ਫਿਲਮ ਉਦਯੋਗ ''ਚ ਛਾਈ ਸੋਗ ਦੀ ਲਹਿਰ, ਪ੍ਰਸਿੱਧ ਗੀਤਕਾਰ ਅਨਵਰ ਸਾਗਰ ਦਾ ਹੋਇਆ ਦਿਹਾਂਤ
6/4/2020 10:10:13 AM

ਮੁੰਬਈ (ਬਿਊਰੋ) : ਬਾਲੀਵੁੱਡ ਨੂੰ ਕਈ ਹਿੱਟ ਗੀਤ ਦੇਣ ਵਾਲੇ ਦਿੱਗਜ ਗੀਤਕਾਰ ਅਨਵਰ ਸਾਗਰ ਦਾ ਦਿਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਜਾਣਕਾਰੀ ਮੁਤਾਬਕ ਬੁੱਧਵਾਰ ਦੁਪਹਿਰ ਕੋਕਿਲਾਬੇਨ ਧੀਰੂਬਾਈ ਅੰਬਾਨੀ ਹਸਪਤਾਲ ਲੈ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਚੁੱਕਾ ਸੀ। ਅਨਵਰ ਸਾਗਰ ਨੂੰ ਅਕਸ਼ੈ ਕੁਮਾਰ ਦੀ ਫਿਲਮ 'ਖਿਲਾੜੀ' ਦੇ ਮਸ਼ਹੂਰ ਗੀਤ 'ਵਾਅਦਾ ਰਹਾ ਸਨਮ' ਲਈ ਖਾਸ ਤੌਰ 'ਤੇ ਯਾਦ ਕੀਤਾ ਜਾਂਦਾ ਹੈ। ਗਾਇਕ ਤੇ ਇੰਡੀਅਨ ਪਰਫੌਰਮਿੰਗ ਰਾਈਟ ਸੁਸਾਈਟ (ਆਈ. ਪੀ. ਆਰ. ਐੱਸ) ਦੇ ਬੋਰਡ ਮੈਂਬਰ ਸਈਅਦ ਅਹਿਮਦ ਨੇ ਜਾਣਕਾਰੀ ਦਿੱਤੀ ਕਿ ਅਨਵਰ ਸਾਗਰ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ। ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋਈ ਹੈ।
ਅਨਵਰ ਸਾਗਰ ਨੇ 80 ਤੇ 90 ਦੇ ਦਹਾਕੇ ਦੀਆਂ ਕਈ ਫਿਲਮਾਂ ਦੇ ਗੀਤ ਲਿਖੇ, ਜਿਨ੍ਹਾਂ ਵਿਚੋਂ ਡੇਵਿਡ ਧਵਨ ਦੀ 'ਯਾਰਾਨਾ', ਜੈਕੀ ਸ਼ਰਾਫ ਦੀ 'ਸਪਨੇ ਸਾਜਨ ਕੇ', 'ਖਿਲਾੜੀ', 'ਮੈ ਖਿਲਾੜੀ ਤੂੰ ਅਨਾੜੀ', ਅਜੈ ਦੇਵਗਨ ਦੀ 'ਵਿਜੈਪਥ' ਆਦਿ ਸ਼ਾਮਲ ਹਨ। ਉਨ੍ਹਾਂ ਨਦੀਮ-ਸ਼੍ਰਵਣ, ਰਾਜੇਸ਼ ਰੋਸ਼ਨ, ਜਤਿਨ-ਲਲਿਤ ਤੇ ਅਨੂ ਮਲਿਕ ਵਰਗੇ ਮਿਊਜ਼ਿਕ ਡਾਇਰੈਕਟਰਾਂ ਨਾਲ ਕੰਮ ਕੀਤਾ। ਆਖਰੀ ਵਾਰ ਉਨ੍ਹਾਂ 2003 'ਚ ਰਿਲੀਜ਼ ਹੋਈ ਫਿਲਮ 'ਬਸਤੀ' ਲਈ ਗਾਣੇ ਲਿਖੇ ਸਨ।
ਅਨਵਰ ਸਾਗਰ ਨੇ ਇਨ੍ਹਾਂ ਫਿਲਮਾਂ ਲਈ ਵੀ ਗੀਤ ਲਿਖੇ:-
2003 'ਚ 'ਬਸਤੀ'
2002 'ਚ 'ਕਿਤਨੇ ਦੂਰ...ਕਿਤਨੇ ਪਾਸ'
2002 'ਚ 'ਕੈਦੀ'
2001 'ਚ 'ਮੇਰੀ ਅਦਾਲਤ'
2001 'ਚ 'ਯੇ ਜ਼ਿੰਦਗੀ ਕਾ ਸਫ਼ਰ'
2001 'ਚ 'ਮੌਤ ਕੀ ਹਵੇਲੀ'
2001 'ਚ 'ਅਹਿਸਾਸ'
2000 'ਚ 'ਜਵਾਲਾਮੁਖੀ'
2000 'ਚ 'ਆਜ ਕਾ ਨੰਨ੍ਹਾ ਫਰਿਸ਼ਤਾ'
2000 'ਚ 'ਉਫ ਯੇ ਨਸ਼ਾ'
ਚਲਾ ਗਿਆ ਇਕ ਹੋਰ ਦਿੱਗਜ
ਅਨਵਰ ਸਾਗਰ ਦੇ ਰੂਪ 'ਚ ਹਿੰਦੀ ਫਿਲਮ ਉਦਯੋਗ ਨੇ ਇਕ ਹੋਰ ਦਿਗੱਜ ਗੁਆ ਦਿੱਤਾ। ਸੰਗੀਤਕਾਰ ਵਾਜਿਦ ਖਾਨ ਦੀ ਤਾਂ ਦੋ ਦਿਨ ਪਹਿਲਾਂ ਹੀ ਮੌਤ ਹੋਈ ਹੈ। ਉਨ੍ਹਾਂ ਤੋਂ ਪਹਿਲਾਂ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਤੇ ਇਰਫਾਨ ਖਾਨ ਦੇ ਦਿਹਾਂਤ ਨੇ ਵੀ ਫਿਲਮ ਉਦਯੋਗ ਨੂੰ ਤਕੜਾ ਝਟਕਾ ਦਿੱਤਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