ਦੀ ਇਹ ਫਿਲਮ 'ਮੰਜੇ ਬਿਸਤਰੇ 2' ਬਣੇਗੀ। ਇਸ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਉਸ ਨੂੰ ਆਪਣੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਦੀਆਂ ਖਰੀਆਂ ਖਰੀਆਂ ਵੀ ਸੁਣਨੀਆਂ ਪਈਆਂ ਪਰ ਗਿੱਪੀ ਗਰੇਵਾਲ ਦੀ ਜ਼ਿੱਦ ਅਤੇ ਜਜ਼ਬੇ ਅੱਗੇ ਨਿਰਦੇਸ਼ਕ ਸਮੇਤ ਫਿਲਮ ਦੀ ਸੁਮੱਚੀ ਟੀਮ ਨੂੰ ਗੋਡੇ ਟੇਕਣੇ ਪਏ।

ਦਰਅਸਲ ਗਿੱਪੀ ਗਰੇਵਾਲ ਆਪਣੀ ਫਿਲਮ 'ਮੰਜੇ ਬਿਸਤਰੇ' ਦੀ ਆਪਾਰ ਸਫਲਤਾ ਤੋਂ ਬਾਅਦ ਇਸ ਦੇ ਸੀਕਵਲ ਨੂੰ ਪਹਿਲੀ ਫਿਲਮ ਦੇ ਨਾਲ-ਨਾਲ ਪੰਜਾਬੀ ਦੀਆਂ ਹੋਰਾਂ ਫਿਲਮਾਂ ਨਾਲੋਂ ਵੱਖਰਾ ਬਣਾਉਣਾ ਚਾਹੁੰਦੇ ਸਨ। ਇਸ ਫਿਲਮ ਦੀ ਸ਼ੂਟਿੰਗ ਅਤੇ ਕਹਾਣੀ ਲਈ ਕੈਨੇਡਾ ਨੂੰ ਚੁਣਿਆ ਗਿਆ। ਇਸ ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਨੇ ਹੀ ਲਿਖਿਆ ਹੈ। ਉਹ ਆਪਣੀ ਕਹਾਣੀ ਮੁਤਾਬਕ ਕੈਨੇਡਾ 'ਚ ਰਹਿੰਦੇ ਪੰਜਾਬੀਆਂ ਦੀ ਜ਼ਿੰਦਗੀ ਨੂੰ ਪੰਜਾਬ ਵਾਲੀ ਹੀ ਰੰਗਤ ਦੇਣਾ ਚਾਹੁੰਦੇ ਸਨ। ਉਹ ਪੰਜਾਬ ਦੇ ਪਿੰਡਾਂ ਵਾਂਗ ਹੀ ਕੈਨੇਡਾ 'ਚ ਉਸ ਤਰ੍ਹਾਂ ਟਰੈਕਟਰ ਟਰਾਲੀ ਅਤੇ ਹੋਰ ਵਾਹਨ ਸੜਕਾਂ 'ਤੇ ਦੌੜਦੇ ਦਿਖਾਉਣਾ ਚਾਹੁੰਦੇ ਸਨ ਪਰ ਕੈਨੇਡਾ ਦੇ ਕਾਨੂੰਨ ਮੁਤਾਬਕ ਅਜਿਹਾ ਸੰਭਵ ਨਹੀਂ ਹੈ। ਉਥੇ ਟਰੈਟਰ ਟਰਾਲੀ ਦੀ ਵਰਤੋਂ ਸਿਰਫ ਖੇਤਾਂ 'ਚ ਹੀ ਕੀਤੀ ਜਾ ਸਕਦੀ ਹੈ ਸੜਕਾਂ 'ਤੇ ਨਹੀਂ। ਇਹੀ ਨਹੀਂ ਟਰੈਕਟਰ ਟਰਾਲੀ 'ਤੇ ਸਿਰਫ ਦੋ ਬੰਦੇ ਹੀ ਬੈਠ ਸਕਦੇ ਹਨ। ਇਸ ਤੋਂ ਵੱਧ ਗੈਰ ਕਾਨੂੰਨੀ ਹੈ। ਨਿਰਦੇਸ਼ਕ ਬਲਜੀਤ ਸਿੰਘ ਦਿਓ ਕੈਨੇਡਾ ਦੇ ਵਾਸੀ ਹੋਣ ਕਾਰਨ ਉਥੋਂ ਦੇ ਕਾਨੂੰਨ ਤੋਂ ਵਾਕਫ ਹਨ ਪਰ ਦੂਜੇ ਪਾਸੇ ਗਿੱਪੀ ਗਰੇਵਾਲ ਵੀ ਕੈਨੇਡਾ 'ਚ ਲੰਮਾ ਸਮਾਂ ਰਹਿਣ ਦੇ ਬਾਵਜੂਦ ਆਪਣੀ ਜ਼ਿੱਦ 'ਤੇ ਅੜੇ ਹੋਏ ਸਨ। 

ਆਖਰ ਸੁਮੱਚੀ ਟੀਮ ਨੂੰ ਗਿੱਪੀ ਗਰੇਵਾਲ ਦੀ ਜ਼ਿੱਦ ਅੱਗੇ ਗੋਡੇ ਟੇਕਣੇ ਪਏ ਤੇ ਫਿਲਮ ਦੀ ਟੀਮ ਨੂੰ ਕੈਨੇਡਾ ਸਰਕਾਰ ਤੋਂ ਸ਼ੂਟਿੰਗ ਲਈ ਬਹੁਤ ਸਾਰੇ ਕੰਮਾਂ ਦੀ ਇਜ਼ਾਜਤ ਲੈਣੀ ਪਈ ਅਤੇ ਉਨ੍ਹਾਂ ਵੱਲੋਂ ਦੱਸੀ ਗਈ ਥਾਂ 'ਤੇ ਹੀ ਸ਼ੂਟਿੰਗ ਕੀਤੀ ਗਈ। ਇਹ ਫਿਲਮ ਕੈਨੇਡਾ 'ਚ ਵੱਸਦੇ ਪੰਜਾਬੀ ਪਰਿਵਾਰਾਂ ਦੇ ਸੱਭਿਆਚਾਰ ਨੂੰ ਪੇਸ਼ ਕਰੇਗੀ। ਬਹੁਤ ਸਾਰੇ ਰੀਤੀ ਰਿਵਾਜਾਂ ਅਤੇ ਤਿਉਹਾਰਾਂ ਨੂੰ ਉਥੇ ਰਹਿੰਦੇ ਪੰਜਾਬੀ ਪੰਜਾਬ ਨਾਲੋਂ ਵੀ ਵੱਧ ਸ਼ਿੱਦਤ ਨਾਲ ਨਿਭਾਉਂਦੇ ਹਨ। ਫਿਲਮ 'ਚ ਦਿਖਾਇਆ ਗਿਆ ਹੈ ਕਿ ਇਹ ਪੰਜਾਬੀ ਪਰਿਵਾਰ ਆਪਣੇ ਪੋਤੇ ਦਾ ਵਿਆਹ ਕੈਨੇਡਾ 'ਚ ਕਰਦਾ ਹੈ ਪਰ ਪੰਜਾਬੀ ਸੱਭਿਆਚਾਰ ਮੁਤਾਬਕ। ਇਸ ਦੌਰਾਨ ਉਥੇ ਕੀ ਕੀ ਮੁਸ਼ਕਲਾਂ ਆਉਂਦੀਆਂ ਹਨ ਅਤੇ ਕੈਨੇਡਾ 'ਚ ਵਿਆਹ ਨੂੰ ਲੈ ਕੇ ਕੀ ਸੱਭਿਆਚਾਰ ਹੈ ਇਹ ਦੇਖਣਾ ਬੇਹੱਦ ਦਿਲਚਸਪ ਹੈ। ਪਹਿਲੀ ਫਿਲਮ ਵਾਂਗ ਇਸ ਫਿਲਮ 'ਚ ਵੀ ਇਕ ਖੂਬਸੂਰਤ ਲਵ ਸਟੋਰੀ ਹੈ, ਜਿਸ ਦਾ ਝਲਕਾਰਾ ਫਿਲਮ ਦੇ ਟ੍ਰੇਲਰ ਅਤੇ ਗੀਤਾਂ ਤੋਂ ਪੈ ਰਿਹਾ ਹੈ। 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਤੋਂ ਫਿਲਮ ਦੀ ਟੀਮ ਦੇ ਨਾਲ-ਨਾਲ ਸੁਮੱਚੀ ਪੰਜਾਬੀ ਫਿਲਮ ਇੰਡਸਟਰੀ ਨੂੰ ਵੱਡੀਆਂ ਆਸਾਂ ਹਨ। ਸੋਸ਼ਲ ਮੀਡੀਆਂ 'ਤੇ ਇਸ ਫਿਲਮ ਦਾ ਅਸਰ ਸਾਫ ਦੇਖਿਆ ਜਾ ਸਕਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News