B''Day Spl : ਕਈ ਕਲਾਵਾਂ ਦਾ ਸੁਮੇਲ ਹਨ ਆਮਿਰ ਖਾਨ, ਜਾਣੋ ਜ਼ਿੰਦਗੀ ਦੀਆਂ ਦਿਲਚਸਪ ਗੱਲ੍ਹਾਂ

3/14/2020 12:11:29 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਆਮਿਰ ਖਾਨ ਇਕ ਚੰਗੇ ਅਦਾਕਾਰ ਹੋਣ ਦੇ ਨਾਲ-ਨਾਲ ਸੁਲਝੇ ਹੋਏ ਨਿਰਮਾਤਾ, ਨਿਰਦੇਸ਼ਕ, ਸਕ੍ਰਿਪਟ ਲੇਖਕ ਵੀ ਹਨ। ਆਮਿਰ ਖਾਨ ਦਾ ਜਨਮ 14 ਮਾਰਚ 1965 ਨੂੰ ਫਿਲਮ ਨਗਰੀ ਮੁੰਬਈ ਵਿਖੇ ਹੋਇਆ। ਇਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ, ਜਿਸ ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਹੋ ਰਹੀ ਹੈ।
Image result for aamir khan
ਕਲਾਤਮਿਕ ਫਿਲਮਾਂ ਤੋਂ ਕਮਰਸ਼ੀਅਲ ਫਿਲਮਾਂ ਦੇ ਮਾਹੌਲ 'ਚ ਖੁਦ ਨੂੰ ਢਾਲਿਆ
ਫਿਲਮ ਭਾਵੇਂ ਕਲਾਤਮਿਕ ਹੋਵੇ ਜਾਂ ਕਮਰਸ਼ੀਅਲ, ਪ੍ਰੀਖਿਆ ਹਮੇਸ਼ਾ ਕਲਾਕਾਰ ਦੀ ਹੀ ਹੁੰਦੀ ਹੈ। ਕੋਈ ਸਮਾਂ ਸੀ ਜਦੋਂ ਬਾਲੀਵੁੱਡ 'ਚ ਕਲਾਤਮਿਕ ਫਿਲਮਾਂ ਦਾ ਦੌਰ ਸੀ। ਸਮੇਂ ਨਾਲ ਇਹ ਥਾਂ ਵਪਾਰਕ ਫਿਲਮਾਂ ਨੇ ਲੈ ਲਈ ਪਰ ਅਦਾਕਾਰ ਦੇ ਹੁਨਰ ਦੀ ਅਸਲ ਪਛਾਣ ਕਲਾਤਮਿਕ ਫਿਲਮ 'ਚ ਹੀ ਹੁੰਦੀ ਹੈ। ਇਨ੍ਹਾਂ ਫਿਲਮਾਂ ਨੂੰ ਰਾਸ਼ਟਰੀ ਪੱਧਰ ਦੇ ਇਨਾਮ ਵੀ ਮਿਲਦੇ ਹਨ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਕਲਾਤਮਿਕ ਫਿਲਮਾਂ ਦੇ ਕਲਾਕਾਰਾਂ ਨੇ ਹੀ ਖੁਦ ਨੂੰ ਕਮਰਸ਼ੀਅਲ ਫਿਲਮਾਂ ਦੇ ਮਾਹੌਲ 'ਚ ਢਾਲ ਲਿਆ। ਇਨ੍ਹਾਂ ਅਦਾਕਾਰਾਂ 'ਚ ਨਸੀਰੂਦੀਨ ਸ਼ਾਹ, ਓਮ ਪੁਰੀ, ਅਮਰੀਸ਼ ਪੁਰੀ, ਰਾਜ ਬੱਬਰ, ਅਨੂਪਮ ਖੇਰ, ਸਮੀਰ ਪਾਟਿਲ, ਸ਼ਬਾਨਾ ਆਜ਼ਮੀ, ਦੀਪਤੀ ਨਵਲ ਤੋਂ ਇਲਾਵਾ ਆਮਿਰ ਖਾਨ ਦਾ ਨਾਂ ਵੀ ਸ਼ਾਮਲ ਹੈ। ਆਮਿਰ ਖਾਨ ਭਾਵੇਂ ਦੇਰ ਨਾਲ ਫਿਲਮ ਬਣਾਉਂਦੇ ਹਨ ਪਰ ਉਨ੍ਹਾਂ ਦੀ ਹਰ ਫਿਲਮ ਦਾ ਕੋਈ ਨਾ ਕੋਈ ਵੱਡਾ ਮਕਸਦ ਜ਼ਰੂਰ ਹੁੰਦਾ ਹੈ। ਉਹ ਮਨੋਰੰਜਨ ਦੇ ਨਾਲ-ਨਾਲ ਦਰਸ਼ਕਾਂ ਨੂੰ ਉਸਾਰੂ ਸੁਨੇਹਾ ਵੀ ਦਿੰਦੇ ਹਨ। ਜਿੱਦਾਂ ਕਿ ਮਨੋਜ ਕੁਮਾਰ, ਦੇਵ ਆਨੰਦ, ਰਾਜ ਕਪੂਰ, ਮਲਟੀਸਟਾਰਜ਼ ਨੂੰ ਲੈ ਕੇ ਬਹੁਤ ਵੱਡੀਆਂ ਫਿਲਮਾਂ ਬਣਾਉਂਦੇ ਰਹੇ ਹਨ ਉਸੇ ਤਰ੍ਹਾਂ ਆਮਿਰ ਖਾਨ ਨੇ ਕਈ ਸਫਲ ਫਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ।
Image result for aamir khan
ਫਿਲਮੀ ਕਰੀਅਰ ਦੀ ਸ਼ਰੂਆਤ
ਆਮਿਰ ਖਾਨ ਦੇ ਪਿਤਾ ਤੇ ਚਾਚਾ ਨਾਸਿਰ ਹੁਸੈਨ ਫਿਲਮ ਨਿਰਮਾਤਾ ਸਨ। ਉਨ੍ਹਾਂ ਦਾ ਭਰਾ ਫੈਜ਼ਲ ਖਾਨ ਵੀ 1990 ਦੇ ਦਹਾਕੇ 'ਚ ਬਤੌਰ ਹੀਰੋ ਫਿਲਮੀ ਪਰਦੇ 'ਤੇ ਛਾਇਆ ਰਿਹਾ। ਦੋਵਾਂ ਭਰਾਵਾਂ ਨੇ ਫਿਲਮ 'ਮੇਲਾ' 'ਚ ਇਕੱਠਿਆਂ ਅਦਾਕਾਰੀ ਦਿਖਾਈ। ਆਮਿਰ ਦਾ ਪਿਤਾ ਭਾਵੇਂ ਫਿਲਮ ਨਿਰਮਾਤਾ ਸੀ ਪਰ ਪੈਸੇ-ਧੇਲੇ ਦੇ ਮਾਮਲੇ 'ਚ ਪਰਿਵਾਰ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਆਮਿਰ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਦੇ ਚਾਚੇ ਨਾਸਿਰ ਹੁਸੈਨ ਵੱਲੋਂ ਨਿਰਦੇਸ਼ਤ ਫਿਲਮ 'ਯਾਦੋਂ ਕੀ ਬਾਰਾਤ' (1973) ਤੋਂ ਬਤੌਰ ਬਾਲ ਕਲਾਕਾਰ ਹੋਈ। ਫਿਰ ਉਨ੍ਹਾਂ ਨੇ ਆਪਣੇ ਪਿਤਾ ਦੇ ਨਿਰਦੇਸ਼ਨ ਹੇਠ ਫਿਲਮ 'ਮਦਹੋਸ਼' 'ਚ ਬਤੌਰ ਬਾਲ ਕਲਾਕਾਰ ਅਹਿਮ ਭੂਮਿਕਾ ਨਿਭਾਈ।
Image result for aamir khan
ਆਮਿਰ ਨੇ 16 ਸਾਲ ਦੀ ਉਮਰ 'ਚ 40 ਮਿੰਟ ਦੀ ਇਕ ਮੂਕ ਫਿਲਮ 'ਚ ਵੀ ਅਦਾਕਾਰੀ ਦਿਖਾਈ। ਇਹ ਫਿਲਮ ਉਨ੍ਹਾਂ ਦੇ ਦੋਸਤ ਆਦੀ ਭੱਟਚਾਰੀਆਂ ਨੇ ਬਣਾਈ ਸੀ। ਇਹ ਫਿਲਮ ਡਾ. ਸ੍ਰੀਰਾਮ ਲਾਗੂ ਨੇ ਪ੍ਰੋਡਿਊਸ ਕੀਤੀ ਸੀ। ਆਮਿਰ ਨੀਨਾ ਗੁਪਤਾ ਦੇ ਸਹਿਯੋਗੀ ਨਿਰਦੇਸ਼ਕ ਵੀ ਰਹੇ। ਬਤੌਰ ਹੀਰੋ ਆਮਿਰ ਦੀ ਪਹਿਲੀ ਫਿਲਮ 'ਹੋਲੀ' 1984 'ਚ ਰਿਲੀਜ਼ ਹੋਈ। ਫਿਰ ਉਨ੍ਹਾਂ ਨੇ ਫਿਲਮ 'ਕਿਆਮਤ ਸੇ ਕਿਆਮਤ ਤਕ' (1988) 'ਚ ਅਦਾਕਾਰੀ ਦਿਖਾਈ। ਇਹ ਫਿਲਮ ਉਨ੍ਹਾਂ ਦੇ ਕਰੀਅਰ ਦੀ ਪਹਿਲੀ ਸਫਲ ਫਿਲਮ ਸੀ।
Image result for aamir khan
ਇਹ ਹਨ ਚਰਚਿਤ ਫਿਲਮਾਂ
ਫਿਲਮ 'ਰਾਜਾ ਹਿੰਦੁਸਤਾਨੀ' ਲਈ ਪਹਿਲੀ ਵਾਰ ਆਮਿਰ ਨੂੰ 'ਬੈਸਟ ਐਕਟਰ' ਦਾ ਐਵਾਰਡ ਮਿਲਿਆ। ਦੂਜੀ ਵਾਰ ਉਨ੍ਹਾਂ ਨੂੰ ਫਿਲਮ 'ਲਗਾਨ' ਲਈ ਮੁੜ ਇਹ ਐਵਾਰਡ ਮਿਲਿਆ। ਆਮਿਰ ਚਰਚਿਤ ਫਿਲਮਾਂ 'ਚ 'ਸਰਫਰੋਸ਼', '3 ਇਡੀਅਟਸ', 'ਲਗਾਨ', 'ਰੰਗ'ਦੇ ਬਸੰਤੀ', 'ਇਸ਼ਕ', 'ਧੂਮ 3', 'ਦੰਗਲ', 'ਮੰਗਲ ਪਾਂਡੇ', 'ਦਿਲ ਚਾਹਤਾ ਹੈ', 'ਤਲਾਸ਼', 'ਗ਼ਜ਼ਨੀ', 'ਪੀਕੇ', 'ਅੰਦਾਜ਼ ਅਪਨਾ ਅਪਨਾ', 'ਰੰਗੀਲਾ', 'ਗ਼ੁਲਾਮ', 'ਹਮ ਹੈਂ ਰਾਹੀ ਪਿਆਰ ਕੇ' ਆਦਿ ਸ਼ਾਮਲ ਹਨ। ਆਮਿਰ ਦੀ ਆਖਰੀ ਰਿਲੀਜ਼ ਹੋਈ ਫਿਲਮ 'ਠੱਗਜ਼ ਆਫ ਹਿੰਦੁਸਤਾਨ' ਸੀ, ਜੋ ਬੁਰੀ ਤਰ੍ਹਾਂ ਫਲਾਪ ਰਹੀ। ਇਸ ਸਮੇਂ ਆਮਿਰ ਖਾਨ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।
Image result for aamir khan
ਵਿਆਹੁਤਾ ਜ਼ਿੰਦਗੀ
ਸਾਲ 1986 'ਚ ਆਮਿਰ ਖਾਨ ਦਾ ਵਿਆਹ ਰੀਨਾ ਦੱਤਾ ਨਾਲ ਹੋਇਆ, ਜਿਸ ਨੇ ਫਿਲਮ 'ਕਿਆਮਤ ਸੇ ਕਿਆਮਤ ਤਕ' 'ਚ ਛੋਟਾ ਜਿਹਾ ਰੋਲ ਨਿਭਾਇਆ ਸੀ। ਇਨ੍ਹਾਂ ਦੇ ਦੋ ਬੱਚੇ ਬੇਟਾ ਜ਼ੁਨੈਦ ਤੇ ਬੇਟੀ ਈਸ਼ਾ ਹਨ। ਆਮਿਰ ਦੇ ਫਿਲਮੀ ਕਰੀਅਰ 'ਚ ਉਨ੍ਹਾਂ ਦੀ ਪਤਨੀ ਰੀਨਾ ਦਾ ਅਹਿਮ ਸਹਿਯੋਗ ਰਿਹਾ ਪਰ ਦਸੰਬਰ 2002 'ਚ ਦੋਵਾਂ ਦਾ ਤਲਾਕ ਹੋ ਗਿਆ। ਆਮਿਰ ਦਾ ਦੂਜਾ ਵਿਆਹ 28 ਦਸੰਬਰ 2005 'ਚ ਕਿਰਨ ਰਾਓ ਨਾਲ ਹੋਇਆ। ਇਨ੍ਹਾਂ ਦੀ ਮੁਲਾਕਾਤ ਫਿਲਮ 'ਲਗਾਨ' ਦੇ ਨਿਰਮਾਣ ਸਮੇਂ ਹੋਈ ਸੀ। ਸਾਲ 2011 'ਚ ਇਨ੍ਹਾਂ ਦੇ ਘਰ ਇਕ ਬੇਟੇ ਆਜ਼ਾਦ ਖਾਨ ਰਾਏ ਨੇ ਜਨਮ ਲਿਆ। ਇਸ ਸਮੇਂ ਕਿਰਨ ਰਾਓ ਆਮਿਰ ਦੇ ਪ੍ਰੋਡਕਸ਼ਨ ਹਾਊਸ ਨੂੰ ਚਲਾਉਣ 'ਚ ਸਾਥ ਦੇ ਰਹੀ ਹੈ। ਕਿਰਨ ਰਾਓ ਵੀ ਫਿਲਮੀ ਪਰਦੇ ਦਾ ਕਾਫੀ ਗਿਆਨ ਰੱਖਦੀ ਹੈ।
Image result for aamir khan
ਮਿਲ ਚੁੱਕੇ ਹਨ ਇਹ ਖਾਸ ਐਵਾਰਡਜ਼
ਆਮਿਰ ਇਕ ਚੰਗੇ ਅਦਾਕਾਰ ਹੋਣ ਦੇ ਨਾਲ-ਨਾਲ ਸੁਲਝੇ ਹੋਏ ਨਿਰਮਾਤਾ, ਨਿਰਦੇਸ਼ਕ ਤੇ ਸਕ੍ਰਿਪਟ ਲੇਖਕ ਵੀ ਹਨ। ਉਨ੍ਹਾਂ ਦੀ ਆਵਾਜ਼ ਵੀ ਕਾਫੀ ਚੰਗੀ ਹੈ ਤੇ ਇਸ ਸਮੇਂ ਉਹ ਇਕ ਫਿਲਮ ਪ੍ਰੋਡਕਸ਼ਨ ਕੰਪਨੀ ਵੀ ਚਲਾ ਰਹੇ ਹਨ। ਹੁਣ ਤਕ ਆਮਿਰ ਨੂੰ 4 ਰਾਸ਼ਟਰੀ ਤੇ 7 ਫਿਲਮਫੇਅਰ ਐਵਾਰਡ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਫਿਲਮੀ ਖੇਤਰ 'ਚ ਪਾਏ ਅਹਿਮ ਯੋਗਦਾਨ ਲਈ ਆਮਿਰ ਨੂੰ ਭਾਰਤ ਸਰਕਾਰ ਵੱਲੋਂ 'ਪਦਮਸ਼੍ਰੀ' (2003) ਤੇ 'ਪਦਮ ਭੂਸ਼ਨ' (2010) ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸ ਨੇ ਕੈਨੇਡੀਅਨ ਭਾਰਤੀ ਫਿਲਮ 'ਅਰਥ' (1998) 'ਚ ਵੀ ਅਹਿਮ ਕਿਰਦਾਰ ਨਿਭਾਇਆ। ਆਮਿਰ ਦੀ ਪ੍ਰੋਡਕਸ਼ਨ ਕੰਪਨੀ ਵੱਲੋਂ ਬਣਾਈ ਗਈ ਪਹਿਲੀ ਫਿਲਮ 'ਲਗਾਨ' (2001) ਸੀ। ਇਸ ਤੋਂ ਚਾਰ ਸਾਲ ਬਾਅਦ 2005 'ਚ ਆਮਿਰ ਨੇ ਫਿਲਮ 'ਮੰਗਲ ਪਾਂਡੇ' ਨਾਲ ਪਰਦੇ 'ਤੇ ਮੁੜ ਧਮਾਕੇਦਾਰ ਵਾਪਸੀ ਕੀਤੀ। ਇਸ ਸਾਲ ਰਿਲੀਜ਼ ਹੋਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਤੋਂ ਆਮਿਰ ਨੂੰ ਵੱਡੀਆਂ ਉਮੀਦਾਂ ਹਨ।
Image result for aamir khanਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News