ਅਯੁੱਧਿਆ ਫੈਸਲੇ ''ਤੇ ਬਾਲੀਵੁੱਡ ਦੀ ਅਪੀਲ, ਹਿੰਦੂ-ਮੁਸਲਿਮ ਨਹੀਂ ਸਗੋਂ ਹਿੰਦੁਸਤਾਨੀ ਬਣ ਕੇ ਸੋਚੋ

11/9/2019 2:49:34 PM

ਨਵੀਂ ਦਿੱਲੀ (ਬਿਊਰੋ) — ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ 'ਚ ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾ ਦਿੱਤਾ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ 'ਚ 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਫੈਸਲਾ ਸੁਣਾਇਆ ਕਿ ਵਿਵਾਦਿਤ ਜ਼ਮੀਨ ਰਾਮਜਨਮ ਭੂਮੀ ਟਰੱਸਟ ਨੂੰ ਦਿੱਤੀ ਜਾਵੇਗੀ, ਇਸ ਲਈ ਸਰਕਾਰ ਨੂੰ 3 ਮਹੀਨੇ ਦੇ ਅੰਦਰ ਟਰੱਸਟ ਬਣਾ ਕੇ ਮੰਦਰ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਮੰਦਰ ਬਣਾਉਣ ਦਾ ਰਾਹ ਸਾਫ ਹੋ ਗਿਆ ਹੈ। ਸੁਪਰੀਮ ਕੋਰਟ ਕਿਹਾ ਕਿ ਸੁੰਨੀ ਵਕਫ ਬੋਰਡ ਨੂੰ ਮਸਜਿਦ ਬਣਾਉਣ ਲਈ ਅਯੁੱਧਿਆ 'ਚ ਹੀ ਦੂਜੀ ਥਾਂ 'ਤੇ 5 ਏਕੜ ਜ਼ਮੀਨ ਦਿੱਤੀ ਜਾਵੇ। ਸੁਪਰੀਮ ਕੋਰਟ ਨੇ ਨਿਰਮੋਹੀ ਅਖਾੜੇ ਅਤੇ ਸ਼ੀਆ ਵਕਫ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ, ਜਦਕਿ ਰਾਮਜਨਮ ਭੂਮੀ ਟਰੱਸਟ ਦੇ ਦਾਅਵੇ ਨੂੰ ਬਰਕਰਾਰ ਰੱਖਿਆ।


ਦੱਸ ਦਈਏ ਕਿ ਅਯੁੱਧਿਆ ਵਿਵਾਦ 'ਤੇ ਫੈਸਲਾ ਆਉਣ ਤੋਂ ਕੁਝ ਮਿੰਟ ਪਹਿਲਾਂ ਅਦਾਕਾਰਾ ਸਵਰਾ ਭਾਸਕਰ ਨੇ ਟਵੀਟ ਕਰਕੇ ਲੋਕਾਂ ਨੂੰ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਸੀ। ਸਵਰਾ ਭਾਸਕਰ ਨੇ ਆਪਣੀਆਂ ਭਾਵਨਾਵਾਂ ਵਿਅਕਤ ਕਰਨ ਲਈ ਭਜਨ ਦੀਆਂ ਦੋ ਲਾਈਨਾਂ ਵੀ ਲਿਖੀਆਂ।


ਉਥੇ ਹੀ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਨੁਪਮ ਖੇਰ ਨੇ ਅਯੁੱਧਿਆ 'ਤੇ ਫੈਸਲਾ ਆਉਣ ਤੋਂ ਬਾਅਦ ਟਵੀਟ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਅਨੁਪਮ ਖੇਰ ਨੇ ਲਿਖਿਆ, ''ਅੱਲਾ ਤੇਰੋ ਨਾਮ, ਈਸ਼ਵਰ ਤੇਰੋ ਨਾਮ। ਸਾਰਿਆਂ ਨੂੰ ਸਹਿਮਤੀ ਦੇਵੇ ਭਗਵਾਨ।'' ਅਨੁਪਮ ਖੇਰ ਦੇ ਟਵੀਟ ਦਾ ਵੀ ਲੋਕਾਂ ਨੇ ਵਿਰੋਧ ਕੀਤਾ ਹੈ ਅਤੇ ਉਨ੍ਹਾਂ 'ਤੇ ਦੋਸ਼ ਲਾਇਆ ਹੈ ਕਿ ਉਹ ਸਰਕਾਰ ਖਿਲਾਫ ਕਦੇ ਨਹੀਂ ਬੋਲਦੇ।

