Death Anniversary: ਕੜਕ ਆਵਾਜ਼ ਨਾਲ 'ਮੋਗੈਂਬੋ' ਨੇ ਦਰਸ਼ਕਾਂ ਦੇ ਦਿਲਾਂ 'ਤੇ ਕੀਤਾ ਸੀ ਰਾਜ

1/12/2020 12:22:04 PM

ਮੁੰਬਈ (ਬਿਊਰੋ)— ਅਮਰੀਸ਼ ਪੁਰੀ ਬਾਲੀਵੁੱਡ ਦੀ ਦੁਨੀਆ ਦਾ ਇਕ ਅਜਿਹਾ ਨਾਂ ਹੈ, ਜੋ ਮੁੰਬਈ ਹੀਰੋ ਬਣਨ ਆਏ ਸਨ ਪਰ ਦੁਨੀਆ ਉਨ੍ਹਾਂ ਨੂੰ ਵਿਲੇਨ ਦੇ ਰੂਪ 'ਚ ਪਛਾਣਨ ਲੱਗੀ। ਅਮਰੀਸ਼ ਪੁਰੀ ਨੇ 12 ਜਨਵਰੀ 2005 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਅੱਜ ਉਨ੍ਹਾਂ ਦੀ ਬਰਸੀ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਕਿਰਦਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਲੋਕ ਅੱਜ ਤੱਕ ਭੁੱਲ ਨਾ ਸਕੇ ਹਨ। 'ਮੋਗੈਂਬੋ' ਦੇ ਨਾਂ ਨਾਲ ਪਛਾਣ ਬਣਾਉਣ ਵਾਲੇ ਅਮਰੀਸ਼ ਪੁਰੀ ਬਾਲੀਵੁੱਡ ਦੇ ਇਕ ਅਜਿਹੇ ਵਿਲੇਨ ਸਨ, ਜਿਨ੍ਹਾਂ ਨੂੰ ਅੱਜ ਤੱਕ ਕੋਈ ਟੱਕਰ ਨਾ ਦੇ ਸਕਿਆ। ਅਮਰੀਸ਼ ਪੁਰੀ ਨੇ ਲਗਭਗ 400 ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਚ ਉਹ ਮਜਬੂਰ ਪਿਤਾ ਤੋਂ ਲੈ ਕੇ ਖੂੰਖਾਰ ਵਿਲੇਨ ਤੱਕ ਬਣੇ। ਅਮਰੀਸ਼ ਪੁਰੀ ਨੇ ਕਈ ਕਿਰਦਾਰ ਕੀਤੇ ਪਰ ਉਨ੍ਹਾਂ ਦੇ ਕੁਝ ਕਿਰਦਾਰ ਅਜਿਹੇ ਸਨ, ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।

‘ਮਿਸਟਰ ਇੰਡੀਆ’

ਸਾਲ 1987 'ਚ ਰਿਲੀਜ਼ ਹੋਈ ਫਿਲਮ 'ਮਿਸਟਰ ਇੰਡੀਆ' 'ਚ ਅਮਰੀਸ਼ ਪੁਰੀ ਨੇ ਇਕ ਵਿਲੇਨ ਦਾ ਕਿਰਦਾਰ ਨਿਭਾਇਆ ਸੀ, ਜਿਸ 'ਚ ਉਨ੍ਹਾਂ ਦਾ ਨਾਂ 'ਮੋਗੈਂਬੋ' ਸੀ। ਅਮਰੀਸ਼ ਦਾ ਇਹ ਕਿਰਦਾਰ ਅੱਜ ਵੀ ਲੋਕਾਂ ਦੇ ਦਿਲ-ਦਿਮਾਗ 'ਚ ਹੈ। ਇਸ ਫਿਲਮ 'ਚ ਉਨ੍ਹਾਂ ਦਾ ਇਕ ਡਾਇਲਾਗ ਸੀ 'ਮੋਗੈਂਬੋ ਖੁਸ਼ ਹੂਆ'। ਇਹ ਡਾਇਲਾਗ ਇੰਨਾ ਫੇਮਸ ਹੈ ਕਿ ਲੋਕ ਅੱਜ ਵੀ ਇਸ ਨੂੰ ਦੋਹਰਾਉਂਦੇ ਹਨ।

ਨਗੀਨਾ

'ਨਗੀਨਾ' 'ਚ ਅਮਰੀਸ਼ ਪੁਰੀ ਨੇ ਇਕ ਸਪੇਰੇ ਤਾਂਤਰਿਕ ਦਾ ਕਿਰਦਾਰ ਨਿਭਾਇਆ ਸੀ। ਅਮਰੀਸ਼ ਇਸ ਫਿਲਮ 'ਚ ਵੀ ਵਿਲੇਨ ਬਣੇ ਸਨ। ਸਾਲ 1986 'ਚ ਰਿਲੀਜ਼ ਹੋਈ ਇਸ ਫਿਲਮ 'ਚ ਸ਼੍ਰੀਦੇਵੀ ਤੇ ਰਿਸ਼ੀ ਕਪੂਰ ਲੀਡ ਕਿਰਦਾਰ 'ਚ ਸਨ। ਇਸ ਫਿਲਮ 'ਚ ਅਮਰੀਸ਼ ਪੁਰੀ ਦਾ ਇਕ ਡਾਇਲਾਗ ਸੀ 'ਅਲਕ ਨਿਰੰਜਨ ਬੋਲਤ', ਇਹ ਡਾਇਲਾਗ ਕਾਫੀ ਫੇਮਸ ਹੋਇਆ ਸੀ।

ਕਰਨ ਅਰਜੁਨ

ਸ਼ਾਹਰੁਖ ਖਾਨ ਤੇ ਸਲਮਾਨ ਖਾਨ ਦੀ ਫਿਲਮ 'ਕਰਨ-ਅਰਜੁਨ' 'ਚ ਅਮਰੀਸ਼ ਪੁਰੀ ਨੇ ਜਿਸ ਤਰ੍ਹਾਂ ਇਕ ਵਿਲੇਨ ਦਾ ਕਿਰਦਾਰ ਨਿਭਾਇਆ ਸੀ, ਉਹ ਸ਼ਾਹਰੁਖ ਤੇ ਸਲਮਾਨ 'ਤੇ ਵੀ ਭਾਰੀ ਪਏ ਸਨ। ਇਸ ਫਿਲਮ 'ਚ ਉਹ ਠਾਕੁਰ ਦੁਰਜਨ ਸਿੰਘ ਬਣੇ ਸਨ, ਜੋ ਪੈਸਿਆਂ ਲਈ ਆਪਣੇ ਭਰਾ ਦਾ ਹੀ ਖੂਨ ਕਰ ਦਿੰਦਾ ਹੈ। ਅਮਰੀਸ਼ ਦਾ ਇਹ ਕਿਰਦਾਰ ਵੀ ਕਾਫੀ ਦਮਦਾਰ ਸੀ।

ਲੋਹਾ

ਜਦੋਂ ਵੀ ਅਮਰੀਸ਼ ਪੁਰੀ ਦੇ ਨੈਗੇਟਿਵ ਕਿਰਦਾਰ ਨੂੰ ਯਾਦ ਕੀਤਾ ਜਾਵੇਗਾ ਤਾਂ ਉਨ੍ਹਾਂ ਦੀ ਫਿਲਮ 'ਲੋਹਾ' ਨੂੰ ਵੀ ਜ਼ਰੂਰ ਯਾਦ ਕੀਤਾ ਜਾਵੇਗਾ। ਸਾਲ 1987 'ਚ ਆਈ ਫਿਲਮ 'ਲੋਹਾ' ਦਾ ਕਿਰਦਾਰ ਅਮਰੀਸ਼ ਪੁਰੀ ਦੇ ਫਿਲਮੀ ਕਰੀਅਰ ਦਾ ਸਭ ਤੋਂ ਖਤਰਨਾਕ ਕਿਰਦਾਰ ਮੰਨਿਆ ਜਾਂਦਾ ਹੈ। ਇਸ 'ਚ ਅਮਰੀਸ਼ ਪੁਰੀ ਦੀ ਨਾ ਸਿਰਫ ਐਕਟਿੰਗ ਸਗੋਂ ਉਨ੍ਹਾਂ ਦੇ ਲੁੱਕ ਨੇ ਵੀ ਲੋਕਾਂ ਨੂੰ ਡਰਾ ਦਿੱਤਾ ਸੀ।

ਕੋਇਲਾ

ਰਾਕੇਸ਼ ਰੋਸ਼ਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਕੋਇਲਾ' 7 ਅਪ੍ਰੈਲ 1997 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਮਰੀਸ਼ ਪੁਰੀ ਨੇ ਜੋ ਨੈਗੇਟਿਵ ਕਿਰਦਾਰ ਨਿਭਾਇਆ ਸੀ, ਉਹ ਸਾਲਾਂ ਤੱਕ ਲੋਕਾਂ ਨੂੰ ਯਾਦ ਰਿਹਾ ਸੀ। ਫਿਲਮ 'ਚ ਅਮਰੀਸ਼ ਪੁਰੀ ਨੇ ਰਾਜਾ ਸਾਹਿਬ ਦਾ ਕਿਰਦਾਰ ਨਿਭਾਇਆ ਸੀ।

ਨਾਇਕ

7 ਸਤੰਬਰ 2001 ਨੂੰ ਰਿਲੀਜ਼ ਹੋਈ ਅਨਿਲ ਕਪੂਰ ਦੀ ਫਿਲਮ 'ਨਾਇਕ' ਨੂੰ ਕੌਣ ਭੁੱਲ ਸਕਦਾ ਹੈ। ਇਸ ਫਿਲਮ 'ਚ ਅਮਰੀਸ਼ ਪੁਰੀ ਨੇ ਮੁੱਖ ਮੰਤਰੀ ਦਾ ਕਿਰਦਾਰ ਨਿਭਾਇਆ ਸੀ, ਜੋ ਆਪਣੀ ਕੁਰਸੀ ਬਚਾਉਣ ਲਈ ਸ਼ਹਿਰ 'ਚ ਦੰਗਾ ਵਧਣ ਦਿੰਦਾ ਹੈ। ਅਮਰੀਸ਼ ਦਾ ਇਹ ਕਿਰਦਾਰ ਵੀ ਕਾਫੀ ਮਸ਼ਹੂਰ ਹੋਇਆ ਸੀ।

ਗਦਰ

ਅਮੀਸ਼ਾ ਪਟੇਲ ਤੇ ਸੰਨੀ ਦਿਓਲ ਦੀ ਫਿਲਮ 'ਗਦਰ ਏਕ ਪ੍ਰੇਮ ਕਥਾ' 'ਚ ਅਮਰੀਸ਼ ਪੁਰੀ ਨੇ ਖੂਸਟ ਬਾਪ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ 'ਚ ਅਮਰੀਸ਼ ਪੁਰੀ ਇਕ ਕੱਟੜ ਪਾਕਿਸਤਾਨੀ ਨੇਤਾ ਦੇ ਕਿਰਦਾਰ 'ਚ ਨਜ਼ਰ ਆਏ ਸਨ, ਜੋ ਹਿੰਦੂਸਤਾਨ ਦੀ ਧਰਤੀ 'ਤੇ ਪੈਰ ਰੱਖਣ ਲਈ ਰਾਜ਼ੀ ਨਹੀਂ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News