ਪੀ. ਐੱਮ. ਮੋਦੀ ਨੇ ਕੀਤੀ ਸ਼ਾਂਤੀ ਦੀ ਅਪੀਲ
ਅਨੁਪਮ ਖੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਟਵੀਟ ਨੂੰ ਵੀ ਰੀਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਸੀ। ਪੀ. ਐੱਮ. ਮੋਦੀ ਨੇ ਆਪਣੇ ਟਵਿਟਰ 'ਤੇ ਲਿਖਿਆ, ''ਅਯੁੱਧਿਆ 'ਤੇ ਸੁਪਰੀਮ ਕੋਰਟ ਦਾ ਜਿਹੜਾ ਵੀ ਫੈਸਲਾ ਆਵੇਗਾ, ਉਹ ਕਿਸੇ ਦੀ ਹਾਰ-ਜਿੱਤ ਨਹੀਂ ਹੋਵੇਗੀ। ਦੇਸ਼ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਸਾਡੇ ਸਾਰਿਆਂ ਦੀ ਤਰਜੀਹ ਹੋਣੀ ਚਾਹੀਦੀ ਹੈ ਕਿ ਇਸ ਫੈਸਲੇ ਨਾਲ ਭਾਰਤ ਦੀ ਸ਼ਾਂਤੀ, ਏਕਤਾ ਤੇ ਸਦਭਾਵਨਾ ਦੀ ਮਹਾਨ ਪਰੰਪਰਾ ਨੂੰ ਹੋਰ ਮਜ਼ਬੂਤ ਬਣਾਏ।''

 

ਦੱਸਣਯੋਗ ਹੈ ਕਿ ਅਯੁੱਧਿਆ ਮਾਮਲਾ 2.77 ਏਕੜ ਦੀ ਵਿਵਾਦਿਤ ਜ਼ਮੀਨ ਨਾਲ ਜੁੜਿਆ ਸੀ। ਇਹ ਸਾਰੀ ਜ਼ਮੀਨ ਰਾਮਜਨਮ ਭੂਮੀ ਟਰੱਸਟ ਨੂੰ ਦਿੱਤੀ ਜਾਵੇ, ਹਾਲਾਂਕਿ ਇਸ ਦਾ ਕਬਜ਼ਾ ਕੇਂਦਰ ਸਰਕਾਰ ਦੇ ਰਿਸੀਵਰ ਕੋਲ ਹੀ ਰਹੇਗਾ। ਸੰਵਿਧਾਨਕ ਬੈਂਚ ਨੇ 2.77 ਏਕੜ ਵਿਵਾਦਿਤ ਜ਼ਮੀਨ 3 ਪੱਖਕਾਰਾਂ— ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮਲਲਾ ਵਿਰਾਜਮਾਨ ਵਿਚਾਲੇ ਬਰਾਰਬਰ-ਬਰਾਬਰ ਵੰਡਣ ਦੇ ਇਲਾਹਾਬਾਦ ਹਾਈ ਕੋਰਟ ਦੇ ਸਤੰਬਰ, 2010 ਦੇ ਫੈਸਲੇ ਵਿਰੁੱਧ ਦਾਇਰ 14 ਅਪੀਲਾਂ 'ਤੇ 16 ਅਕਤੂਬਰ ਨੂੰ ਸੁਣਵਾਈ ਪੂਰੀ ਕੀਤੀ ਸੀ। ਸੰਵਿਧਾਨਕ ਬੈਂਚ 'ਚ ਰੰਜਨ ਗੋਗੋਈ ਸਮੇਤ ਜੱਜ ਐੱਸ. ਏ. ਬੋਬੜੇ, ਜੱਜ ਧੰਨਜੈ ਵਾਈ ਚੰਦਰਚੂੜ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਐੱਸ. ਅਬਦੁੱਲ ਨਜ਼ੀਰ ਸ਼ਾਮਲ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News